ਕਣਕ ਦੀ ਸੁਚਾਰੂ ਖਰੀਦ ਲਈ ਪ੍ਰਸ਼ਾਸਨ ਮੁਸਤੈਦ, ਦਾਣਾ-ਦਾਣਾ ਖਰੀਦਣ ਲਈ ਸਰਕਾਰ ਵਚਨਬੱਧ: ADC ਮਨਜੀਤ ਸਿੰਘ ਚੀਮਾ
ਮੰਡੀਆਂ ਵਿੱਚ ਕਿਸਾਨਾਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਮੁਸ਼ਕਲ, ਚੋਰੀ ਰੋਕਣ ਲਈ ਪੀ.ਸੀ.ਆਰ. ਟੀਮਾਂ ਗਠਿਤ
ਜਗਰਾਉਂ, (ਦੀਪਕ ਜੈਨ)
ਰਬੀ ਮਾਰਕੀਟਿੰਗ ਸੀਜ਼ਨ 2026-27 ਦੌਰਾਨ ਸਬ-ਡਵੀਜ਼ਨ ਜਗਰਾਉਂ ਅਤੇ ਰਾਏਕੋਟ ਦੀਆਂ ਮੰਡੀਆਂ ਵਿੱਚ ਕਣਕ ਦੀ ਨਿਰਵਿਘਨ ਅਤੇ ਸੁਚਾਰੂ ਖਰੀਦ ਨੂੰ ਯਕੀਨੀ ਬਣਾਉਣ ਲਈ ਪ੍ਰਸ਼ਾਸਨ ਨੇ ਕਮਰ ਕੱਸ ਲਈ ਹੈ। ਇਸ ਸਬੰਧੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਵਧੀਕ ਡਿਪਟੀ ਕਮਿਸ਼ਨਰ (ਏ.ਡੀ.ਸੀ.) ਜਗਰਾਉਂ, ਸ੍ਰੀ ਮਨਜੀਤ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਐਸ.ਡੀ.ਐਮ. ਦਫ਼ਤਰ ਦੇ ਕਾਨਫਰੰਸ ਹਾਲ ਵਿਖੇ ਇੱਕ ਅਹਿਮ ਮੀਟਿੰਗ ਹੋਈ।
ਮੀਟਿੰਗ ਵਿੱਚ ਐਸ.ਡੀ.ਐਮ. ਰਾਏਕੋਟ ਸ੍ਰੀ ਰਮਨਜੀਤ ਸਿੰਘ, ਐਸ.ਪੀ. (ਐਚ) ਲੁਧਿਆਣਾ (ਦਿਹਾਤੀ) ਰਮਨਿੰਦਰ ਸਿੰਘ, ਡੀ.ਐਸ.ਪੀ. ਜਗਰਾਉਂ ਜਸਵਿੰਦਰ ਸਿੰਘ ਢੀਂਡਸਾ, ਤਹਿਸੀਲਦਾਰ ਰਮਨ ਕੁਮਾਰ, ਡੀ.ਐਫ.ਐਸ.ਓ. ਜਸਵਿੰਦਰ ਸਿੰਘ ਸਮੇਤ ਮਾਰਕੀਟ ਕਮੇਟੀਆਂ ਦੇ ਅਧਿਕਾਰੀ, ਖਰੀਦ ਏਜੰਸੀਆਂ ਦੇ ਇੰਸਪੈਕਟਰ, ਆੜ੍ਹਤੀਆ ਐਸੋਸੀਏਸ਼ਨ, ਟਰਾਂਸਪੋਰਟ ਅਤੇ ਲੇਬਰ ਯੂਨੀਅਨਾਂ ਦੇ ਨੁਮਾਇੰਦੇ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ
ਮੀਟਿੰਗ ਨੂੰ ਸੰਬੋਧਨ ਕਰਦਿਆਂ ਏ.ਡੀ.ਸੀ. ਮਨਜੀਤ ਸਿੰਘ ਚੀਮਾ ਨੇ ਡੀ.ਐਫ.ਐਸ.ਓ. ਨੂੰ ਹਦਾਇਤ ਕੀਤੀ ਕਿ ਮੰਡੀਆਂ ਵਿੱਚ ਫੜ੍ਹਾਂ ਦੀ ਵੰਡ, ਸਟਾਫ਼ ਦੀ ਤਾਇਨਾਤੀ, ਬਾਰਦਾਨੇ ਦਾ ਪ੍ਰਬੰਧ, ਅਤੇ ਖਰੀਦੀ ਗਈ ਕਣਕ ਦੀ ਸਮੇਂ ਸਿਰ ਲਿਫਟਿੰਗ ਲਈ ਪੁਖ਼ਤਾ ਇੰਤਜ਼ਾਮ ਕੀਤੇ ਜਾਣ। ਮੌਸਮ ਦੀ ਖਰਾਬੀ ਦੇ ਮੱਦੇਨਜ਼ਰ ਤਰਪਾਲਾਂ ਅਤੇ ਕਰੇਟਾਂ ਦਾ ਅਗਾਊਂ ਪ੍ਰਬੰਧ ਯਕੀਨੀ ਬਣਾਇਆ ਜਾਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਕਿਸਾਨਾਂ ਦਾ ਦਾਣਾ-ਦਾਣਾ ਖਰੀਦਣ ਲਈ ਵਚਨਬੱਧ ਹੈ ਅਤੇ ਮੰਡੀਆਂ ਵਿੱਚ ਕਿਸਾਨਾਂ ਨੂੰ ਰੁਲਣ ਨਹੀਂ ਦਿੱਤਾ ਜਾਵੇਗਾ।
