ਸੀ.ਐਚ.ਸੀ. ਚਨਾਰਥਲ ਕਲਾ ਵਿਖੇ 'ਆਸ਼ਾ ਦਿਵਸ' ਮਨਾਇਆ’ ਆਸ਼ਾ ਵਰਕਰਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਨੂੰ ਮਿਲਿਆ ਸਨਮਾਨ
ਗੁਰਪ੍ਰੀਤ ਸਿੰਘ ਜਖਵਾਲੀ
ਫ਼ਤਿਹਗੜ੍ਹ ਸਾਹਿਬ 27 ਅਪ੍ਰੈਲ 2026 : ਸਿਹਤ ਵਿਭਾਗ ਪੰਜਾਬ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਕਾਰਜਕਾਰੀ ਸਿਵਲ ਸਰਜਨ ਡਾਕਟਰ ਅਰਵਿੰਦ ਪਾਲ ਸਿੰਘ ਫ਼ਤਿਹਗੜ੍ਹ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾਕਟਰ ਸੁਰਿੰਦਰ ਸਿੰਘ ਨੇ ਦੀ ਯੋਗ ਅਗਵਾਈ ਹੇਠ ਕਮਿਊਨਿਟੀ ਹੈਲਥ ਸੈਂਟਰ (ਸੀ.ਐਚ.ਸੀ.) ਚਨਾਰਥਲ ਕਲਾ ਵਿਖੇ 'ਆਸ਼ਾ ਦਿਵਸ' ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਪਿੰਡਾਂ ਵਿੱਚ ਸਿਹਤ ਸੇਵਾਵਾਂ ਦੇ ਪ੍ਰਸਾਰ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੀਆਂ ਆਸ਼ਾ ਵਰਕਰਾਂ ਦੇ ਯੋਗਦਾਨ ਦੀ ਕਦਰ ਕਰਨਾ ਅਤੇ ਉਨ੍ਹਾਂ ਨੂੰ ਹੋਰ ਵਧੀਆ ਕੰਮ ਕਰਨ ਲਈ ਪ੍ਰੇਰਿਤ ਕਰਨਾ ਹੈ।
ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਸੁਰਿੰਦਰ ਸਿੰਘ ਵੱਲੋਂ ਵਿੱਤੀ ਸਾਲ 2025-26 ਦੌਰਾਨ ਸਿਹਤ ਸੇਵਾਵਾਂ ਪ੍ਰਤੀ ਸ਼ਾਨਦਾਰ ਕਾਰਗੁਜ਼ਾਰੀ ਅਤੇ ਸਭ ਤੋਂ ਵੱਧ ਮਾਣ ਭੱਤਾ ਪ੍ਰਾਪਤ ਕਰਨ ਵਾਲੀਆਂ ਪਹਿਲੀਆਂ ਤਿੰਨ ਆਸ਼ਾ ਵਰਕਰਾਂ (ਸ਼੍ਰੀਮਤੀ ਮਨਜੀਤ ਕੌਰ ਪਿੰਡ ਖੁੰਮਣਾ, ਸ਼੍ਰੀਮਤੀ ਲਖਵਿੰਦਰ ਕੌਰ ਪਿੰਡ ਅੰਬੇਮਾਜਰਾ ਅਤੇ ਸ਼੍ਰੀਮਤੀ ਸਰਬਜੀਤ ਪਿੰਡ ਬਾਲਪੁਰ) ਤੋ ਇਲਾਵਾ ਵਧੀਆ ਕਾਰਜਗਾਰੀ ਲਈ ਕਈ ਹੋਰ ਆਸ਼ਾ ਨੂੰ ਵੀ ਵਿਸ਼ੇਸ਼ ਤੌਰ 'ਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਸੰਬੋਧਨ ਕਰਦਿਆਂ ਡਾ.ਸੁਰਿੰਦਰ ਸਿੰਘ (ਐਸ.ਐਮ.ਓ.) ਨੇ ਕਿਹਾ ਕਿ ਆਸ਼ਾ ਵਰਕਰ ਸਿਹਤ ਪ੍ਰਣਾਲੀ ਦੀ ਰੀੜ੍ਹ ਦੀ ਹੱਡੀ ਹਨ, ਜੋ ਪਿੰਡ ਪੱਧਰ 'ਤੇ ਲੋਕਾਂ ਤੱਕ ਸਿਹਤ ਸਹੂਲਤਾਂ ਦੀ ਪਹੁੰਚ ਯਕੀਨੀ ਬਣਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ, ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ, ਯੁੱਧ ਨਸ਼ਿਆਂ ਵਿਰੁੱਧ, ਜੱਚਾ-ਬੱਚਾ ਸਿਹਤ, ਟੀਕਾਕਰਨ, ਪਰਿਵਾਰ ਨਿਯੋਜਨ ਅਤੇ ਬਿਮਾਰੀਆਂ ਦੀ ਰੋਕਥਾਮ ਵਿੱਚ ਆਸ਼ਾ ਵਰਕਰਾਂ ਦੀ ਅਹਿਮ ਭੂਮਿਕਾ ਹੈ ਅਤੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਿਹਤ ਯੋਜਨਾਵਾਂ ਨੂੰ ਜਮੀਨੀ ਪੱਧਰ ਤੇ ਲਾਗੂ ਕਰਨ ਵਿੱਚ ਆਸ਼ਾ ਵਰਕਰ ਇੱਕ ਮਜ਼ਬੂਤ ਕੜੀ ਵਜੋਂ ਕੰਮ ਕਰ ਰਹੀਆਂ ਹਨ। ਡਾ.