ਸੋਲੋ ਸ਼ਬਦ ਗਾਇਨ ਪ੍ਰਤੀਯੋਗੀਤਾ ਦਾ ਆਯੋਜਨ
ਪ੍ਰਮੋਦ ਭਾਰਤੀ
ਨਵਾਂਸ਼ਹਿਰ 04 ਫ਼ਰਵਰੀ,2026- ਬੀ ਐਲ ਐਮ ਗਰਲਜ਼ ਕਾਲਜ ਦੇ ਸੰਗੀਤ ਵਿਭਾਗ ਦੇ ਮੁਖੀ ਡਾ. ਗੌਰੀ ਅਤੇ ਸਹਿਯੋਗੀ ਉੰਕਾਰ ਸਿੰਘ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਪੁਰਬ ਨੂੰ ਮਨਾਉਂਦਿਆਂ ਹੋਇਆਂ ਇੰਟਰ ਸਕੂਲ ਅਤੇ ਕਾਲਜ ਸੋਲੋ ਸ਼ਬਦ ਗਾਇਨ ਪ੍ਰਤੀਯੋਗੀਤਾ ਦਾ ਆਯੋਜਨ ਕਾਲਜ ਕੈਂਪਸ ਵਿੱਚ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕੀਤਾ ਗਿਆ। ਕਾਲਜ ਪ੍ਰਿੰਸੀਪਲ ਸ਼੍ਰੀਮਤੀ ਤਰਨਪ੍ਰੀਤ ਕੌਰ ਵਾਲੀਆ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਪ੍ਰਤੀਯੋਗੀਤਾ ਵਿੱਚ ਜ਼ਿਲ੍ਹੇ ਅਤੇ ਫਗਵਾੜਾ ਦੀਆਂ 15 ਵੱਖ-ਵੱਖ ਕਾਲਜਾਂ ਅਤੇ ਸਕੂਲਾਂ ਦੀਆਂ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਗੁਰਬਾਣੀ ਦੇ ਮਿੱਠੇ ਸੁਰਾਂ ਨਾਲ ਸਮਾਂ ਬੰਨ ਦਿੱਤਾ।
ਉਹਨਾਂ ਦੱਸਿਆ ਕਿ ਇਸ ਮੌਕੇ ਤੇ ਮੁੱਖ ਮਹਿਮਾਨ ਸ. ਸੁਰਜੀਤ ਸਿੰਘ (ਪ੍ਰਧਾਨ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਰਜਿਸਟਰ ਨਵਾਂਸ਼ਹਿਰ), ਗੈਸਟ ਆਫ ਓਨਰ ਸ੍ਰੀਮਤੀ ਸੁਰਿੰਦਰ ਤੂਰ (ਸਮਾਜ ਸੇਵਿਕਾ) ਅਤੇ ਸ. ਦੀਦਾਰ ਸਿੰਘ (ਸਕੱਤਰ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨਵਾਂਸ਼ਹਿਰ), ਸ਼੍ਰੀ ਵਿਨੋਦ ਭਾਰਦਵਾਜ (ਸਕੱਤਰ ਕਾਲਜ ਮੈਨੇਜਿੰਗ ਕਮੇਟੀ), ਸ਼੍ਰੀ ਸੁਸ਼ੀਲ ਪੁਰੀ, ਸ਼੍ਰੀ ਐਸ ਕੇ ਬਰੂਟਾ, ਸ਼੍ਰੀ ਜੀਆ ਲਾਲ, ਸ੍ਰੀਮਤੀ ਮੀਨਾਕਸ਼ੀ ਸ਼ਰਮਾ, ਡਾ. ਪੁਨੀਤ ਅਨੇਜਾ (ਪ੍ਰਿੰਸੀਪਲ ਆਰ ਕੇ ਆਰਿਆ ਕਾਲਜ), ਸ਼੍ਰੀ ਰਜਿੰਦਰ ਗਿੱਲ (ਪ੍ਰਿੰਸੀਪਲ ਦੁਆਬਾ ਆਰਿਆ ਸੀਨੀਅਰ ਸੈਕੰਡਰੀ ਸਕੂਲ), ਸ਼੍ਰੀਮਤੀ ਅਚਲਾ ਭੱਲਾ (ਡਾਇਰੈਕਟਰ ਡਾਕਟਰ ਆਸਨੰਦ ਸੀਨੀਅਰ ਸੈਕੰਡਰੀ ਸਕੂਲ) ਅਤੇ ਹੋਰ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਅਤੇ ਕਾਲਜ ਮੈਨੇਜਿੰਗ ਕਮੇਟੀ ਦੇ ਮੈਂਬਰ ਨੇ ਸ਼ਿਰਕਤ ਕੀਤੀ।
ਕਾਲਜ ਪ੍ਰਿੰਸੀਪਲ ਨੇ ਬੜੇ ਉਚੇਚੇ ਤੌਰ ਤੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਰਜਿਸਟਰਡ ਨਵਾਂ ਸ਼ਹਿਰ ਨੇ ਵਿਸ਼ੇਸ਼ ਸਹਿਯੋਗ ਪਾ ਕੇ ਇਸ ਪ੍ਰੋਗਰਾਮ ਨੂੰ ਸਫਲ ਬਣਾਇਆ। ਕਾਰਜਕ੍ਰਮ ਦੀ ਸ਼ੁਰੂਆਤ ਕਾਲਜ ਵਿਦਿਆਰਥਣ ਤਾਨਿਆ ਨੇ ਗੁਰਬਾਣੀ ਉਚਾਰਨ ਕਰਨ ਦੇ ਨਾਲ ਕਾਲਜ ਮੈਨੇਜਿੰਗ ਕਮੇਟੀ ਦੇ ਸਕੱਤਰ ਸ਼੍ਰੀ ਵਿਨੋਦ ਭਾਰਦਵਾਜ ਜੀ ਦੇ ਸਵਾਗਤੀ ਸ਼ਬਦਾਂ ਨਾਲ ਕੀਤੀ ਗਈ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਪਵਿੱਤਰ ਬਾਣੀ ਨਾਲ ਸੰਬੰਧਿਤ ਇਹ ਸੋਲੋ ਸ਼ਬਦ ਗਾਇਨ ਕੰਪੀਟੀਸ਼ਨ ਕਰਵਾਇਆ ਗਿਆ ਜਿਸ ਵਿੱਚ ਵੱਖ-ਵੱਖ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਨੇ "ਧਰਮ ਹੇਤਿ ਸਾਕਾ ਜਿਨ ਕੀਆ ਸੀਸੁ ਦੀਆ ਪੂ ਸਿਰਰੁ ਨ ਦੀਆ", "ਸਾਧੋ ਗੋਬਿੰਦ ਕੇ ਗੁਨ ਗਾਵਉ", "ਰਾਮ ਸਿਮਰਿ ਰਾਮ ਸਿਮਰਿ ਇਹੈ ਤੇਰੈ ਕਾਜਿ ਹੈ", "ਸਾਧੋ ਮਨ ਕਾ ਮਾਨੁ ਤਿਆਗਉ", "ਰੇ ਮਨ ਕਉਨ ਗਤਿ ਹੋਇ ਹੈ ਤੇਰੀ", ਕਹਾ ਨਰ ਅਪਨੋ ਜਨਮੁ ਗਵਾਵੈ" ਸ਼ਬਦ ਗਾਇਨ ਕਰਕੇ ਪ੍ਰੋਗਰਾਮ ਵਿੱਚ ਅੰਮ੍ਰਿਤ ਵਰਖਾ ਕੀਤੀ ।
ਜੱਜਾਂ ਦੀ ਭੂਮਿਕਾ ਸ. ਸੁਖਵਿੰਦਰ ਸਿੰਘ ਸਾਗਰ (ਪ੍ਰਿੰਸੀਪਲ ਪਦਮ ਸ਼੍ਰੀ ਪ੍ਰੋਫੈਸਰ ਕਰਤਾਰ ਸਿੰਘ ਗੁਰਮਤ ਸੰਗੀਤ ਅਕੈਡਮੀ ਸ਼੍ਰੀ ਆਨੰਦਪੁਰ ਸਾਹਿਬ), ਕੁਮਾਰੀ ਪ੍ਰਭਦੀਪ ਕੌਰ (ਅਧਿਆਪਕਾ ਗੁਰੂ ਨਾਨਕ ਮਿਸ਼ਨ ਪਬਲਿਕ ਸਕੂਲ ਢਾਹਾਂ ਕਲੇਰਾਂ) ਅਤੇ ਸ਼੍ਰੀਮਤੀ ਜਤਿੰਦਰ ਕੌਰ ਅਨੰਦਪੁਰੀ (ਅਧਿਆਪਕਾ, ਸੰਗੀਤ ਵਿਰਾਸਤ ਅਕੈਡਮੀ ਸ਼੍ਰੀ ਅਨੰਦਪੁਰ ਸਾਹਿਬ) ਨੇ ਨਿਭਾਈ। ਨਿਰਣਾਇਕ ਮੰਡਲ ਵੱਲੋਂ ਸੁਰ, ਲੈ ਉਚਾਰਣ ਅਤੇ ਭਾਵ ਅਭਿਵੈਕਤੀ ਦੇ ਆਧਾਰ ਤੇ ਪ੍ਰਤੀਯੋਗੀਦਾ ਦਾ ਮੁਲਾਂਕਣ ਕੀਤਾ ਗਿਆ। ਆਏ ਹੋਏ ਮੁੱਖ ਮਹਿਮਾਨ ਸਰਦਾਰ ਸੁਰਜੀਤ ਸਿੰਘ ਨੇ ਇਸ ਪ੍ਰੋਗਰਾਮ ਦੀ ਵੱਧ ਚੜ ਕੇ ਸਰਾਹਣਾ ਕੀਤੀ। ਉਹਨਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਸੱਚ, ਧਰਮ ਅਤੇ ਮਨੁੱਖੀ ਅਧਿਕਾਰਾਂ ਦੇ ਮਹਾਨ ਰਖਵਾਲੇ ਸਨ। ਉਨ੍ਹਾਂ ਦੀ ਜ਼ਿੰਦਗੀ ਤਿਆਗ, ਧੀਰਜ ਅਤੇ ਨਿਸ਼ਕਾਮ ਸੇਵਾ ਦੀ ਉੱਚੀ ਮਿਸਾਲ ਹੈ। ਗੁਰੂ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ ਦਾ ਕੇਂਦਰ ਨਿਰਭੈਤਾ, ਸਹਿਨਸ਼ੀਲਤਾ ਅਤੇ ਵਾਹਿਗੁਰੂ ਨਾਲ ਅਟੱਲ ਵਿਸ਼ਵਾਸ ਸੀ। ਉਨ੍ਹਾਂ ਨੇ ਮਨੁੱਖ ਨੂੰ ਲੋਭ, ਮੋਹ, ਅਹੰਕਾਰ ਅਤੇ ਡਰ ਤੋਂ ਉਪਰ ਉੱਠ ਕੇ ਸੱਚ ਦੇ ਰਾਹ ’ਤੇ ਤੁਰਨ ਦੀ ਪ੍ਰੇਰਣਾ ਦਿੱਤੀ। ਗੁਰੂ ਜੀ ਨੇ ਸਿਖਾਇਆ ਕਿ ਅਸਲ ਧਰਮ ਦੂਜਿਆਂ ਦੇ ਧਾਰਮਿਕ ਵਿਸ਼ਵਾਸਾਂ ਦੀ ਇੱਜ਼ਤ ਕਰਨਾ ਅਤੇ ਜ਼ੁਲਮ ਦਾ ਡਟ ਕੇ ਵਿਰੋਧ ਕਰਨਾ ਹੈ।
ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਬਲਿਦਾਨ ਮਨੁੱਖੀ ਇਤਿਹਾਸ ਵਿੱਚ ਅਦੁੱਤੀਯ ਹੈ। 1675 ਈਸਵੀ ਵਿੱਚ ਉਨ੍ਹਾਂ ਨੇ ਕਸ਼ਮੀਰੀ ਪੰਡਤਾਂ ਦੀ ਧਾਰਮਿਕ ਆਜ਼ਾਦੀ ਦੀ ਰੱਖਿਆ ਲਈ ਆਪਣਾ ਸਰਵੋਚ ਬਲਿਦਾਨ ਦਿੱਤਾ। ਉਨ੍ਹਾਂ ਨੇ ਜ਼ਬਰਦਸਤੀ ਧਰਮ ਪਰਿਵਰਤਨ ਦੇ ਖ਼ਿਲਾਫ਼ ਖੜ੍ਹ ਕੇ ਇਹ ਸਾਬਤ ਕੀਤਾ ਕਿ ਧਰਮ ਦੀ ਰੱਖਿਆ ਸਿਰਫ਼ ਆਪਣੇ ਲਈ ਨਹੀਂ, ਸਗੋਂ ਸਾਰੀ ਮਨੁੱਖਤਾ ਲਈ ਹੁੰਦੀ ਹੈ। ਸ਼੍ਰੀਮਤੀ ਸੁਰਿੰਦਰ ਕੌਰ ਤੂਰ (ਸਮਾਜ ਸੇਵਿਕਾ) ਨੇ ਵੀ ਇਸ ਪ੍ਰੋਗਰਾਮ ਦੀ ਸਰਾਹਣਾ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਕਾਲਜਾਂ ਸਕੂਲਾਂ ਅਤੇ ਜ਼ਿਲੇ ਵਿੱਚ ਕੰਮ ਕਰ ਰਹੀਆਂ ਸੁਸਾਇਟੀਆਂ, ਐਨ.ਜੀ.ਓ ਦੁਆਰਾ ਹੁੰਦੇ ਰਹਿਣੇ ਚਾਹੀਦੇ ਹਨ ਤਾਂ ਕਿ ਆਉਣ ਵਾਲੀ ਪੀੜੀ ਨੂੰ ਸਾਡੇ ਗੁਰੂਆਂ ਅਤੇ ਵੱਡੀਆਂ ਦੀ ਬਲਦਾਨੀ ਯਾਦ ਰਹੇ ਅਤੇ ਆਪਣੇ ਦੇਸ਼ ਨੂੰ ਇੱਕ ਐਸੀ ਉਚਾਈ ਤੇ ਲੈ ਜਾਣ ਜਿੱਥੇ ਪੂਰੇ ਸੰਸਾਰ ਨੂੰ ਇਸ ਦੇਸ਼ ਦੇ ਮਾਣ ਮਹਿਸੂਸ ਹੋਵੇ।
ਨਤੀਜੇ ਵਿੱਚ ਇੰਟਰ ਸਕੂਲ ਸੋਲੋ ਸ਼ਬਦ ਗਾਇਨ ਮੁਕਾਬਲੇ ਵਿੱਚੋਂ ਪਹਿਲਾ ਸਥਾਨ ਕੈਂਬਰਿਜ ਇੰਟਰਨੈਸ਼ਨਲ ਸਕੂਲ ਨਵਾਂ ਸ਼ਹਿਰ ਨੇ ਜਿੱਤਿਆ, ਦੂਸਰਾ ਸਥਾਨ ਗੁਰੂ ਰਾਮਦਾਸ ਇੰਟਰਨੈਸ਼ਨਲ ਪਬਲਿਕ ਸਕੂਲ ਨੇ ਹਾਸਲ ਕੀਤਾ ਅਤੇ ਤੀਸਰਾ ਸਥਾਨ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਰਾਹੋ ਨੇ ਹਾਸਿਲ ਕੀਤਾ । ਇਸ ਦੇ ਨਾਲ ਹੀ ਇੰਟਰ ਕਾਲਜ ਸ਼ਬਦ ਗਾਇਨ ਮੁਕਾਬਲੇ ਵਿੱਚੋਂ ਪਹਿਲਾ ਸਥਾਨ ਕਮਲਾ ਨਹਿਰੂ ਕਾਲਜ ਫਗਵਾੜਾ ਨੇ ਹਾਸਿਲ ਕੀਤਾ ਅਤੇ ਦੂਸਰਾ ਸਥਾਨ ਆਰ.