ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ 20ਵਾਂ ਮਹਾਨ ਰਾਗ ਦਰਬਾਰ 25 ਨੂੰ : ਹਰਮੀਤ ਸਿੰਘ ਕਾਲਕਾ*
ਨਵੀਂ ਦਿੱਲੀ 24 ਅਪ੍ਰੈਲ, 2026
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤੀਜੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਦੇ ਪਵਿੱਤਰ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ 20ਵਾਂ ਵਿਸ਼ਾਲ ਰਾਗ ਦਰਬਾਰ ਸ਼ਨਿੱਚਰਵਾਰ, 25 ਅਪ੍ਰੈਲ 2026 ਨੂੰ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ, ਨਵੀਂ ਦਿੱਲੀ ਵਿਖੇ ਬਹੁਤ ਸ਼ਰਧਾ ਅਤੇ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਹ ਆਤਮਿਕ ਰੰਗਾਂ ਨਾਲ ਰੰਗਿਆ ਹੋਇਆ ਮਹਾਨ ਕੀਰਤਨ ਸਮਾਗਮ ਸਵੇਰੇ 6:00 ਵਜੇ ਤੋਂ ਰਾਤ 11:30 ਵਜੇ ਤੱਕ ਲਗਾਤਾਰ ਜਾਰੀ ਰਹੇਗਾ, ਜਿਸ ਦੌਰਾਨ ਪ੍ਰਸਿੱਧ ਰਾਗੀ ਜਥੇ ਅਤੇ ਵਿਦਵਾਨ ਕਥਾਵਾਚਕ ਗੁਰਬਾਣੀ , ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ ।
ਇਸ ਮਹਾਨ ਰਾਗ ਦਰਬਾਰ ਵਿੱਚ ਭਾਈ ਹਰਦੀਪ ਸਿੰਘ ਫਤਿਹਗੜ੍ਹ ਸਾਹਿਬ, ਭਾਈ ਪਰਮਜੀਤ ਸਿੰਘ, ਭਾਈ ਗੁਰਪ੍ਰੀਤ ਸਿੰਘ ਜੀ ਜਵੱਦੀ ਟਕਸਾਲ, ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ (ਹੈਡ ਗ੍ਰੰਥੀ ਗੁਰਦੁਆਰਾ ਬੰਗਲਾ ਸਾਹਿਬ), ਭਾਈ ਬਲਦੀਪ ਸਿੰਘ ਉਸਤਾਦ ਪਰਮਿੰਦਰ ਸਿੰਘ ਭਮਰਾ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਕੀਰਤਨੀਏ ਭਾਈ ਅਮਨਦੀਪ ਸਿੰਘ ਆਪਣੇ ਕੀਰਤਨ ਜੱਥਿਆਂ ਸਮੇਤ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਅਤੇ ਕਥਾ-ਵਿਚਾਰ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ।
ਸਰਦਾਰ ਹਰਮੀਤ ਸਿੰਘ ਕਾਲਕਾ ਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਮਹਾਨ ਆਤਮਿਕ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਕੇ, ਆਪਣੀਆਂ ਹਾਜ਼ਰੀਆਂ ਲਵਾਉਣ ਅਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨ।
ਉਨ੍ਹਾਂ ਇਹ ਵੀ ਦੱਸਿਆ ਕਿ ਇਸ ਵਿਸ਼ਾਲ ਰਾਗ ਦਰਬਾਰ ਦੀ ਸਫਲਤਾ ਲਈ ਸਰਦਾਰ ਭੁਪਿੰਦਰ ਪਾਲ ਸਿੰਘ ਗੁਹਾਟੀ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ।
ਸਰਦਾਰ ਕਾਲਕਾ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਦੇਸ਼-ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਦੀ ਸਹੂਲਤ ਲਈ ਇਸ ਮਹਾਨ ਰਾਗ ਦਰਬਾਰ ਦਾ ਸਿੱਧਾ ਪ੍ਰਸਾਰਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈੱਬਸਾਈਟ, ਕਮੇਟੀ ਦੇ ਫੇਸਬੁੱਕ ਪੇਜ, ਯੂਟਿਊਬ ਚੈਨਲ, ਚੜਦੀ ਕਲਾ ਟਾਈਮ ਟੀ.ਵੀ., ਜੀਐਸਪੀਐਸ ਲਾਈਵ ਕੀਰਤਨ ਪ੍ਰਧਾਨਾ, ਬਾਣੀ ਡਾਟ ਨੈਟ, ਅਕਾਲ ਸਹਾਇ ਗੁਰਬਾਣੀ, ਕੇਸਰੀ ਕਨੈਕਟ ਅਤੇ ਅਨਮਿਊਟ ਚੈਨਲ ਰਾਹੀਂ ਕੀਤਾ ਜਾਵੇਗਾ, ਤਾਂ ਜੋ ਸੰਸਾਰ ਭਰ ਦੀ ਸੰਗਤ ਇਸ ਆਤਮਿਕ ਰਸਭਰੇ ਸਮਾਗਮ ਨਾਲ ਜੁੜ ਸਕੇ।
Click to Follow Babushahi Facebook page →