ਵਿਧਾਇਕ ਕੁਲਵੰਤ ਸਿੰਘ ਦੇ ਉਪਰਾਲਿਆਂ ਸਦਕਾ ਕੋਪਰੇਟਿਵ ਸੋਸਾਇਟੀਆਂ ਦੇ 7000 ਪ੍ਰਾਪਰਟੀ ਮਾਲਕਾਂ ਨੂੰ ਭਾਰੀ ਰਾਹਤ
ਮੋਹਾਲੀ 15 ਜਨਵਰੀ,2026
ਪੰਜਾਬ ਸਰਕਾਰ ਵੱਲੋਂ ਮਿਤੀ 20.12.2025 ਨੂੰ ਜ਼ਾਰੀ ਨੋਟੀਫ਼ਿਕੇਸ਼ਨ ਰਾਹੀਂ ਪੰਜਾਬ ਵਿੱਖੇ ਪੰਜਾਬ ਕੋਪਰੇਟਿਵ ਸੋਸਾਇਟੀਜ਼ ਐਕਟ 1961 ਤਹਿਤ ਰਜਿਸਟਰਡ ਸਾਰੀਆਂ ਹਾਊਸਿੰਗ ਸਹਿਕਾਰੀ ਸਭਾਵਾਂ ਅਤੇ ਹੋਰ ਸਹਿਕਾਰੀ ਸਭਾਵਾਂ ਜੋ ਆਪਣੇ ਮੈਂਬਰਾਂ ਨੂੰ ਅਚੱਲ ਸੰਪੱਤੀ ਜਿਵੇਂਕਿ ਪਲਾਟ, ਫ਼ਲੈਟ ਆਦਿ ਅਲਾਟ ਕਰਨ ਨਾਲ ਸਬੰਧਤ ਹਨ, ਲਈ ਇਹ ਜਰੂਰੀ ਕਰ ਦਿੱਤਾ ਗਿਆ ਸੀ ਕਿ ਅਜਿਹੀਆਂ ਸਹਿਕਾਰੀ ਸਭਾਵਾਂ ਦੇ ਮੈਂਬਰ ਆਪਣੀਆਂ ਅਚੱਲ ਸੰਪੱਤੀਆਂ ਰਜਿਸਟਰੇਸ਼ਨ ਐਕਟ 1908 ਦੇ ਤਹਿਤ ਰੈਵਿਨਿਊ ਵਿਭਾਗ ਕੋਲ ਰਜਿਸਟਰ ਕਰਵਾਉਣ। ਇਸ ਨੋਟੀਫ਼ਿਕੇਸ਼ਨ ਦੇ ਉਪਬੰਧਾਂ ਅਨੁਸਾਰ ਜੇਕਰ ਪ੍ਰਾਪਰਟੀ ਦੇ ਅਸਲ/ਪਹਿਲਾ ਅਲਾਟੀ 90 ਦਿਨਾਂ ਦੇ ਵਿੱਚ ਵਿੱਚ ਆਪਣੀ ਪ੍ਰਾਪਰਟੀ ਨੂੰ ਰਜਿਸਟਰ ਕਰਵਾਉਂਦਾ ਹੈ ਤਾਂ ਉਸ ਨੂੰ ਅਸ਼ਟਾਮ ਡਿਊਟੀ ਤੋਂ ਪੂਰਨ ਤੌਰ ਤੇ ਛੋਟ ਦਿੱਤੀ ਗਈ ਹੈ, ਪ੍ਰੰਤੂ ਪਹਿਲੇ ਅਲਾਟੀ ਤੋਂ ਬਾਅਦ ਵਾਲੇ ਖ਼ਰੀਦਦਾਰਾਂ (ਜਿਨ੍ਹਾਂ ਵੱਲੋਂ ਪਹਿਲੇ ਅਲਾਟੀ ਤੋਂ ਪ੍ਰਾਪਰਟੀ ਖ਼ਰੀਦੀ ਗਈ ਹੋਵੇ), ਉਨ੍ਹਾਂ ਲਈ 50% ਅਦਾ ਕਰਨਾ ਜਰੂਰੀ ਹੈ, ਬਸ਼ਰਤੇ ਕਿ ਉਹ ਆਪਣੀ ਪ੍ਰਾਪਰਟੀ ਦੀ ਰਜਿਸਟ੍ਰੇਸ਼ਨ ਨੋਟੀਫ਼ਿਕੇਸ਼ਨ ਜ਼ਾਰੀ ਹੋਣ ਦੀ ਮਿਤੀ ਦੇ 120 ਦਿਨਾਂ ਦੇ ਅੰਦਰ ਅੰਦਰ ਰਜਿਸਟਰ ਕਰਵਾਉਣ।
