ਟ੍ਰਾਈਡੈਂਟ ਗਰੁੱਪ ਦਾ ਵੱਡਾ ਕਦਮ: ਐੱਸ.ਐੱਲ.ਆਈ.ਈ.ਟੀ. ਸੰਗਰੂਰ ਵਿੱਚ ਰਿਸਰਚ ਸਸਟੇਨੇਬਿਲਟੀ ਲੈਬ ਦੀ ਸਥਾਪਨਾ ਲਈ ₹1 ਕਰੋੜ ਦਾ ਯੋਗਦਾਨ
ਪਦਮਸ਼੍ਰੀ ਰਾਜਿੰਦਰ ਗੁਪਤਾ, ਰਾਜ ਸਭਾ ਮੈਂਬਰ ਦੀ ਅਗਵਾਈ ਹੇਠ ਪਹਿਲ
ਪੰਜਾਬ/ਚੰਡੀਗੜ੍ਹ, 22 ਜਨਵਰੀ 2026: ਪਦਮਸ਼੍ਰੀ ਰਜਿੰਦਰ ਗੁਪਤਾ, ਮਾਣਯੋਗ ਮੈਂਬਰ ਸੰਸਦ (ਰਾਜ ਸਭਾ), ਸਥਾਈ ਕਮੇਟੀ (ਸ਼੍ਰਮ, ਟੈਕਸਟਾਈਲ ਅਤੇ ਸਕਿੱਲ ਡਿਵੈਲਪਮੈਂਟ) ਦੇ ਮੈਂਬਰ ਅਤੇ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਐਮੇਰਿਟਸ ਨੇ ਅੱਜ ਸੰਤ ਲੋਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲੋਜੀ (ਐਸਐਲਆਈਈਟੀ), ਸੰਗਰੂਰ ਵਿੱਚ ‘ਰਿਸਰਚ ਸਸਟੇਨੇਬਿਲਟੀ ਲੈਬ’ ਦੀ ਸਥਾਪਨਾ ਲਈ 1 ਕਰੋੜ ਰੁਪਏ ਦੇ ਯੋਗਦਾਨ ਦਾ ਐਲਾਨ ਕੀਤਾ। ਇਹ ਪਹਿਲ ਟ੍ਰਾਈਡੈਂਟ ਦੀਆਂ ਉਤਪਾਦਨ ਇਕਾਈਆਂ ਤੋਂ ਮਿਲਣ ਵਾਲੇ ਅਸਲ ਓਪਰੇਸ਼ਨਲ ਡਾਟਾ ਦੇ ਆਧਾਰ ’ਤੇ ਉਦਯੋਗਿਕ ਪਲਾਂਟਾਂ ਵਿੱਚ ਮਕੈਨੀਕਲ ਅਤੇ ਇਲੈਕਟ੍ਰਿਕਲ/ਇਲੈਕਟ੍ਰਾਨਿਕ ਪ੍ਰਣਾਲੀਆਂ ਵਿੱਚ ਆਉਣ ਵਾਲੀਆਂ ਖ਼ਰਾਬੀਆਂ ਲਈ ਇੰਜੀਨੀਅਰਿੰਗ ਹੱਲ ਵਿਕਸਿਤ ਕਰਨ ’ਤੇ ਕੇਂਦਰਿਤ ਹੋਵੇਗੀ।
‘ਰਿਸਰਚ ਸਸਟੇਨੇਬਿਲਟੀ ਲੈਬ’ ਅਧੀਨ ਮਸ਼ੀਨਰੀ ਦੀ ਖ਼ਰਾਬੀ ਦੀ ਪਛਾਣ ਅਤੇ ਮੂਲ ਕਾਰਨ ਵਿਸ਼ਲੇਸ਼ਣ, ਇੰਜੀਨੀਅਰਿੰਗ ਅਤੇ ਏ ਆਈ ਆਧਾਰਿਤ ਪ੍ਰਿਡਿਕਟਿਵ ਮੇਂਟੇਨੈਂਸ ਫ੍ਰੇਮਵਰਕ, ਇਲੈਕਟ੍ਰਿਕਲ ਅਤੇ ਇਲੈਕਟ੍ਰਾਨਿਕ ਪ੍ਰਣਾਲੀਆਂ ਲਈ ਡਾਟਾ-ਆਧਾਰਿਤ ਭਰੋਸੇ ਯੋਗ ਮਾਡਲਿੰਗ ਅਤੇ ਐਸਐਲਆਈਈਟੀ ਦੇ ਖੋਜਕਰਤਾਵਾਂ ਤੇ ਟ੍ਰਾਈਡੈਂਟ ਦੀਆਂ ਤਕਨੀਕੀ ਟੀਮਾਂ ਵਿਚਕਾਰ ਸਾਂਝੇ ਆਰ ਐਂਡ ਡੀ ਪ੍ਰੋਜੈਕਟਾਂ ਨੂੰ ਉਤਸ਼ਾਹ ਮਿਲੇਗਾ। ਇਸ ਅਧੁਨਿਕ ਸੁਵਿਧਾ ਦਾ ਮਕਸਦ ਵਿਦਿਆਰਥੀਆਂ ਅਤੇ ਖੋਜਕਰਤਾਵਾਂ ਨੂੰ ਅਸਲੀ ਡਾਟਾ ’ਤੇ ਕੰਮ ਕਰਨ ਦਾ ਮੌਕਾ ਦੇ ਕੇ ਵੱਡੇ ਪੱਧਰ ਦੇ ਉਤਪਾਦਨ ਮਾਹੌਲ ਲਈ ਵਿਹਾਰਕ ਹੱਲ ਤਿਆਰ ਕਰਨਾ ਹੈ, ਤਾਂ ਜੋ ਦੇਸ਼ ਦੀ ਉਦਯੋਗਿਕ ਸਮੱਸਿਆ-ਹੱਲ ਸਮਰੱਥਾ ਮਜ਼ਬੂਤ ਹੋ ਸਕੇ।
ਕਾਰਜਕ੍ਰਮ ਦਾ ਆਯੋਜਨ ਐਸਐਲਆਈਈਟੀ ਦੇ ਨਿਰਦੇਸ਼ਕ ਪ੍ਰੋ. ਮਣੀ ਕਾਂਤ ਪਾਸਵਾਨ ਦੀ ਅਗਵਾਈ ਹੇਠ ਕੀਤਾ ਗਿਆ, ਜਿਸ ਵਿੱਚ ਪ੍ਰੋ. ਰਵੀ ਕਾਂਤ ਮਿਸ਼ਰਾ, ਡੀਨ (ਅਲੂਮਨਾਈ ਅਤੇ ਉਦਯੋਗਿਕ ਸੰਬੰਧ) ਅਤੇ ਪ੍ਰੋ. ਸੁਰਿੰਦਰ ਸਿੰਘ, ਡੀਨ (ਰਿਸਰਚ ਅਤੇ ਕਨਸਲਟੈਂਸੀ) ਦਾ ਵਿਸ਼ੇਸ਼ ਸਹਿਯੋਗ ਰਿਹਾ। ਸੰਸਥਾ ਵੱਲੋਂ ਕਿਹਾ ਗਿਆ ਕਿ ਇਹ ਪਹਿਲ ਮਕੈਨੀਕਲ, ਇਲੈਕਟ੍ਰਿਕਲ ਅਤੇ ਇਲੈਕਟ੍ਰਾਨਿਕਸ ਇੰਜੀਨੀਅਰਿੰਗ ਵਿੱਚ ਪ੍ਰਯੋਗਿਕ ਸਿੱਖਿਆ, ਅਸਲ ਉਦਯੋਗਿਕ ਤਜਰਬੇ ਅਤੇ ਖੋਜ ਦੀ ਗਹਿਰਾਈ ਨੂੰ ਨਵੀਂ ਦਿਸ਼ਾ ਦੇਵੇਗੀ।
ਇਸ ਮੌਕੇ ਸੰਬੋਧਨ ਕਰਦਿਆਂ ਪਦਮਸ਼੍ਰੀ ਰਜਿੰਦਰ ਗੁਪਤਾ ਨੇ ਆਧੁਨਿਕ ਉਤਪਾਦਨ ਵਿੱਚ ਇੰਜੀਨੀਅਰਿੰਗ ਨਵੀਨਤਾ, ਤਕਨੀਕੀ ਸਹੀਪਨ ਅਤੇ ਡਾਟਾ-ਆਧਾਰਿਤ ਫ਼ੈਸਲਾ-ਕਰਨ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਨਵੀਂ ਲੈਬ ਅਕਾਦਮਿਕ ਖੋਜ ਅਤੇ ਅਸਲ ਉਦਯੋਗਿਕ ਚੁਣੌਤੀਆਂ ਵਿਚਕਾਰ ਦੀ ਖਾਈ ਨੂੰ ਘਟਾਉਣ ਵਿੱਚ ਮਦਦਗਾਰ ਸਾਬਤ ਹੋਵੇਗੀ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਟ੍ਰਾਈਡੈਂਟ ਗਰੁੱਪ ਐਸਐਲਆਈਈਟੀ ਦੇ 100 ਮੇਧਾਵੀ ਵਿਦਿਆਰਥੀਆਂ ਨੂੰ ਰੋਜ਼ਗਾਰ/ਪਲੇਸਮੈਂਟ ਦੇ ਮੌਕੇ ਪ੍ਰਦਾਨ ਕਰੇਗਾ, ਜਿਸ ਵਿੱਚ ਅਕਾਦਮਿਕ ਤੌਰ ’ਤੇ ਮਜ਼ਬੂਤ ਪਰ ਆਰਥਿਕ ਤੌਰ ’ਤੇ ਕਮਜ਼ੋਰ ਵਿਦਿਆਰਥੀਆਂ ਨੂੰ ਤਰਜੀਹ ਦਿੱਤੀ ਜਾਵੇਗੀ। ਇਹ ਕਦਮ ਬਿਨਾਂ ਵਿੱਤੀ ਰੁਕਾਵਟਾਂ ਦੇ ਪ੍ਰਤਿਭਾ ਨੂੰ ਅੱਗੇ ਵਧਾਉਣ ਪ੍ਰਤੀ ਟ੍ਰਾਈਡੈਂਟ ਗਰੁੱਪ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਇਸ ਤੋਂ ਪਹਿਲਾਂ ਨਿਰਦੇਸ਼ਕ ਪ੍ਰੋ. ਪਾਸਵਾਨ ਨੇ ਐਸਐਲਆਈਈਟੀ ਵਿੱਚ ਚੱਲ ਰਹੀਆਂ ਖੋਜ, ਨਵੀਨਤਾ ਅਤੇ ਸਕਿੱਲ ਡਿਵੈਲਪਮੈਂਟ ਨਾਲ ਜੁੜੀਆਂ ਪਹਿਲਾਂ ਬਾਰੇ ਜਾਣਕਾਰੀ ਦਿੱਤੀ। ਕਾਰਜਕ੍ਰਮ ਵਿੱਚ ਫੈਕਲਟੀ ਮੈਂਬਰਾਂ, ਸਟਾਫ਼ ਅਤੇ ਵਿਦਿਆਰਥੀਆਂ ਦੀ ਉਤਸ਼ਾਹਪੂਰਕ ਭਾਗੀਦਾਰੀ ਰਹੀ, ਜਿਸ ਨਾਲ ਉਦਯੋਗ–ਅਕਾਦਮਿਕ ਸਹਿਯੋਗ ਦੀ ਵਧਦੀ ਮਜ਼ਬੂਤੀ ਪ੍ਰਗਟ ਹੋਈ। ‘ਰਿਸਰਚ ਸਸਟੇਨੇਬਿਲਟੀ ਲੈਬ’ ਦੀ ਸਥਾਪਨਾ ਉਤਪਾਦਨ ਦੀ ਭਰੋਸੇਯੋਗਤਾ ਵਧਾਉਣ, ਤਕਨੀਕੀ ਹੁਨਰ ਵਿਕਾਸ ਨੂੰ ਤੇਜ਼ ਕਰਨ ਅਤੇ ਭਾਰਤ ਦੀ ਉਦਯੋਗਿਕ ਮੁਕਾਬਲੇਬਾਜ਼ੀ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਣ ਕਦਮ ਹੈ।