ਆਖਿਰ ਸਫਾਈ ਸੇਵਕਾਂ ਨੇ ਸ਼ਹਿਰ ਕੀਤਾ ਜਾਮ; ਜਾਮ ਤੋਂ ਬਾਅਦ ਕਾਰਜ ਸਾਧਕ ਅਫਸਰ ਨੇ ਦਿੱਤਾ ਲਿਖਤੀ ਭਰੋਸਾ
ਹਲਕਾ ਵਿਧਾਇਕ ਸਰਬਜੀਤ ਮਾਣੂੰਕੇ ਦੇ ਦਬਾਅ ਹੇਠ ਮੇਟ ਲਗਾਉਣ ਦੇ ਹੁਕਮਾਂ ‘ਤੇ ਅਫਸਰ ਨੇ ਕਈ ਵਾਰ ਬਦਲੇ ਤੇਵਰ
ਜਗਰਾਉਂ (ਦੀਪਕ ਜੈਨ)
ਨਗਰ ਕੌਂਸਲ ਜਗਰਾਉਂ ਵਿੱਚ ਪਿਛਲੇ ਕਈ ਦਿਨਾਂ ਤੋਂ ਸੁਲਗ ਰਿਹਾ ਸਫਾਈ ਸੇਵਕਾਂ ਦਾ ਸੰਘਰਸ਼ ਉਸ ਵੇਲੇ ਧਮਾਕੇ ਨਾਲ ਭੜਕ ਉੱਠਿਆ, ਜਦੋਂ ਗੁੱਸੇ ਨਾਲ ਭਰੇ ਕਰਮਚਾਰੀਆਂ ਨੇ ਸ਼ਹਿਰ ਦੀਆਂ ਮੁੱਖ ਸੜਕਾਂ ਜਾਮ ਕਰ ਦਿੱਤੀਆਂ। ਸ਼ਹਿਰ ਦੀ ਧੜਕਣ ਰੁਕ ਗਈ, ਟ੍ਰੈਫਿਕ ਠੱਪ ਹੋ ਗਿਆ ਅਤੇ ਪ੍ਰਸ਼ਾਸਨ ਨੂੰ ਹੜਕੰਪ ਮਚ ਗਿਆ। ਸੜਕਾਂ ‘ਤੇ ਉਤਰੇ ਸਫਾਈ ਸੇਵਕਾਂ ਨੇ ਰਾਜਨੀਤਿਕ ਦਖਲਅੰਦਾਜ਼ੀ ਅਤੇ ਪ੍ਰਸ਼ਾਸਨਕ ਜ਼ਬਰ ਦੇ ਖ਼ਿਲਾਫ਼ ਤਿੱਖੇ ਨਾਅਰੇ ਲਗਾਉਂਦੇ ਹੋਏ ਆਪਣਾ ਗੁੱਸਾ ਖੁੱਲ੍ਹ ਕੇ ਜਤਾਇਆ।
ਹਾਲਾਤ ਇਸ ਕਦਰ ਗੰਭੀਰ ਬਣ ਗਏ ਕਿ ਆਖਿਰਕਾਰ ਪ੍ਰਸ਼ਾਸਨ ਨੂੰ ਝੁਕਣਾ ਪਿਆ ਅਤੇ ਕਾਰਜ ਸਾਧਕ ਅਫਸਰ ਵੱਲੋਂ ਲਿਖਤੀ ਭਰੋਸਾ ਦੇਣਾ ਪਿਆ। ਇਸ ਲਿਖਤੀ ਭਰੋਸੇ ਤੋਂ ਬਾਅਦ ਹੀ ਸਫਾਈ ਸੇਵਕਾਂ ਨੇ ਆਪਣਾ ਸੰਘਰਸ਼ ਵਾਪਸ ਲੈਣ ਦਾ ਐਲਾਨ ਕੀਤਾ ਅਤੇ ਜਾਮ ਖੋਲ੍ਹਿਆ।
ਮਾਮਲੇ ਦੀ ਜੜ੍ਹ ਵਿੱਚ ਰਾਜਨੀਤਿਕ ਦਖਲਅੰਦਾਜ਼ੀ ਨੂੰ ਲੈ ਕੇ ਗੰਭੀਰ ਦੋਸ਼ ਸਾਹਮਣੇ ਆਏ ਹਨ। ਜਾਣਕਾਰੀ ਅਨੁਸਾਰ, ਹਲਕਾ ਵਿਧਾਇਕ ਵੱਲੋਂ ਆਪਣੇ ਨਜ਼ਦੀਕੀ ਵਿਅਕਤੀ ਨੂੰ ਮੇਟ ਲਗਾਉਣ ਲਈ ਕਾਰਜ ਸਾਧਕ ਅਫਸਰ ‘ਤੇ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਸੀ। ਇਸ ਦਬਾਅ ਹੇਠ ਅਫਸਰ ਨੇ ਮਜਬੂਰੀ ਵੱਸ ਕਈ ਵਾਰ ਆਪਣੇ ਫੈਸਲੇ ਅਤੇ ਤੇਵਰ ਬਦਲੇ, ਜਿਸ ਨਾਲ ਮਾਮਲਾ ਹੋਰ ਵੀ ਤਣਾਅਪੂਰਨ ਬਣ ਗਿਆ। ਸਫਾਈ ਸੇਵਕਾਂ ਨੇ ਇਸਨੂੰ ਖੁੱਲ੍ਹਾ ਪੱਖਪਾਤ ਕਰਾਰ ਦਿੰਦਿਆਂ ਕਿਹਾ ਕਿ ਇਹ ਉਨ੍ਹਾਂ ਦੇ ਅਧਿਕਾਰਾਂ ‘ਤੇ ਸਿੱਧਾ ਵਾਰ ਹੈ।
ਸੰਘਰਸ਼ ਕਰ ਰਹੇ ਕਰਮਚਾਰੀਆਂ ਦਾ ਮਤਲਬ ਸਾਫ਼ ਸੀ—ਦਫ਼ਤਰਾਂ ਵਿੱਚ ਲੰਮੇ ਸਮੇਂ ਤੋਂ ਕੰਮ ਕਰ ਰਹੇ ਸਫਾਈ ਸੇਵਕਾਂ ਨੂੰ ਹੀ ਮੈਦਾਨੀ ਸਫਾਈ ਕੰਮ ਵਿੱਚ ਲਾਇਆ ਜਾਵੇ ਅਤੇ ਕਿਸੇ ਵੀ ਤਰ੍ਹਾਂ ਦੀ ਸਿਫਾਰਸ਼ ਜਾਂ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਕਰਮਚਾਰੀਆਂ ਦੀ ਏਕਤਾ ਅੱਗੇ ਆਖਿਰਕਾਰ ਪ੍ਰਸ਼ਾਸਨ ਨੂੰ ਝੁਕਣਾ ਪਿਆ ਅਤੇ ਲਿਖਤੀ ਭਰੋਸਾ ਦੇਣਾ ਪਿਆ ਕਿ ਕੰਮ ਦੀ ਵੰਡ ਨਿਆਂਸੰਗਤ ਢੰਗ ਨਾਲ ਹੋਵੇਗੀ ਅਤੇ ਕਿਸੇ ਨਾਲ ਵੀ ਅਨਿਆਂ ਨਹੀਂ ਕੀਤਾ ਜਾਵੇਗਾ। ਲਿਖਤੀ ਭਰੋਸੇ ਤੋਂ ਬਾਅਦ ਸਫਾਈ ਸੇਵਕਾਂ ਵਿੱਚ ਖੁਸ਼ੀ ਦੀ ਲਹਿਰ ਦਿਖਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਜਿੱਤ ਸਿਰਫ਼ ਕਰਮਚਾਰੀਆਂ ਦੀ ਨਹੀਂ, ਸਗੋਂ ਸੱਚ, ਨਿਆਂ ਅਤੇ ਇਕਜੁੱਟਤਾ ਦੀ ਜਿੱਤ ਹੈ।
