PM Modi ਮੋਦੀ ਨੇ ਕੀਤੀ ਮੈਟਰੋ ਦੀ ਸਵਾਰੀ, ਦਿੱਲੀ-ਮੇਰਠ ਕੋਰੀਡੋਰ ਰਾਸ਼ਟਰ ਨੂੰ ਕੀਤਾ ਸਮਰਪਿਤ
ਮੇਰਠ: 22 ਫਰਵਰੀ, 2026 : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੇਰਠ ਵਿੱਚ ਇਤਿਹਾਸਕ ਕਦਮ ਚੁੱਕਦਿਆਂ ਨਮੋ ਭਾਰਤ ਰੈਪਿਡ ਰੇਲ ਅਤੇ ਮੇਰਠ ਮੈਟਰੋ ਦਾ ਇਕੱਠੇ ਉਦਘਾਟਨ ਕੀਤਾ। ਇਸ ਉਦਘਾਟਨ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਸਕੂਲੀ ਬੱਚਿਆਂ ਨਾਲ ਮੇਰਠ ਮੈਟਰੋ ਵਿੱਚ ਸਫ਼ਰ ਕੀਤਾ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ।
ਪ੍ਰਧਾਨ ਮੰਤਰੀ ਨੇ ਲਗਭਗ 12,930 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਮੇਰਠ ਹੁਣ ਦੁਨੀਆ ਦੇ ਉਨ੍ਹਾਂ ਚੋਣਵੇਂ ਸ਼ਹਿਰਾਂ ਵਿੱਚ ਸ਼ਾਮਲ ਹੋ ਗਿਆ ਹੈ ਜਿੱਥੇ ਹਾਈ-ਸਪੀਡ ਰੈਪਿਡ ਰੇਲ (ਨਮੋ ਭਾਰਤ) ਅਤੇ ਮੈਟਰੋ ਇੱਕੋ ਟਰੈਕ 'ਤੇ ਚੱਲਣਗੀਆਂ। ਮੇਰਠ ਮੈਟਰੋ ਦੇਸ਼ ਦੀ ਸਭ ਤੋਂ ਤੇਜ਼ ਮੈਟਰੋ ਸੇਵਾ ਹੋਵੇਗੀ, ਜੋ 120 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲੇਗੀ।
23 ਕਿਲੋਮੀਟਰ ਲੰਬਾ ਇਹ ਕੋਰੀਡੋਰ ਮੇਰਠ ਵਾਸੀਆਂ ਲਈ ਵਿਕਾਸ ਦਾ ਨਵਾਂ ਧੁਰਾ ਸਾਬਤ ਹੋਵੇਗਾ। ਇਸ ਦੇ ਨਾਲ ਹੀ ਦਿੱਲੀ ਦੇ ਨਿਊ ਅਸ਼ੋਕ ਨਗਰ ਅਤੇ ਸਰਾਏ ਕਾਲੇ ਖਾਨ ਵਿਚਕਾਰ 5 ਕਿਲੋਮੀਟਰ ਦਾ ਸੈਕਸ਼ਨ ਵੀ ਖੋਲ੍ਹ ਦਿੱਤਾ ਗਿਆ ਹੈ।
ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਇਸ ਪ੍ਰੋਜੈਕਟ ਨੂੰ ਖੇਤਰੀ ਵਿਕਾਸ ਲਈ ਇੱਕ ਮਹੱਤਵਪੂਰਨ ਹੱਬ ਦੱਸਿਆ ਹੈ। ਨਮੋ ਭਾਰਤ ਰੇਲਗੱਡੀ ਦੇ ਸੰਚਾਲਨ ਨਾਲ ਦਿੱਲੀ ਅਤੇ ਮੇਰਠ ਵਿਚਕਾਰ ਯਾਤਰਾ ਦਾ ਸਮਾਂ ਤਾਂ ਘਟੇਗਾ ਹੀ, ਨਾਲ ਹੀ ਰੀਅਲ ਐਸਟੇਟ, ਵਪਾਰ ਅਤੇ ਰੁਜ਼ਗਾਰ ਦੇ ਖੇਤਰ ਵਿੱਚ ਵੀ ਵੱਡੀ ਉਛਾਲ ਆਉਣ ਦੀ ਉਮੀਦ ਹੈ।
ਸ਼ਹਿਰ ਦੀ ਆਵਾਜਾਈ ਨੂੰ ਹੋਰ ਬਿਹਤਰ ਬਣਾਉਣ ਲਈ ਹੁਣ ਮੇਰਠ ਵਿੱਚ ਦੂਜੇ ਮੈਟਰੋ ਕੋਰੀਡੋਰ (ਗੋਕੁਲਪੁਰ ਤੋਂ ਸ਼ਰਧਾਪੁਰੀ) ਦਾ ਐਲਾਨ ਵੀ ਜਲਦੀ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
Click to Follow Babushahi Facebook page →