ਦਿੱਲੀ ਫੋਰੈਂਸਿਕ ਲੈਬ ਦੀ ਰਿਪੋਰਟ ਮੁਤਾਬਕ ਆਤਿਸ਼ੀ ਦੀ ਵੀਡੀਓ ਸਹੀ: ਸਪੀਕਰ
ਬਾਬੂਸ਼ਾਹੀ ਨੈਟਵਰਕ
ਨਵੀਂ ਦਿੱਲੀ, 17 ਜਨਵਰੀ, 2026: ਦਿੱਲੀ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ ਨੇ ਕਿਹਾ ਹੈ ਕਿ ਦਿੱਲੀ ਫੋਰੈਂਸਿਕ ਲੈਬ ਦੀ ਰਿਪੋਰਟ ਮੁਤਾਬਕ ਆਮ ਆਦਮੀ ਪਾਰਟੀ (ਆਪ) ਆਗੂ ਆਤਿਸ਼ੀ ਦੀ ਵੀਡੀਓ ਸਹੀ ਹੈ ਤੇ ਇਸ ਵਿਚ ਕੋਈ ਛੇੜਛਾੜ ਨਹੀਂ ਕੀਤੀ ਗਈ।
ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿਜੇਂਦਰ ਗੁਪਤਾ ਨੇ ਕਿਹਾ ਕਿ ਉਹਨਾਂ ਵਿਰੋਧੀ ਧਿਰ ਦੀ ਮੰਗ ’ਤੇ ਵੀਡੀਓ ਜਾਂਚ ਵਾਸਤੇ ਦਿੱਲੀ ਫੋਰੈਂਸਿਕ ਲੈਬ ਨੂੰ ਭੇਜੀ ਸੀ। ਹੁਣ ਲੈਬ ਨੇ ਆਪਣੀ ਰਿਪੋਰਟ ਸੌਂਪ ਦਿੱਤੀ ਹੈ ਜਿਸ ਮੁਤਾਬਕ ਵੀਡੀਓ ਸਹੀ ਪਾਈ ਗਈ ਹੈ ਤੇ ਇਸ ਨਾਲ ਕਿਸੇ ਕਿਸਮ ਦੀ ਛੇੜਛਾੜ ਨਹੀਂ ਹੋਈ।
ਉਹਨਾਂ ਕਿਹਾ ਕਿ ਪੰਜਾਬ ਦੀ ਫੋਰੈਂਸਿਕ ਲੈਬ ਨੂੰ ਇਹ ਦੱਸਣਾ ਪਵੇਗਾ ਕਿ ਉਸਨੇ ਕਿਸ ਆਧਾਰ ’ਤੇ ਵੀਡੀਓ ਨਾਲ ਛੇੜਛਾੜ ਹੋਣ ਦੀ ਰਿਪੋਰਟ ਦਿੱਤੀ। ਉਹਨਾਂ ਕਿਹਾ ਕਿ ਇਸ ਮਾਮਲੇ ਦੀ ਸੀ ਬੀ ਆਈ ਜਾਂਚ ਕਰਵਾਈ ਜਾਵੇਗੀ।
ਉਹਨਾਂ ਕਿਹਾ ਕਿ ਹੁਣ ਵੀ ਆਤਿਸ਼ੀ ਨੂੰ ਮੌਕਾ ਦਿੰਦੇ ਹਨ ਕਿ ਉਹ ਆ ਕੇ ਆਪਣੀ ਗਲਤੀ ਦੀ ਮੁਆਫੀ ਮੰਗ ਲੈਣ ਨਹੀਂ ਤਾਂ ਕਾਨੂੰਨ ਮੁਤਾਬਕ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।