ਜੰਗਲਾਤ ਹੇਠ ਰਕਬੇ ਵਿੱਚ ਪੰਜਾਬ ਫਾਡੀ; ਸੰਤ ਸੀਚੇਵਾਲ ਵਲੋਂ ਰਾਜ ਸਭਾ ਵਿੱਚ ਪੁੱਛੇ ਸਵਾਲ 'ਚ ਹੋਇਆ ਖੁਲਾਸਾ
ਪੰਜਾਬ ਵਿੱਚ ਸਿਰਫ 6.59 ਫੀਸਦੀ ਜੰਗਲਾਤ ਹੇਠ ਰਕਬਾ
Balwinder Singh Dhaliwal
ਜਲੰਧਰ/ਸੁਲਤਾਨਪੁਰ ਲੋਧੀ, 5 ਅਪ੍ਰੈਲ 2026- ਰਾਜ ਸਭਾ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਰਾਜ ਪੁੱਛੇ ਗਏ ਲਿਖਤੀ ਸਵਾਲ ਨੇ ਪੰਜਾਬੀਆਂ ਦੀਆ ਉਦੋਂ ਚਿੰਤਾਵਾਂ ਵਧਾ ਦਿੱਤੀਆਂ ਜਦੋਂ ਇਹ ਗੱਲ ਉਭਰ ਕੇ ਸਾਹਮਣੇ ਆਈ ਕਿ ਮਨੁੱਖ ਨੂੰ ਸਾਹ ਦੇਣ ਵਾਲੇ ਜੰਗਲਾਂ ਹੇਠਲਾ ਰਕਬਾ ਸਭ ਤੋਂ ਘੱਟ ਪੰਜਾਬ ਵਿੱਚ ਹੈ।
ਸੰਤ ਸੀਚੇਵਾਲ ਵੱਲੋਂ ਪੁੱਛੇ ਸਵਾਲ ਨੇ ਪੰਜਾਬੀਆਂ ਨੁੰ ਦੰਦਾਂ ਹੇਠ ਉਗਲਾਂ ਲੈਕੇ ਸੋਚਣ ਲਈ ਮਜ਼ਬੂਰ ਕਰ ਦਿਤਾ ਕਿ ਪੰਜਾਬ ਵਿੱਚ ਜੰਗਲ ਹੇਠ ਰਕਬਾ ਸਿਰਫ਼ 6.59 ਫ਼ੀਸਦ ਹੀ ਰਹਿ ਗਿਆ ਹੈ। ਜੰਗਲਾਤ ਹੇਠ ਰਕਬਾ ਕਾਇਮ ਰੱਖਣ ਵਿਚ ਪੰਜਾਬ ਤਾਂ ਬਿਹਾਰ ਤੋਂ ਵੀ ਪੱਛੜ ਗਿਆ ਹੈ। ਗੁਆਂਢੀ ਸੂਬਾ ਹਰਿਆਣਾ ਵੀ ਪੰਜਾਬ ਨਾਲੋਂ ਅੱਗੇ ਲੰਘ ਗਿਆ ਹੈ।
ਸੰਤ ਸੀਚੇਵਾਲ ਵੱਲੋਂ ਪੁਛੇ ਗਏ ਸਵਾਲ ਦੇ ਜੁਆਬ ਵਿੱਚ ਕੇਂਦਰੀ ਜੰਗਲਾਤ ਤੇ ਵਾਤਾਵਰਣ ਬਾਰੇ ਮੰਤਰੀ ਸ਼੍ਰੀ ਕੀਰਤੀ ਵਰਧਨ ਨੇ ਦੱਸਿਆ ਕਿ ਦੇਸ਼ ਵਿੱਚ ਜੰਗਲ ਹੇਠ ਰਕਬਾ 8,27,357.95 ਵਰਗ ਕਿਲੋਮੀਟਰ ਹੈ, ਜੋ ਕਿ ਦੇਸ਼ ਦੇ ਕੁੱਲ ਭੂਗੋਲਿਕ ਖੇਤਰ 32,87,468.88 ਵਰਗ ਕਿਲੋਮੀਟਰ ਦਾ ਕੇਵਲ 25.17 ਫੀਸਦੀ ਹੈ। ਜਦ ਕਿ ਪੰਜਾਬ ਪੰਜਾਬ ਵਿੱਚ ਜੰਗਲ ਹੇਠ ਰਕਬਾ ਸੁੰਗੜ ਕੇ ਸਿਰਫ 6.59% ਫੀਸਦੀ ਹੀ ਰਹਿ ਗਿਆ ਹੈ ਜੋ ਕਿ ਬਾਕੀ ਸਾਰੇ ਰਾਜਾਂ ਨਾਲੋਂ ਸਭ ਤੋਂ ਘੱਟ ਹੈ।