ਇਸ ਨੋਟੀਫ਼ਿਕੇਸ਼ਨ ਦੇ ਜ਼ਾਰੀ ਹੋਣ ਉਪਰੰਤ ਪਹਿਲੇ ਅਲਾਟੀਆਂ ਤੋਂ ਇਲਾਵਾ ਬਾਅਦ ਦੇ ਅਲਾਟੀਆਂ/ਖ਼ਰੀਦਦਾਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਸੀ, ਕਿਉਂਕਿ ਉਨ੍ਹਾਂ ਦੇ ਕਹਿਣਾ ਸੀ ਕਿ ਜੋ ਅਲਾਟੀ ਨੋਟੀਫ਼ਿਕੇਸ਼ਨ ਦੇ ਜ਼ਾਰੀ ਹੋਣ ਦੀ ਮਿਤੀ ਤੱਕ ਅਲਾਟੀ/ਖ਼ਰੀਦਦਾਰ ਹਨ, ਉਨ੍ਹਾਂ ਨੂੰ ਵੀ ਅਸਲ ਅਲਾਟੀ ਮੰਨਦੇ ਹੋਏ ਅਸਟਾਮ ਡਿਊਟੀ ਤੋਂ ਪੂਰੀ ਤਰ੍ਹਾਂ ਛੋਟ ਹੋਣੀ ਚਾਹੀਦੀ ਹੈ। ਪੰਜਾਬ ਵਿੱਚ ਜ਼ਿਆਦਾਤਰ ਹਾਊਸ ਬਿਲਡਿੰਗ ਕੋਪਰੇਟਿਵ ਸੋਸਾਇਟੀਆਂ ਮੋਹਾਲੀ ਵਿੱਚ ਹੋਣ ਕਾਰਨ ਸਬੰਧਤ ਸੋਸਾਇਟੀਆਂ ਦੇ ਵਸਿੰਦੇ/ਮੈਂਬਰ ਵੱਡੀ ਗਿਣਤੀ ਵਿੱਚ ਮੋਹਾਲੀ ਦੇ ਹਲਕਾ ਵਿਧਾਇਕ ਕੁਲਵੰਤ ਸਿੰਘ ਨੂੰ ਉਕਤ ਨੋਟੀਫ਼ਿਕੇਸ਼ਨ ਜ਼ਾਰੀ ਹੋਣ ਦੀ ਮਿਤੀ ਤੋਂ ਹੀ ਮਿਲ ਕੇ ਗੁਜ਼ਾਰਿਸ਼ ਕਰ ਰਹੇ ਸਨ ਕਿ ਉਨ੍ਹਾਂ ਤੇ ਲਗਾਈ ਅਸਟਾਮ ਡਿਊਟੀ ਤੋਂ ਉਨ੍ਹਾਂ ਨੂੰ ਰਾਹਤ ਦਵਾਈ ਜਾਵੇ। ਸੋਸਾਇਟੀਆਂ ਦੇ ਮੈਂਬਰਾਂ ਨਾਲ ਸਮੇਂ ਸਮੇਂ ਤੇ ਕੀਤੀਆਂ ਮੀਟਿੰਗਾਂ ਦੌਰਾਨ ਹਲਕਾ ਵਿਧਾਇਕ ਵੱਲੋਂ ਉਨ੍ਹਾਂ ਨੂੰ ਵਿਸ਼ਵਾਸ਼ ਦਵਾਇਆ ਜਾਂਦਾ ਰਿਹਾ ਸੀ ਕਿ ਉਹ ਉਨ੍ਹਾਂ ਨੂੰ ਸਰਕਾਰ ਵੱਲੋਂ ਵੱਡੀ ਰਾਹਤ ਲੈ ਕੇ ਦੇਣਗੇ। ਇਸ ਸਮੇਂ ਦੌਰਾਨ ਹਲਕਾ ਵਿਧਾਇਕ ਵੱਲੋਂ ਕੀਤੀਆਂ ਕੋਸ਼ਿਸ਼ਾਂ ਦਾ ਨਤੀਜਾ ਸਰਕਾਰ ਵੱਲੋਂ ਮਿਤੀ 12.01.2026 ਨੂੰ ਜ਼ਾਰੀ ਨੋਟੀਫ਼ਿਕੇਸ਼ਨ ਦੇ ਤੌਰ ਤੇ ਸਾਹਮਣੇ ਆਇਆ ਹੈ। ਇਸ ਨੋਟੀਫ਼ਿਕੇਸ਼ਨ ਰਾਹੀਂ ਅਸਲ ਅਲਾਟੀ ਤੋਂ ਬਾਅਦ ਵਾਲੇ ਖ਼ਰੀਦਦਾਰਾਂ ਨੂੰ ਅਸਟਾਮ ਡਿਊਟੀ ਤੋਂ ਭਾਰੀ ਰਾਹਤ ਦਿੱਤੀ ਗਈ ਹੈ। ਜਿਸ ਅਨੁਸਾਰ ਜੇਕਰ ਕੋਈ ਅਲਾਟੀ/ਖ਼ਰੀਦਦਾਰ ਮਿਤੀ 31 ਜਨਵਰੀ 2026 ਤੱਕ ਆਪਣੀ ਪ੍ਰਾਪਰਟੀ ਦੀ ਰਜਿਸਟਰੀ ਕਰਵਾਉਂਦਾ ਹੈ ਤਾਂ ਉਸਨੂੰ ਸਿਰਫ਼ 1% ਅਸ਼ਟਾਮ ਡਿਊਟੀ ਅਦਾ ਕਰਨੀ ਪਵੇਗੀ, ਜੋ ਪ੍ਰਾਪਰਟੀ ਮਾਲਕ 31.01.2026 ਤੱਕ ਆਪਣੀ ਪ੍ਰਾਪਰਟੀ ਦੀ ਰਜਿਸਟਰੇਸ਼ਨ ਨਹੀਂ ਕਰਵਾਉਂਦੇ ਪ੍ਰੰਤੂ 1 ਫ਼ਰਵਰੀ 2026 ਤੋਂ 28.02.2026 ਤੱਕ ਕਰਵਾਉਂਦੇ ਹਨ ਉਨ੍ਹਾਂ ਨੂੰ ਅਸ਼ਟਾਮ ਡਿਊਟੀ 2% ਦੇ ਹਿਸਾਬ ਨਾਲ ਅਤੇ ਜੋ ਅਲਾਟੀ ਮਿਤੀ 28.02.2026 ਤੋਂ ਬਾਅਦ ਮਿਤੀ 01.03.2026 ਅਤੇ 31.03.2026 ਵਿਚਕਾਰ ਕਰਵਾਉਂਦੇ ਹਨ ਉਨ੍ਹਾਂ ਨੂੰ ਅਸ਼ਟਾਮ ਡਿਊਟੀ 3% ਦੇ ਹਿਸਾਬ ਨਾਲ ਅਦਾ ਕਰਨੀ ਪਵੇਗੀ। ਅਸ਼ਟਾਮ ਡਿਊਟੀ ਤੋਂ ਦਿੱਤੀ ਇਸ ਛੋਟ ਤੋਂ ਇਲਾਵਾ ਸੋਸਾਇਟੀਆਂ ਦੇ ਸਬੰਧਤ ਪ੍ਰਾਪਰਟੀ ਮਾਲਕਾਂ ਨੂੰ SIC/PIDB/SIDF ਤੋਂ ਵੀ ਪੂਰੀ ਤਰ੍ਹਾਂ ਛੋਟ ਦਿੱਤੀ ਗਈ ਹੈ ਪ੍ਰੰਤੂ ਰਜਿਸਟ੍ਰੇਸ਼ਨ ਫੀਸ ਰੂਲਾਂ ਅਨੁਸਾਰ 1% ਅਦਾ ਕਰਨੀ ਪਵੇਗੀ। ਜੇਕਰ ਕੋਈ ਅਲਾਟੀ ਆਪਣੀ ਰਜਿਸਟਰੀ ਮਿਤੀ 31.03.2026 ਤੋਂ ਬਾਅਦ ਕਰਵਾਏਗਾ ਤਾਂ ਉਸ ਨੂੰ ਰੂਲਾਂ ਅਨੁਸਾਰ ਬਣਦੀ ਪੂਰੀ ਅਸ਼ਟਾਮ ਡਿਊਟੀ ਅਦਾ ਕਰਨੀ ਪਵੇਗੀ। ਹਲਕਾ ਵਿਧਾਇਕ ਵੱਲੋਂ ਕੀਤੇ ਉਪਰਾਲਿਆਂ ਦੇ ਨਤੀਜੇ ਵੱਜੋਂ ਕੋਪਰੇਟਿਵ ਹਾਊਸ ਬਿਲਡਿੰਗ ਸੋਸਾਇਟੀਆਂ ਵਿੱਚ ਪ੍ਰਾਪਰਟੀਆਂ ਦੇ ਮਾਲਕਾਂ ਨੂੰ ਮਿਲੀ ਰਾਹਤ ਕਾਰਨ ਉਨ੍ਹਾਂ ਵਿੱਚ ਬਹੁਤ ਖ਼ੁਸ਼ੀ ਦੀ ਲਹਿਰ ਹੈ। ਜਿਸ ਕਾਰਨ ਅੱਜ ਵੱਡੀ ਗਿਣਤੀ ਵਿੱਚ ਸਬੰਧਤ ਸੋਸਾਇਟੀਆਂ ਦੇ ਨੁਮਾਇੰਦੇ ਹਲਕਾ ਵਿਧਾਇਕ ਦਾ ਧੰਨਵਾਦ ਕਰਨ ਉਨ੍ਹਾਂ ਕੋਲ ਪਹੁੰਚੇ। ਇਸ ਮੌਕੇ ਤੇ ਬੋਲਦੇ ਹੋਏ ਹਲਕਾ ਵਿਧਾਇਕ ਵੱਲੋਂ ਕਿਹਾ ਗਿਆ ਕਿ ਉਹ ਸਰਕਾਰ ਤੋਂ ਇਹ ਰਾਹਤ ਲੈਣ ਦੀ ਵੀ ਕੋਸ਼ਿਸ਼ ਕਰਨਗੇ ਕਿ ਸੋਸਾਇਟੀਆਂ ਦੇ ਜੋ ਪ੍ਰਾਪਰਟੀ ਮਾਲਕ ਮਿਤੀ 31.01.2026 ਤੱਕ ਅਸ਼ਟਾਮ ਡਿਊਟੀ ਦਾ ਸਰਟੀਫ਼ਿਕੇਟ ਖ਼ਰੀਦ ਕੇ ਸਬੰਧਤ ਸਬ-ਰਜਿਸਟਰਾਰ ਕੋਲ ਆਪਣੇ ਦਸਤਾਵੇਜ ਪੇਸ਼/ਜਮ੍ਹਾਂ ਕਰਵਾ ਦੇਣਗੇ ਪ੍ਰੰਤੂ ਕਿਸੇ ਕਾਰਨ ਉਨ੍ਹਾਂ ਦੀ ਰਜਿਸਟਰੇਸ਼ਨ ਇਸ ਮਿਤੀ ਤੱਕ ਨਹੀਂ ਹੁੰਦੀ ਭਾਵ ਰਜਿਸਟਰੇਸ਼ਨ ਮਿਤੀ 31.01.2026 