ਸੁਰਿੰਦਰ ਸਿੰਘ ਨੇ ਕਿਹਾ ਕਿ ਆਸ਼ਾ ਵਰਕਰਾਂ ਦੀ ਮਹਿਨਤ ਅਤੇ ਸਮਰਪਣ ਕਾਰਨ ਸਿਹਤ ਸੂਚਕਾਂ ਵਿੱਚ ਕਾਫੀ ਹੱਦ ਤੱਕ ਸੁਧਾਰ ਆ ਰਿਹਾ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ ਭਵਿੱਖ ਵਿੱਚ ਵੀ ਆਸ਼ਾ ਵਰਕਰਜ਼ ਇਸੇ ਤਰ੍ਹਾਂ ਜ਼ਿੰਮੇਵਾਰੀ ਨਾਲ ਆਪਣਾ ਕੰਮ ਕਰਦੀਆਂ ਰਹਿਣਗੀਆਂ ਅਤੇ ਸਿਹਤ ਵਿਭਾਗ ਦੇ ਟੀਚਿਆਂ ਨੂੰ ਪੂਰਾ ਕਰਨ ਵਿੱਚ ਯੋਗਦਾਨ ਪਾਉਣਗੀਆਂ।
ਆਸ਼ਾ ਵਰਕਰ ਅਤੇ ਫਸਿਲੀਟੇਟਰ ਯੂਨੀਅਨ ਦੇ ਬਲਾਕ ਪੱਧਰੀ ਨੁਮਾਇੰਦਿਆਂ ਅਤੇ ਸਿਹਤ ਅਧਿਕਾਰੀਆਂ/ ਕਰਮਚਾਰੀਆਂ ਵੱਲੋਂ ਵੀ ਆਪਣੇ ਵਿਚਾਰ ਸਾਂਝੇ ਕੀਤੇ ਗਏ ਅਤੇ ਆਸ਼ਾ ਵਰਕਰਾਂ ਨੂੰ ਉਨ੍ਹਾਂ ਦੇ ਸ਼ਲਾਘਾਯੋਗ ਕੰਮ ਲਈ ਸ਼ਾਬਾਸ਼ੀ ਦਿੱਤੀ ਗਈ। ਬਲਾਕ ਐਕਸਟੈਂਸ਼ਨ ਐਜੂਕੇਟਰ ਸੁਰਿੰਦਰ ਸਿੰਘ ਨੇ ਸਾਰੇ ਹਾਜ਼ਰ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੀ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ 'ਆਸ਼ਾ ਦਿਵਸ' ਨੇ ਨਾ ਕੇਵਲ ਆਸ਼ਾ ਵਰਕਰਾਂ ਦੇ ਮਨੋਬਲ ਨੂੰ ਮਜ਼ਬੂਤ ਕੀਤਾ ਹੈ, ਸਗੋਂ ਸਿਹਤ ਸੇਵਾਵਾਂ ਦੇ ਪ੍ਰਸਾਰ ਵਿੱਚ ਇਕ ਨਵਾਂ ਜੋਸ਼ ਵੀ ਪੈਦਾ ਕੀਤਾ ਹੈ। ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦੀ ਲੜੀ ਜਾਰੀ ਰੱਖਣ ਨਾਲ ਹੇਠਲੇ ਪੱਧਰ ‘ਤੇ ਕੰਮ ਕਰ ਰਹੇ ਕਰਮਚਾਰੀਆਂ ਦਾ ਮਨੋਬਲ ਉੱਚਾ ਹੋਵੇਗਾ ਅਤੇ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਦਾ ਮਨੋਰਥ ਹਾਸਲ ਕਰਨ ਵਿੱਚ ਅਜਿਹੇ ਉਪਰਾਲੇ ਸਹਾਈ ਹੋਣਗੇ।
ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ.ਸੁਰਿੰਦਰ ਸਿੰਘ ਦੇ ਨਾਲ ਸੁਰਿੰਦਰ ਸਿੰਘ ਬਲਾਕ ਐਕਸਟੈਂਸ਼ਨ ਐਜੂਕੇਟਰ, ਸ਼੍ਰੀਮਤੀ. ਕਿਰਨਦੀਪ ਕੌਰ ਪੰਜੋਲਾ, ਸ਼੍ਰੀਮਤੀ ਜਸਵਿੰਦਰ ਕੌਰ, ਰਜਨੀ ਬਾਲਾ, ਦਲਵਿੰਦਰ ਕੌਰ, ਇੰਦਰਜੀਤ ਕੌਰ (ਆਸ਼ਾ ਫੈਸਿਲੀਟੇਟਰ), ਬਲਾਕ ਚਨਾਰਥਲ ਕਲਾ ਦੀਆਂ ਆਸ਼ਾ ਵਰਕਰਜ਼ ਅਤੇ ਸਟਾਫ ਮੈਂਬਰ ਹਾਜ਼ਰ ਸਨ।
Click to Follow Babushahi Facebook page →