ਸਾਲੇ ਨੇ ਜੀਜੇ ਦੇ ਪੇਟ 'ਚ ਚਾਕੂ ਮਾਰ ਕੇ ਕੀਤਾ ਕਤਲ
ਮ੍ਰਿਤਕ ਆਪਣੇ ਪਿੱਛੇ ਛੱਡ ਗਿਆ 4 ਮਾਸੂਮ ਬੱਚੇ
ਬਲਜੀਤ ਸਿੰਘ
ਤਰਨਤਾਰਨ, 3 ਮਈ 2026: ਤਰਨਤਾਰਨ ਦੇ ਮੁਹੱਲਾ ਮੁਰਾਦਪੁਰਾ ਵਿੱਚ ਰਿਸ਼ਤਿਆਂ ਨੂੰ ਕਲੰਕਿਤ ਕਰ ਦੇਣ ਵਾਲੀ ਘਟਨਾ ਵਾਪਰੀ ਹੈ, ਜਿੱਥੇ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਇੱਕ ਨੌਜਵਾਨ ਨੇ ਆਪਣੇ ਹੀ ਜੀਜੇ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਮੁਕੱਦਰ ਪੁੱਤਰ ਮੁਬਾਰਕ ਵਜੋਂ ਹੋਈ ਹੈ, ਜੋ ਘਰਾਂ ਵਿੱਚ ਗਾਜਾ ਪਾਣੀ ਮੰਗਣ ਦਾ ਕੰਮ ਕਰਦਾ ਸੀ।
ਜਾਣਕਾਰੀ ਅਨੁਸਾਰ ਬੀਤੀ ਰਾਤ ਮੁਕੱਦਰ ਦੇ ਸਾਲੇ ਰੁਸ਼ਮਤ ਅਤੇ ਉਸ ਦੀ ਪਤਨੀ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਰਿਹਾ ਸੀ। ਜਦੋਂ ਮੁਕੱਦਰ ਨੇ ਵਿਚ-ਬਚਾਅ ਕਰਦਿਆਂ ਝਗੜਾ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਨਸ਼ੇ ਵਿੱਚ ਅੰਨ੍ਹੇ ਹੋਏ ਰੁਸ਼ਮਤ ਨੇ ਗੁੱਸੇ ਵਿੱਚ ਆ ਕੇ ਆਪਣੇ ਜੀਜੇ ਦੇ ਪੇਟ ਵਿੱਚ ਚਾਕੂ ਨਾਲ ਕਈ ਵਾਰ ਕਰ ਦਿੱਤੇ। ਜ਼ਖ਼ਮੀ ਹਾਲਤ ਵਿੱਚ ਮੁਕੱਦਰ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਮ੍ਰਿਤਕ ਮੁਕੱਦਰ ਆਪਣੇ ਪਿੱਛੇ ਪਤਨੀ ਅਤੇ ਚਾਰ ਛੋਟੇ ਬੱਚਿਆਂ ਨੂੰ ਛੱਡ ਗਿਆ ਹੈ। ਇਸ ਘਟਨਾ ਤੋਂ ਬਾਅਦ ਪਰਿਵਾਰ ਵਿੱਚ ਮਾਤਮ ਪਸਰਿਆ ਹੋਇਆ ਹੈ ਅਤੇ ਮਾਸੂਮ ਬੱਚਿਆਂ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਮੌਕੇ 'ਤੇ ਪਹੁੰਚੀ। ਐਸ.ਐਚ.ਓ. ਇੰਸਪੈਕਟਰ ਨਵਦੀਪ ਭੱਟੀ ਨੇ ਦੱਸਿਆ ਕਿ, ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਦੇ ਅਧਾਰ 'ਤੇ ਹੀ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਮਾਮਲੇ ਵਿੱਚ ਬਣਦੀਆਂ ਹੋਰ ਕਾਨੂੰਨੀ ਧਾਰਾਵਾਂ ਦਾ ਵਾਧਾ ਕੀਤਾ ਜਾਵੇਗਾ।
Click to Follow Babushahi Facebook page →