ਮਸਲਿਆਂ ਦਾ ਹੋਵੇਗਾ ਤੁਰੰਤ ਹੱਲ
ਆੜ੍ਹਤੀਆਂ ਵੱਲੋਂ ਰੱਖੇ ਗਏ ਸੁਝਾਵਾਂ 'ਤੇ ਪ੍ਰਤੀਕਿਰਿਆ ਦਿੰਦਿਆਂ ਸ੍ਰੀ ਚੀਮਾ ਨੇ ਭਰੋਸਾ ਦਿੱਤਾ ਕਿ ਬਾਰਦਾਨੇ ਅਤੇ ਲਿਫਟਿੰਗ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਮੌਕੇ 'ਤੇ ਹੀ ਡੀ.ਐਫ.ਐਸ.ਓ. ਨੂੰ ਹਦਾਇਤ ਕੀਤੀ ਕਿ ਮੰਡੀਆਂ ਵਿੱਚ ਆਉਣ ਵਾਲੀਆਂ ਸ਼ਿਕਾਇਤਾਂ ਦੇ ਤੁਰੰਤ ਨਿਪਟਾਰੇ ਲਈ ਇੱਕ 'ਸ਼ਿਕਾਇਤ/ਝਗੜਾ ਨਿਵਾਰਨ ਕਮੇਟੀ' ਦਾ ਗਠਨ ਕੀਤਾ ਜਾਵੇ। ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਕਿਸੇ ਵੀ ਦਿੱਕਤ ਆਉਣ 'ਤੇ ਉਹ ਤੁਰੰਤ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ।
ਸੁਰੱਖਿਆ ਅਤੇ ਸਹੂਲਤਾਂ ਦੇ ਪੁਖ਼ਤਾ ਪ੍ਰਬੰਧ
ਮੀਟਿੰਗ ਦੌਰਾਨ ਆੜ੍ਹਤੀਆ ਐਸੋਸੀਏਸ਼ਨ ਜਗਰਾਉਂ ਦੇ ਪ੍ਰਧਾਨ ਘਨੱਈਆ ਬਾਕਾ ਨੇ ਕਣਕ ਦੀ ਚੋਰੀ ਦਾ ਮੁੱਦਾ ਚੁੱਕਿਆ। ਇਸ 'ਤੇ ਪੁਲਿਸ ਅਧਿਕਾਰੀਆਂ ਨੇ ਭਰੋਸਾ ਦਿਵਾਇਆ ਕਿ ਮੰਡੀਆਂ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ ਅਤੇ ਚੋਰੀ ਰੋਕਣ ਲਈ ਵਿਸ਼ੇਸ਼ ਪੀ.ਸੀ.ਆਰ. ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ।
ਡੀ.ਐਫ.ਐਸ.ਓ. ਜਸਵਿੰਦਰ ਸਿੰਘ ਅਤੇ ਮਾਰਕੀਟ ਕਮੇਟੀ ਦੇ ਸੈਕਟਰੀਆਂ ਨੇ ਜਾਣਕਾਰੀ ਦਿੱਤੀ ਕਿ ਮੰਡੀਆਂ ਵਿੱਚ ਪੀਣ ਵਾਲੇ ਪਾਣੀ, ਸਾਫ਼-ਸਫ਼ਾਈ ਅਤੇ ਲਾਈਟਾਂ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਅੰਤ ਵਿੱਚ ਟਰਾਂਸਪੋਰਟ ਅਤੇ ਲੇਬਰ ਠੇਕੇਦਾਰਾਂ ਨੂੰ ਸੀਜ਼ਨ ਦੌਰਾਨ ਪੂਰਨ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ ਤਾਂ ਜੋ ਖਰੀਦ ਪ੍ਰਕਿਰਿਆ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਿਆ ਜਾ ਸਕੇ।
Click to Follow Babushahi Facebook page →