ਆਪ ਨੇ ਪੰਜਾਬ ਨੂੰ ਵਿਕਾਸ ਪੱਖੋਂ ਪਛਾੜਿਆ: ਸੁਖਬੀਰ ਬਾਦਲ
ਮਨਜੀਤ ਸਿੰਘ ਮਲਕਪੁਰ ਦੀ ਭੈਣ ਦੇ ਵਿਆਹ ਵਿੱਚ ਕੀਤੀ ਸ਼ਿਰਕਤ
ਮਲਕੀਤ ਸਿੰਘ ਮਲਕਪੁਰ
ਲਾਲੜੂ 6 ਫ਼ਰਵਰੀ 2026: ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਵਿੱਚ ਅਕਾਲੀ ਦਲ ਦੀ ਸਰਕਾਰ ਬਣੇਗੀ। ਸੁਖਬੀਰ ਸਿੰਘ ਬਾਦਲ ਨੇ ਇਹ ਦਾਅਵਾ ਅੱਜ ਯੂਥ ਅਕਾਲੀ ਦਲ ਦੇ ਕੋਰ ਕਮੇਟੀ ਦੇ ਸੀਨੀਅਰ ਮੈਂਬਰ ਮਨਜੀਤ ਸਿੰਘ ਮਲਕਪੁਰ ਦੀ ਭੈਣ ਨਵਦੀਪ ਕੌਰ ਦੇ ਵਿਆਹ ਸਮਾਗਮ ਵਿੱਚ ਹਾਜ਼ਰ ਹੋਣ ਸਮੇਂ ਪੱਤਰਕਾਰਾਂ ਨਾਲ ਗੈਰ ਰਸਮੀ ਮੁਲਾਕਾਤ ਵਿੱਚ ਕੀਤਾ।
ਪਿਛਲੇ ਦੱਸ ਸਾਲਾਂ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਵੱਲੋਂ ਪੰਜਾਬ ਨੂੰ ਵਿਕਾਸ ਪੱਖੋਂ ਪਛਾੜ ਦੇਣ ਦੀ ਗੱਲ ਕਰਦਿਆਂ ਸ੍ਰ ਬਾਦਲ ਨੇ ਕਿਹਾ ਕਿ ਪੰਜਾਬ ਦਾ ਭਲਾ, ਭਾਈਚਾਰਕ ਏਕਤਾ ਤੇ ਵਿਕਾਸ ਅਕਾਲੀ ਦਲ ਵਰਗੀ ਇੱਕ ਮਜ਼ਬੂਤ ਖੇਤਰੀ ਪਾਰਟੀ ਦੀ ਅਗਵਾਈ ਹੇਠ ਹੀ ਸੰਭਵ ਹੋ ਸਕਦਾ ਹੈ।
ਬਾਦਲ ਨੇ ਭਗਵੰਤ ਮਾਨ ਦੀ ਸਰਕਾਰ ਨੂੰ ਦਿੱਲੀ ਬੈਠੇ ਕੇਜਰੀਵਾਲ ਜੁੰਡਲੀ ਦੇ ਹੱਥਾਂ ਦੀ ਕੱਠਪੁਤਲੀ ਦੱਸਦਿਆਂ ਕਿਹਾ ਕਿ 2027 ਵਿੱਚ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੇ ਸਾਰੇ ਉਮੀਦਵਾਰਾਂ ਦੀਆਂ ਜਮਾਨਤਾਂ ਜ਼ਬਤ ਕਰਵਾਕੇ ਵਾਅਦੇ ਪੁਰੇ ਨਾ ਕਰ ਸਕਣ ਦਾ ਬਦਲਾ ਲੈਣਗੇ।
ਬਾਦਲ ਨੇ ਅਕਾਲੀ ਦਲ ਨੂੰ ਹਿੰਦੂ ਸਿੱਖ ਏਕਤਾ ਦਾ ਪਹਿਰੇਦਾਰ ਦੱਸਦਿਆਂ ਕਿਹਾ, ਕਿ ਅਕਾਲੀ ਦਲ ਦੀ 2027 ਵਿੱਚ ਬਣਨ ਵਾਲੀ ਸਰਕਾਰ ਵਿੱਚ ਦਲਿਤਾਂ ਸਮੇਤ ਹੋਰ ਸਮੂਹ ਭਾਈਚਾਰਿਆਂ ਦੀ ਬਰਾਬਰ ਹਿੱਸੇਦਾਰੀ ਹੋਵੇਗੀ। ਬਾਦਲ ਨੇ ਇੱਸ ਮੌਕੇ ਹਾਜ਼ਰ ਡੇਰਾਬੱਸੀ ਤੋਂ ਸਾਬਕਾ ਵਿਧਾਇਕ ਐਨ ਕੇ ਸ਼ਰਮਾ ਨੂੰ ਅਕਾਲੀ ਦਲ 'ਚ ਵੱਡਾ ਹਿੰਦੂ ਚੇਹਰਾ ਦੱਸਦਿਆਂ ਉਨ੍ਹਾਂ ਨੂੰ ਅੱਗੇ ਹੋਰ ਵੱਡੀ ਜ਼ਿੰਮੇਵਾਰੀਆਂ ਦੇਣ ਵੱਲ ਵੀ ਇਸ਼ਾਰਾ ਕੀਤਾ।
ਮਨਜੀਤ ਸਿੰਘ ਦੀ ਭੈਣ ਦੇ ਇਸ ਵਿਆਹ ਸਮਾਗਮ ਵਿੱਚ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਡੇਰਾਬੱਸੀ ਤੋਂ ਸਾਬਕਾ ਵਿਧਾਇਕ ਸ੍ਰੀ ਐਨ. ਕੇ. ਸ਼ਰਮਾ, ਸ਼੍ਰੋਮਣੀ ਅਕਾਲੀ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਸੁਹਾਣਾ ਤੇ ਸ਼੍ਰੋਮਣੀ ਕਮੇਟੀ ਦੇ ਅਗਜੈਕਟਿਵ ਮੈਂਬਰ ਤੇ ਰਾਜਪੁਰਾ ਤੋਂ ਹਲਕਾ ਇੰਚਾਰਜ ਜੱਥੇਦਾਰ ਸੁਰਜੀਤ ਸਿੰਘ ਗੜ੍ਹੀ ਤੋਂ ਇਲਾਵਾ ਬੀਜੇਪੀ ਸਮੇਤ ਹੋਰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਵੀ ਹਾਜ਼ਰ ਸਨ।