ਤੋਂ ਬਾਅਦ ਹੁੰਦੀ ਹੈ ਉਨ੍ਹਾਂ ਤੇ ਸਟੈਂਪ ਡਿਊਟੀ 1% ਹੀ ਲਾਗੂ ਰਹੇਗੀ ਅਤੇ ਜੇਕਰ ਸਬੰਧਤ ਹਾਊਸ ਬਿਲਡਿੰਗ ਕੋਪਰੇਟਿਵ ਸੋਸਾਇਟੀਆਂ ਵੱਲੋਂ ਅਲਾਟੀਆਂ ਨੂੰ ਰਜਿਸਟਰੀ ਕਰਵਾਉਣ ਲਈ ਲੋੜੀਂਦੇ ਦਸਤਾਵੇਜ ਜਿਵੇਂ ਕਿ ਐਨ.ਡੀ.ਸੀ./ਐਨ.ਓ.ਸੀ. ਆਦਿ ਮੁਹੱਈਆ ਕਰਵਾਉਣ ਵਿੱਚ ਬੇਲੋੜੀ ਦੇਰੀ ਕਰਨ ਕਾਰਨ ਸਬੰਧਤ ਅਲਾਟੀ ਰਜਿਸਟਰੀ ਨਹੀ ਕਰਵਾ ਪਾਉਂਦੇ ਤਾਂ ਪੰਜਾਬ ਦੇ ਸਹਿਕਾਰਤਾ ਵਿਭਾਗ ਵੱਲੋਂ ਆਪਣੇ ਪੱਧਰ ਤੇ ਸਪੈਸ਼ਲ ਰਜਿਸਟਰਾਰ ਨਿਯੁਕਤ ਕਰਕੇ ਰਜਿਸਟਰੀਆਂ ਕਰਵਾਈਆਂ ਜਾਣ।
ਇਸ ਮੌਕੇ ਤੇ ਸ਼੍ਰੀ ਕੁਲਦੀਪ ਸਿੰਘ ਸਮਾਣਾਂ, ਸ਼੍ਰੀ ਸੁਖਦੇਵ ਸਿੰਘ ਪਟਵਾਰੀ, ਮਿਉਂਸੀਪਲ ਕੌਂਸਲਰ, ਸ਼੍ਰੀਮਤੀ ਰਮਨਪ੍ਰੀਤ ਕੌਰ ਕੁੰਬੜਾ, ਮਿਉਂਸੀਪਲ ਕੌਂਸਲਰ, ਸ਼੍ਰੀ ਰਾਜੀਵ ਵਸ਼ਿਸਟ, ਸ਼੍ਰੀ ਹਰਮੇਸ਼ ਸਿੰਘ ਕੁੰਬੜਾ, ਸ਼੍ਰੀ ਹਰਪਾਲ ਸਿੰਘ ਚੰਨਾ, ਸ਼੍ਰੀ ਜਸਪਾਲ ਸਿੰਘ ਮਟੌਰ, ਸ਼੍ਰੀ ਹਰਬਿੰਦਰ ਸਿੰਘ, ਸ਼੍ਰੀ ਅਕਬਿੰਦਰ ਸਿੰਘ ਗੋਸਲ, ਸ਼੍ਰੀ ਫੂਲਰਾਜ ਸਿੰਘ, ਸ਼੍ਰੀ ਆਰ.ਪੀ. ਸ਼ਰਮਾ, ਸ਼੍ਰੀ ਅਰੁਣ ਗੋਇਲ, ਡਾ. ਕੁਲਦੀਪ ਸਿੰਘ, ਸ਼੍ਰੀ ਸੁਰਿੰਦਰ ਸਿੰਘ ਰੋਡਾ, ਸ਼੍ਰੀਮਤੀ ਜਸਬੀਰ ਕੌਰ ਅੱਤਲੀ, ਸ਼੍ਰੀਮਤੀ ਸਵਿਤਾ ਪਰਿੰਜਾ ਅਤੇ ਵੱਖ-ਵੱਖ ਹਾਊਸ ਬਿਲੰਡਗ ਸੋਸਾਇਟੀਆਂ ਦੇ ਅਹੁਦੇਦਾਰ ਹਾਜ਼ਰ ਸਨ।