ਕਣਕ ਦੀ ਖਰੀਦ ਸਬੰਧੀ ਭਾਕਿਯੂ ਏਕਤਾ ਡਕੌਂਦਾ ਨੇ ਬੁਲਾਈ ਐਮਰਜੈਂਸੀ ਮੀਟਿੰਗ
ਕਣਕ ਦੀ ਖਰੀਦ ਤੁਰੰਤ ਸ਼ੁਰੂ ਨਾ ਕੀਤੀ ਗਈ ਤਾਂ ਕਰਾਂਗੇ ਸੰਘਰਸ਼ ਦਾ ਐਲਾਨ: ਮਨਜੀਤ ਧਨੇਰ
ਕੇਂਦਰ ਸਰਕਾਰ ਕਣਕ ਅਤੇ ਝੋਨੇ ਦੀ ਖਰੀਦ ਤੋਂ ਭੱਜਣ ਦੇ ਬਣਾ ਰਹੀ ਬਹਾਨੇ: ਗੁਰਦੀਪ ਰਾਮਪੁਰਾ
ਕਿਸਾਨਾਂ ਦੀ ਕਣਕ ਸਸਤੇ ਭਾਅ ਲੁੱਟਣ ਦੀ ਸਾਜ਼ਿਸ਼: ਹਰਨੇਕ ਮਹਿਮਾ
ਦਲਜੀਤ ਕੌਰ
ਬਰਨਾਲਾ, 14 ਅਪ੍ਰੈਲ, 2026: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਮੰਡੀਆਂ ਵਿੱਚ ਕਣਕ ਦੀ ਖਰੀਦ ਸ਼ੁਰੂ ਨਾ ਹੋਣ ਕਾਰਨ 14 ਅਪ੍ਰੈਲ ਸ਼ਾਮ ਨੂੰ ਐਮਰਜੈਂਸੀ ਮੀਟਿੰਗ ਬੁਲਾਈ ਹੈ ।ਇਸ ਸਬੰਧੀ ਪ੍ਰੈਸ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਦੱਸਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਰਾਜਸਥਾਨ ਵਿੱਚ ਕਣਕ ਦੀ ਖਰੀਦ ਲਈ ਟੁੱਟੇ, ਸੁੰਗੜੇ ਅਤੇ ਕਾਲੇ ਹੋਏ ਦਾਣਿਆਂ ਦੀ ਮਾਤਰਾ ਅਤੇ ਨਮੀ ਦੀ ਮਾਤਰਾ ਵਿੱਚ ਛੋਟ ਦੇ ਦਿੱਤੀ ਹੈ। ਦੂਜੇ ਪਾਸੇ ਬੇਮੌਸਮੀ ਬਾਰਿਸ਼ ਕਾਰਨ ਪੰਜਾਬ ਵਿੱਚ ਲੱਗਭੱਗ 1,30,000 ਏਕੜ ਵਿੱਚ ਕਣਕਾਂ ਦਾ ਭਾਰੀ ਨੁਕਸਾਨ ਹੋਇਆ ਹੈ ਅਤੇ ਕਣਕ ਦੀ ਕੁਆਲਿਟੀ ਤੇ ਮਾੜਾ ਅਸਰ ਪਿਆ ਹੈ। ਇਸ ਦੇ ਬਾਵਜੂਦ ਕੇਂਦਰ ਸਰਕਾਰ ਨੇ ਪੰਜਾਬ ਵਿੱਚ ਕਣਕ ਦੀ ਖਰੀਦ ਲਈ ਵਰਤੇ ਜਾਂਦੇ ਪੈਮਾਨੇ ਵਿੱਚ ਕੋਈ ਢਿੱਲ ਨਹੀਂ ਦਿੱਤੀ ਜਿਸ ਕਾਰਨ ਮੰਡੀਆਂ ਵਿੱਚ ਕਣਕ ਦੀ ਖਰੀਦ ਸ਼ੁਰੂ ਨਹੀਂ ਹੋ ਸਕੀ। ਉੱਪਰੋਂ ਮੌਸਮ ਖਰਾਬ ਚੱਲ ਰਿਹਾ ਹੈ। ਇਸ ਤਰਾਂ ਕਰਕੇ ਸਰਕਾਰ ਕਿਸਾਨਾਂ ਦੀ ਕਣਕ ਸਸਤੇ ਭਾਅ ਲੁੱਟਣ ਦਾ ਰਾਹ ਪੱਧਰਾ ਕਰ ਰਹੀ ਹੈ। ਸਰਕਾਰ ਚਾਹੁੰਦੀ ਹੈ ਕਿ ਕਿਸਾਨ ਹਫੜਾ ਦਫੜੀ ਵਿੱਚ ਆਪਣੀ ਜਿਨਸ ਅੰਬਾਨੀ ਅਡਾਨੀ ਦੇ ਸਾਈਲੋਜ਼ ਵਿੱਚ ਲੈ ਜਾਣ।
ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਸਮੇਂ ਸਿਰ ਜਾਗਣਾ ਚਾਹੀਦਾ ਸੀ ਅਤੇ ਕੇਂਦਰ ਸਰਕਾਰ ਤੱਕ ਪਹੁੰਚ ਕਰ ਕੇ ਖਰੀਦ ਮਾਪਦੰਡ ਵਿੱਚ ਢਿੱਲ ਲੈਣੀ ਚਾਹੀਦੀ ਸੀ। ਪੰਜਾਬ ਸਰਕਾਰ ਦੀ ਨਲਾਇਕੀ ਕਾਰਨ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਨਾਲ ਕਿੜ ਕੱਢ ਰਹੀ ਹੈ। ਤਿੰਨ ਚਾਰ ਦਿਨ ਪਹਿਲਾਂ ਆਈ ਕੇਂਦਰੀ ਟੀਮ ਨੇ ਵੀ ਹੁਣ ਤੱਕ ਕੋਈ ਰਿਪੋਰਟ ਪੇਸ਼ ਨਹੀਂ ਕੀਤੀ।
ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਤੁਰੰਤ ਕਣਕ ਦੀ ਖਰੀਦ ਸ਼ੁਰੂ ਨਾ ਕੀਤੀ ਗਈ ਤਾਂ ਸੰਯੁਕਤ ਕਿਸਾਨ ਮੋਰਚੇ ਦੀਆਂ ਹੋਰ ਜਥੇਬੰਦੀਆਂ ਨਾਲ ਰਲ ਕੇ ਵੱਡੇ ਪੱਧਰ ਤੇ ਸੰਘਰਸ਼ ਕੀਤਾ ਜਾਵੇਗਾ ਜਿਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਅਤੇ ਕੇਂਦਰ ਸਰਕਾਰ ਦੀ ਹੋਵੇਗੀ।
ਸੂਬਾ ਕਮੇਟੀ ਨੇ ਨੋਇਡਾ ਵਿੱਚ ਮਜ਼ਦੂਰਾਂ ਤੇ ਜਬਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਜੇਕਰ ਮਜ਼ਦੂਰਾਂ ਦੇ ਸਾਰੇ ਹੱਕ ਖੋਹ ਲਏ ਜਾਣਗੇ, ਦਿਹਾੜੀ 12 ਘੰਟੇ ਦੀ ਕੀਤੀ ਜਾਵੇਗੀ, ਤਨਖਾਹ ਪੂਰੀ ਨਹੀਂ ਦਿੱਤੀ ਜਾਵੇਗੀ ਤਾਂ ਮਜ਼ਦੂਰ ਆਪਣੇ ਹੱਕਾਂ ਲਈ ਜ਼ਰੂਰ ਹੀ ਲੜਨਗੇ। ਯੂਪੀ ਸਰਕਾਰ, ਮਜ਼ਦੂਰਾਂ ਨੂੰ ਤਸ਼ੱਦਦ ਨਾਲ ਦਬਾਉਣਾ ਚਾਹੁੰਦੀ ਹੈ। ਜਿਸ ਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ।
ਪੰਜਾਬ ਸਰਕਾਰ ਵੱਲੋਂ ਪੱਤਰਕਾਰਾਂ ਦੀ ਆਵਾਜ਼ ਬੰਦ ਕਰਨ ਲਈ ਜਬਰ ਕਰਨ ਦਾ ਸਿਲਸਿਲਾ ਜਾਰੀ ਹੈ। ਪਿਛਲੇ ਦਿਨਾਂ ਵਿੱਚ ਇੱਕ ਪੱਤਰਕਾਰ ਬਲਰਾਜ ਮੌੜ ਨੂੰ ਗ੍ਰਿਫਤਾਰ ਕਰਕੇ ਦਹਿਸ਼ਤਜ਼ਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਅਜਿਹੇ ਦਮਨ ਦੇ ਖਿਲਾਫ ਪੱਤਰਕਾਰ ਭਾਈਚਾਰੇ ਵੱਲੋਂ ਦਿੱਤੇ ਗਏ ਕਿਸੇ ਵੀ ਸੰਘਰਸ਼ ਸੱਦੇ ਦਾ ਜਥੇਬੰਦੀ ਡਟਵਾਂ ਸਮਰਥਨ ਕਰੇਗੀ।
Click to Follow Babushahi Facebook page →