ਲੁਧਿਆਣਾ ਵਿੱਚ ਘਰਾਂ ਦਾ ਸੁਪਨਾ ਹੋਇਆ ਸਾਕਾਰ: 179 ਫਲੈਟਾਂ ਲਈ ਡਰਾਅ ਕੱਢਿਆ
ਹਜ਼ਾਰਾਂ ਦਰਖ਼ਾਸਤਾਂ ‘ਚੋਂ ਚੁਣੇ ਗਏ ਖੁਸ਼ਕਿਸਮਤ
ਸੁਖਮਿੰਦਰ ਭੰਗੂ
ਲੁਧਿਆਣਾ 14 ਅਪ੍ਰੈਲ 2026
ਨਗਰ ਸੁਧਾਰ ਟਰੱਸਟ, ਲੁਧਿਆਣਾ ਵੱਲੋਂ ਅੱਜ ਸ਼ਹਿਰ ਵਾਸੀਆਂ ਲਈ ਇੱਕ ਵੱਡਾ ਕਦਮ ਚੁੱਕਦਿਆਂ ਐਚ.ਆਈ.ਜੀ. ਅਤੇ ਐਮ.ਆਈ.ਜੀ. ਫਲੈਟਾਂ ਦਾ ਡਰਾਅ ਕੱਢਿਆ ਗਿਆ। ਇਹ ਡਰਾਅ ਮਾਨਯੋਗ ਕੈਬਨਿਟ ਮੰਤਰੀ ਸ੍ਰੀ ਸੰਜੀਵ ਅਰੋੜਾ ਜੀ ਦੀ ਰਹਿਨੁਮਾਈ ਹੇਠ ਆਮ ਜਨਤਾ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਕਰਵਾਇਆ ਗਿਆ।
ਚੇਅਰਮੈਨ ਸ੍ਰ. ਤਰਸੇਮ ਸਿੰਘ ਭਿੰਡਰ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 43 ਐਚ.ਆਈ.ਜੀ. ਫਲੈਟਾਂ ਲਈ ਕੁੱਲ 571 ਦਰਖ਼ਾਸਤਾਂ ਪ੍ਰਾਪਤ ਹੋਈਆਂ, ਜਦਕਿ 136 ਐਮ.ਆਈ.ਜੀ. ਫਲੈਟਾਂ ਲਈ 963 ਦਰਖ਼ਾਸਤਾਂ ਮਿਲੀਆਂ। ਇਸ ਤਰ੍ਹਾਂ ਵੱਡੀ ਗਿਣਤੀ ਵਿੱਚ ਲੋਕਾਂ ਨੇ ਇਸ ਯੋਜਨਾ ਵਿੱਚ ਦਿਲਚਸਪੀ ਦਿਖਾਈ।
ਇਸ ਮਹੱਤਵਪੂਰਨ ਸਮਾਗਮ ਵਿੱਚ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਨਾਲ ਦਲਜੀਤ ਸਿੰਘ ਗਰੇਵਾਲ (ਭੋਲਾ) ਐਮ.ਐਲ.ਏ., ਜਤਿੰਦਰ ਸਿੰਘ ਖੰਗੂੜਾ, ਮਨੂੰ ਜੈਰਥ, ਪਰਮਿੰਦਰ ਸਿੰਘ ਸੰਧੂ, ਅਮਨਦੀਪ ਸਿੰਘ ਭੱਠਲ, ਸੰਦੀਪ ਮਿਸ਼ਰਾ ਅਤੇ ਬਲਬੀਰ ਚੌਧਰੀ ਸਮੇਤ ਕਈ ਪ੍ਰਮੁੱਖ ਹਸਤੀਆਂ ਅਤੇ ਟਰੱਸਟ ਦੇ ਅਧਿਕਾਰੀ ਮੌਜੂਦ ਰਹੇ।
ਚੇਅਰਮੈਨ ਭਿੰਡਰ ਨੇ ਕਿਹਾ ਕਿ ਇਸ ਡਰਾਅ ਨੂੰ ਲੋਕਾਂ ਵੱਲੋਂ ਸ਼ਾਨਦਾਰ ਹੁੰਗਾਰਾ ਮਿਲਿਆ ਹੈ ਅਤੇ ਸਮੇਂ ਸਿਰ ਪੂਰੀ ਪ੍ਰਕਿਰਿਆ ਮੁਕੰਮਲ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੀਆਂ ਯੋਜਨਾਵਾਂ ਨਾਲ ਜਿੱਥੇ ਲੋੜਵੰਦ ਲੋਕਾਂ ਨੂੰ ਰਹਿਣ ਲਈ ਘਰ ਮਿਲਣਗੇ, ਉੱਥੇ ਸਰਕਾਰ ਨੂੰ ਵੀ ਫੰਡ ਪ੍ਰਾਪਤ ਹੋਣਗੇ, ਜੋ ਸ਼ਹਿਰ ਦੇ ਵਿਕਾਸ ਲਈ ਵਰਤੇ ਜਾਣਗੇ।
ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਨਗਰ ਸੁਧਾਰ ਟਰੱਸਟ ਵੱਲੋਂ ਆਉਣ ਵਾਲੇ ਸਮੇਂ ਵਿੱਚ ਹੋਰ ਕਈ ਪ੍ਰੋਜੈਕਟ ਲਿਆਂਦੇ ਜਾਣਗੇ, ਜਿਨ੍ਹਾਂ ਵਿੱਚ ਘੱਟ ਆਮਦਨ ਵਾਲੇ ਵਰਗ ਲਈ ਇੱਕ ਅਤੇ ਦੋ ਬੈਡਰੂਮ ਵਾਲੇ ਫਲੈਟ ਉਪਲਬਧ ਕਰਵਾਏ ਜਾਣਗੇ। ਇਸਦੇ ਨਾਲ ਹੀ ਸ਼ਹਿਰ ਦੇ ਕਾਰੋਬਾਰ ਨੂੰ ਵਧਾਵਾ ਦੇਣ ਲਈ ਕਮਰਸ਼ੀਅਲ ਜਾਇਦਾਦਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ।
ਸ਼ਹਿਰ ਵਾਸੀਆਂ ਨੇ ਟਰੱਸਟ ਦੇ ਕੰਮ ਦੀ ਖੂਬ ਪ੍ਰਸ਼ੰਸਾ ਕੀਤੀ ਅਤੇ ਉਮੀਦ ਜਤਾਈ ਕਿ ਅਜਿਹੀਆਂ ਪਾਰਦਰਸ਼ੀ ਯੋਜਨਾਵਾਂ ਨਾਲ ਲੁਧਿਆਣਾ ਦੇ ਵਿਕਾਸ ਨੂੰ ਨਵੀਂ ਰਫ਼ਤਾਰ ਮਿਲੀ।
Click to Follow Babushahi Facebook page →