ਕੇ ਆਰਿਆ ਕਾਲਜ ਨਵਾਂ ਸ਼ਹਿਰ ਨੇ ਹਾਸਿਲ ਕੀਤਾ। ਜੇਤੂ ਵਿਦਿਆਰਥੀ ਅਤੇ ਵਿਦਿਆਰਥਣਾਂ ਨੂੰ ਟਰੋਫੀ, ਸਰਤੀਫਿਕੇਟ ਅਤੇ ਨਗਦੀ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਤੇ ਕਾਲਜ ਮੈਗਜ਼ੀਨ ਸ੍ਵਸਤਿ ਦੇ ਐਡੀਟਰ ਡਾ ਅਰੁਣਾ ਪਾਠਕ ਦੁਆਰਾ ਕਾਲਜ ਮੈਗਜ਼ੀਨ ਸ੍ਵਸਤਿ ਦੀ ਘੁੰਡ ਚੁਕਾਈ ਕੀਤੀ ਗਈ। ਮੰਚ ਸੰਚਾਲਨ ਪ੍ਰੋ. ਸੋਨੀਆ ਅੰਗਰਿਸ਼ ਅਤੇ ਉਂਕਾਰ ਸਿੰਘ ਦੁਆਰਾ ਕੀਤਾ ਗਿਆ। ਅੰਤ ਵਿੱਚ ਕਾਲਜ ਪ੍ਰਿੰਸੀਪਲ ਨੇ ਆਏ ਹੋਏ ਸਤਿਕਾਰਯੋਗ ਮੁੱਖ ਮਹਿਮਾਨ, ਨਿਰਣਾਇਕ ਮੰਡਲ, ਕਾਲਜ ਮੈਨੇਜਿੰਗ ਕਮੇਟੀ ਦੇ ਸਕੱਤਰ ਅਤੇ ਹੋਰ ਮੈਂਬਰ, ਵੱਖ-ਵੱਖ ਸਕੂਲਾਂ-ਕਾਲਜਾਂ ਤੋਂ ਆਏ ਪ੍ਰਿੰਸੀਪਲ, ਅਧਿਆਪਕ, ਭਾਗੀਦਾਰਾਂ ਅਤੇ ਕਾਲਜ ਵਿਦਿਆਰਥਣਾਂ ਦਾ ਬੜੇ ਹੀ ਨਿੱਘੇ ਸ਼ਬਦਾਂ ਨਾਲ ਧੰਨਵਾਦ ਕਰਦੇ ਹੋਏ ਕਿਹਾ ਕਿ ਅੱਜ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਪੁਰਬ ਦੇ ਅਵਸਰ ਤੇ ਆਯੋਜਿਤ ਇੰਟਰ ਸਕੂਲ ਅਤੇ ਕਾਲਜ ਸੋਲੋ ਸ਼ਬਦ ਗਾਇਨ ਪ੍ਰਤੀਯੋਗਿਤਾ ਦੇ ਸਫਲ ਸੰਪੰਨ ਹੋਣ ਉਪਰੰਤ ਆਓ ਅਸੀਂ ਸਾਰੇ ਮਿਲ ਕੇ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸੱਚ ਧਰਮ ਅਤੇ ਮਨੁੱਖੀ ਅਧਿਕਾਰਾਂ ਦੇ ਸੰਦੇਸ਼ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦਾ ਸੰਕਲਪ ਲਈਏ। ਇਸ ਮੌਕੇ ਤੇ ਸਮੂਹ ਕਾਲਜ ਸਟਾਫ ਮੈਂਬਰ ਸ਼ਾਮਿਲ ਸਨ।