ਉਹਨਾਂ ਦੱਸਿਆ ਕਿ ਹਰਿਆਣੇ ਦਾ 7.48%, ਰਾਜਸਥਾਨ ਦਾ 8.00, ਉੱਤਰ ਪ੍ਰਦੇਸ਼ 9.96% ਅਤੇ ਬਿਹਾਰ ਦਾ 10.52% ਜੰਗਲ ਕਵਰ ਦਰਜ਼ ਕੀਤਾ ਗਿਆ ਹੈ। ਸ਼੍ਰੀ ਕੀਰਤੀ ਵਰਧਨ ਨੇ ਦੱਸਿਆ ਕਿ ਦੇਸ਼ ਵਿੱਚ ਜੰਗਲ ਅਤੇ ਰੁੱਖ ਕਵਰ ਦਾ ਸਰਵੇ ਹਰ ਦੋ ਸਾਲ ਬਾਅਦ ਭਾਰਤੀ ਜੰਗਲਾਤ ਸਰਵੇਖਣ, ਦੇਹਰਾਦੂਨ ਵੱਲੋ ਕੀਤਾ ਜਾਂਦਾ ਹੈ। ਜਿਸਦੀ ਸਰਵੇ ਰਿਪੋਰਟ ਇੰਡੀਆ ਸਟੇਟ ਆਫ਼ ਫਾਰੈਸਟ ਰਿਪੋਰਟ ਵਿੱਚ ਜਾਰੀ ਕੀਤੀ ਜਾਂਦੀ ਹੈ।
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਇਹ ਸਿਰਫ਼ ਅੰਕੜੇ ਨਹੀਂ, ਸਗੋਂ ਭਵਿੱਖ ਲਈ ਚੇਤਾਵਨੀ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੇ ਆਪਣੇ ਅੰਕੜੇ ਸਾਫ਼ ਦੱਸ ਰਹੇ ਹਨ ਕਿ ਅਸੀਂ ਕੁਦਰਤ ਨਾਲ ਕਿੰਨਾ ਵੱਡਾ ਖਿਲਵਾੜ ਕਰ ਰਹੇ ਹਾਂ। ਉਹਨਾਂ ਕਿਹਾ ਕਿ ਪੰਜਾਬ ਵਰਗੇ ਖੇਤੀਬਾੜੀ ਪ੍ਰਧਾਨ ਰਾਜ ਵਿੱਚ ਜੰਗਲ ਕਵਰ ਦਾ ਇਹ ਦਰਜਾ ਬਹੁਤ ਹੀ ਚਿੰਤਾਜਨਕ ਹੈ। ਇਹ ਸਾਡੇ ਲਈ ਖਤਰੇ ਦੀ ਘੰਟੀ ਹੈ, ਜੇ ਅਸੀਂ ਹੁਣ ਵੀ ਨਾ ਜਾਗੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਭਾਰੀ ਮੁੱਲ ਚੁਕਾਉਣਾ ਪਵੇਗਾ।
ਸੰਤ ਸੀਚੇਵਾਲ ਵਲੋਂ ਜੰਗਲ ਲਗਾਉਣ ਲਈ ਬੂਟੇ ਮੁਫ਼ਤ ਦੇਣ ਦਾ ਐਲਾਨ
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੰਤ ਸੀਚੇਵਾਲ ਨੇ ਐਲਾਨ ਕੀਤਾ ਕਿ ਪੰਜਾਬ ਵਿੱਚ ਲਾਏ ਜਾਣ ਵਾਲੇ ਬੂਟਿਆਂ ਲਈ ਸੀਚੇਵਾਲ ਦੀਆਂ ਨਰਸਰੀਆਂ ਵਿੱਚੋਂ ਬੂਟੇ ਮੁਫਤ ਵਿੱਚ ਪ੍ਰਾਪਤ ਕੀਤੇ ਜਾ ਸਕਦੇ ਹਨ। ਉਹਨਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਲੇ ਦੁਆਲੇ ਦੀ ਧਰਤੀ ਤੇ ਵੱਧ ਤੋਂ ਵੱਧ ਬੂਟੇ ਲਗਾਉਣ ਤਾਂ ਜੋ ਪੰਜਾਬ ਨੂੰ ਮੁੜ ਤੋਂ ਹਰਿਆ ਭਰਿਆ ਬਣਾਇਆ ਜਾ ਸਕੇ।
Click to Follow Babushahi Facebook page →