ਇਸ ਮੌਕੇ ‘ਤੇ ਵੱਖ-ਵੱਖ ਜਥੇਬੰਦੀਆਂ ਅਤੇ ਸਮਾਜਿਕ ਆਗੂਆਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਕੇ ਸਫਾਈ ਸੇਵਕਾਂ ਦਾ ਹੌਸਲਾ ਵਧਾਇਆ। ਹਾਜ਼ਰੀਨਾਂ ਵਿੱਚ ਨਗਰ ਸੁਧਾਰ ਸਭਾ ਜਗਰਾਉਂ ਤੋਂ ਮਾਸਟਰ ਅਵਤਾਰ ਸਿੰਘ, ਕਮਲਜੀਤ ਖੰਨਾ, ਮਾਸਟਰ ਮਲਕੀਤ ਸਿੰਘ, ਗੁਰਮੇਲ ਸਿੰਘ ਰੂਮੀ, ਕਨਈਆ ਬਾਂਕਾ, ਗੁਪਤਾ, ਬੂਟਾ ਸਿੰਘ (ਆੜਤੀ ਐਸੋਸੀਏਸ਼ਨ), ਜ਼ਿਲ੍ਹਾ ਪ੍ਰਧਾਨ ਆੜਤੀਆ ਐਸੋਸੀਏਸ਼ਨ ਰਾਜਕੁਮਾਰ ਭੱਲਾ, ਅਵਤਾਰ ਸਿੰਘ ਬਿੱਲਾ (ਪੰਜਾਬ ਪ੍ਰਧਾਨ ਫੂਡ ਗਰੇਨ ਐਂਡ ਅਲਾਈਡ ਵਰਕਰ ਯੂਨੀਅਨ ਪੰਜਾਬ), ਗਰੀਨ ਮਿਸ਼ਨ ਪੰਜਾਬ ਤੋਂ ਕੰਚਨ ਗੁਪਤਾ, ਕਿਸਾਨ ਯੂਨੀਅਨ ਦੇ ਪ੍ਰਧਾਨ ਇੰਦਰਜੀਤ ਸਿੰਘ, ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਬਲਰਾਜ ਸਿੰਘ ਕੋਟ ਉਮਰਾ, ਸਾਂਝਾ ਪੈਨਸ਼ਨ ਫਰੰਟ ਜਗਰਾਉਂ ਦੇ ਪ੍ਰਧਾਨ ਅਸ਼ੋਕ ਭੰਡਾਰੀ ਅਤੇ ਸਕੱਤਰ ਜਸਵੰਤ ਸਿੰਘ ਕਲੇਰ, ਦਿਹਾਤੀ ਮਜ਼ਦੂਰ ਸਭਾ ਜਗਰਾਉਂ ਤੋਂ ਨਿਰਮਲ ਸਿੰਘ ਧਾਲੀਵਾਲ, ਸਫਾਈ ਸੇਵਕ ਯੂਨੀਅਨ ਪੰਜਾਬ ਤੋਂ ਫਿਰੋਜ਼ਪੁਰ ਪ੍ਰਧਾਨ ਸੁਨੀਲ ਕੁਮਾਰ, ਸੋਮਨਾਥ ਚੋਬਰ (ਨਗਰ ਨਿਗਮ ਮੋਗਾ), ਜਸਵੀਰ ਸਿੰਘ ਗਿੱਲ (ਮੋਗਾ), ਮਾਤਾ ਦੀਨ (ਬਾਗਾ ਪੁਰਾਣਾ), ਰਜਿੰਦਰ ਬਹੁਤ, ਸ਼ੋਭਰਾਜ, ਨਿਰਤਮ ਬਹੁਤ, ਜੋਗਿੰਦਰ ਭੁੱਲਰ, ਪਰਵੀਨ ਕੁਮਾਰ, ਜਸਮੇਲ ਸਿੰਘ, ਬਸਿਸਟ ਨਾਥ, ਜੋਨੀ, ਗੁਲਸ਼ਨ ਕੁਮਾਰ (ਬਰਨਾਲਾ), ਰਾਹੁਲ (ਜੀਰਾ), ਕੌਮੀ ਗਾਇਕ ਸੰਤੋਖ ਰਾਮ ਗਿੱਲ, ਰਜਿੰਦਰ ਕੁਮਾਰ, ਸੁੰਦਰ ਕੁਮਾਰ ਗਿੱਲ, ਮਿਸਰੋ ਦੇਵੀ, ਆਸ਼ਾ ਰਾਣੀ, ਨੀਨਾ, ਕੰਚਨ ਆਦਿ ਸ਼ਾਮਲ ਸਨ।
Click to Follow Babushahi Facebook page →