ਸੇਂਟ ਕਾਰਮਲ ਸਕੂਲ, ਰੂਪਨਗਰ ਵਿਖੇ ਰੋਟਰੀ ਕਲੱਬ ਰੂਪਨਗਰ ਵੱਲੋਂ ਵਿਸ਼ੇਸ਼ ਸੈਮੀਨਾਰ
ਮਨਪ੍ਰੀਤ ਸਿੰਘ
ਰੂਪਨਗਰ 29 ਜਨਵਰੀ
ਸੇਂਟ ਕਾਰਮਲ ਸਕੂਲ ਰੂਪਨਗਰ ਕਟਲੀ ਵਿਖੇ ਇੱਕ ਵਿਸ਼ੇਸ਼ ਸੈਮੀਨਾਰ ਆਯੋਜਨ ਕੀਤਾ ਗਿਆ ਜਿਸ ਦਾ ਮੁੱਖ ਉਦੇਸ਼ ਇਮਤਿਹਾਨਾਂ ਦੌਰਾਨ ਵਿਦਿਆਰਥੀਆਂ ਦੇ ਦਿਮਾਗ ਤੇ ਪਏ ਤਣਾਅ ਨੂੰ ਮੁਕਤ ਕਰਨਾ ਸੀ। ਸਕੂਲ ਦੇ ਮੈਨੇਜਰ ਮੈਡਮ ਸ਼੍ਰੀਮਤੀ ਮਾਧੁਰੀ ਸੈਣੀ ਜੀ ਅਤੇ ਡਿਵੈਲਪਮੈਂਟ ਮੈਨੇਜਰ ਮੈਡਮ ਸ੍ਰੀਮਤੀ ਜਯਾ ਸੈਣੀ ਜੀ ਨੇ ਇਸ ਸੈਮੀਨਾਰ ਨੂੰ ਵਿਦਿਆਰਥੀਆਂ ਦੀ ਮਾਨਸਿਕਤਾ ਦੇ ਯੋਗ ਸਮਝਦੇ ਹੋਏ ਇਸਨੂੰ ਸਕੂਲ ਵਿੱਚ ਕਰਵਾਉਣਾ ਜ਼ਰੂਰੀ ਸਮਝਿਆ। ਇਹ ਸੈਮੀਨਾਰ ਰੋਟਰੀ ਕਲੱਬ ਦੇ ਮੈਂਬਰ ਸ੍ਰੀਮਤੀ ਨੀਨੂੰ ਸਤਿਆਲ ਅਤੇ ਰੋਟੇਰੀਅਨ ਪ੍ਰੈਜ਼ੀਡੈਂਟ ਸਹਿਯੋਗੀ ਬੰਧਨਾ ਸ਼ਰਮਾ ਜੀ (ਜਿਨ੍ਹਾਂ ਨੇ 35 ਸਾਲ ਤੋਂ ਵੀ ਜ਼ਿਆਦਾ ਸਿੱਖਿਆ ਖੇਤਰ ਵਿੱਚ ਸੇਵਾ ਨਿਭਾਈ) ਵੱਲੋਂ ਬਹੁਤ ਹੀ ਵਧੀਆ ਢੰਗ ਨਾਲ਼ ਆਯੋਜਿਤ ਕੀਤਾ ਗਿਆ। ਸੈਮੀਨਾਰ ਦੇ ਸ਼ੁਰੂ ਵਿੱਚ ਉਨ੍ਹਾਂ ਨੇ ਰੋਟਰੀ ਕਲੱਬ ਦੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਇਆ ਕਿ ਇਹ ਸੰਸਥਾ ਲਗਭਗ 120 ਸਾਲਾਂ ਤੋਂ ਮਨੁੱਖਤਾ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਉਂਦੀ ਆ ਰਹੀ ਹੈ ਤੇ ਇਸਦੀਆਂ ਸ਼ਾਖਾਵਾਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਆਪਣਾ ਮੁਕੰਮਲ ਕੰਮ ਕਰ ਰਹੀਆਂ ਹਨ। ਇਹ ਸੰਸਥਾ ਗਰੀਬ ਬੱਚਿਆਂ, ਅਨਾਥਾਂ ਤੇ ਲੋੜਵੰਦਾਂ ਦੀ ਮਦਦ ਤਾਂ ਕਰਦੀ ਹੈ, ਇਸਦੇ ਨਾਲ਼-ਨਾਲ਼ ਵਿਦਿਆਰਥੀਆਂ ਦੀ ਵਧੀਆ ਕਾਰਗੁਜ਼ਾਰੀ ਤੇ ਉਨ੍ਹਾਂ ਨੂੰ ਉਤਸ਼ਾਹਿਤ ਵੀ ਕਰਦੀ ਹੈ ਜਿਸ ਨਾਲ਼ ਵਿਦਿਆਰਥੀਆਂ ਦਾ ਮਨੋਬਲ ਵੱਧਦਾ ਹੈ। ਪ੍ਰੋ. ਨੀਨੂੰ ਸਤਿਆਲ ਜੀ ਨੇ ਵਿਦਿਆਰਥੀਆਂ ਨੂੰ ਬੜੇ ਪਿਆਰ ਨਾਲ਼ ਸਮਝਾਇਆ ਕਿ ਇਮਤਿਹਾਨਾਂ ਦੇ ਦਿਨਾਂ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਵਾਧੂ ਬੋਝ ਕਰਕੇ ਡਰਨਾ ਨਹੀਂ ਚਾਹੀਦਾ ਤੇ ਨਾ ਹੀ ਕਿਸੇ ਪ੍ਰਕਾਰ ਦਾ ਦਿਮਾਗੀ ਤਣਾਅ ਆਪਣੇ ਉੱਪਰ ਪਾਉਣਾ ਚਾਹੀਦਾ ਹੈ। ਆਪਣੇ ਮਨ ਨੂੰ ਆਪਣੇ ਢੰਗ ਨਾਲ਼ ਬਦਲਣਾ ਚਾਹੀਦਾ ਹੈ। ਵਿਦਿਆਰਥੀਆਂ ਨੂੰ ਮਾਨਸਿਕ ਸੰਤੁਲਨ ਬਣਾਉਣ ਲਈ ਸੰਗੀਤ ਸੁਣ ਕੇ, ਵੱਖ-ਵੱਖ ਤਰ੍ਹਾਂ ਦੀਆਂ ਕਸਰਤਾਂ ਕਰਕੇ ਤੇ ਹਰ ਪ੍ਰਕਾਰ ਦੇ ਡਰ ਤੇ ਤਣਾਓ ਨੂੰ ਛੱਡ ਕੇ ਆਪਣੇ ਮਨ ਦੀ ਖ਼ੁਸ਼ੀ ਲਈ ਕੁਝ ਸਮਾਂ ਗੁਜ਼ਾਰਨਾ ਚਾਹੀਦਾ ਹੈ। ਜਦੋਂ ਪੜ੍ਹਾਈ ਤੋਂ ਅੱਕ-ਥੱਕ ਜਾਓ ਕੁਝ ਸਮਾਂ ਨੱਚੋ, ਸੰਗੀਤ ਸੁਣੋ, ਖੇਡੋ ਤੇ ਆਪਣੀ ਮਨਮਰਜ਼ੀ ਦਾ ਕੰਮ ਕਰੋ। ਮਨ ਦੀ ਸ਼ਾਂਤੀ ਤੇ ਤਣਾਓ ਨੂੰ ਘਟਾਉਣ ਲਈ ਪ੍ਰਮਾਤਮਾ ਦਾ ਸਿਮਰਨ ਕਰੋ। ਵਿਦਿਆਰਥੀਆਂ ਨੇ ਲੰਮੇ ਸਮੇਂ ਤੱਕ ਇਨ੍ਹਾਂ ਗੱਲਾਂ ਨੂੰ ਬੜੀ ਦਿਲਚਸਪੀ ਨਾਲ਼ ਸੁਣਿਆ ਤੇ ਇਸ ਸੈਮੀਨਾਰ ਦਾ ਲਾਭ ਉਠਾਇਆ। ਸਕੂਲ ਦੇ ਪ੍ਰਿੰਸੀਪਲ ਅਤੇ ਡਾਇਰੈਕਟਰ ਪ੍ਰਿੰਸੀਪਲ ਜੀ ਨੇ ਰੋਟਰੀ ਕਲੱਬ ਦੇ ਇਨ੍ਹਾਂ ਦੋਨਾਂ ਵਕਤਿਆਂ ਦਾ ਦਿਲੋਂ ਧੰਨਵਾਦ ਕੀਤਾ ਤੇ ਸਕੂਲ ਵੱਲੋਂ ਇੱਕ ਪਿਆਰੀ ਭੇਟਾ ਦੇ ਕੇ ਸਨਮਾਨਿਤ ਕੀਤਾ। ਰੋਟਰੀ ਕਲੱਬ ਦੇ ਇਨ੍ਹਾਂ ਵਕਤਿਆਂ ਨੇ ਵੀ ਕਲੱਬ ਵੱਲੋਂ ਸਕੂਲ ਨੂੰ ਸੁਗਾਤਾਂ ਦੇ ਕੇ ਕਲੱਬ ਦਾ ਮਾਣ ਵਧਾਇਆ।