ਪਟਵਾਰੀ ਨਹੀਂ ਮਿਲਦੇ... ਪ੍ਰਾਈਵੇਟ ਕਰਿੰਦਿਆਂ ਦੇ ਸਿਰ 'ਤੇ ਚੱਲ ਰਿਹੈ ਜਗਰਾਉਂ ਦਾ ਪਟਵਾਰਖ਼ਾਨਾ
ਦੀਪਕ ਜੈਨ, ਜਗਰਾਉਂ
ਜਗਰਾਓ ਤਹਿਸੀਲ ਦੇ ਪਟਵਾਰ ਭਵਨ ਵਿੱਚ ਪਟਵਾਰੀਆਂ ਨੂੰ ਮਿਲਣਾ ਅਤੇ ਆਪਣਾ ਕੰਮ ਕਰਵਾਉਣਾ ਜਨਤਾ ਲਈ ਮੁਸ਼ਕਿਲ ਹੋਇਆ ਪਿਆ ਹੈ ਅਤੇ ਜਦੋਂ ਵੀ ਕੋਈ ਆਪਣਾ ਕੰਮ ਕਰਵਾਉਣ ਲਈ ਪਟਵਾਰ ਭਵਨ ਆਪਣੇ ਹਲਕਾ ਪਟਵਾਰੀ ਨੂੰ ਮਿਲਣ ਜਾਂਦਾ ਹੈ ਤਾਂ ਉੱਥੇ ਪਟਵਾਰੀ ਦੀ ਥਾਂ ਤੇ ਪਟਵਾਰੀ ਵੱਲੋਂ ਰੱਖਿਆ ਗਿਆ ਪ੍ਰਾਈਵੇਟ ਤੌਰ ਤੇ ਮੁਲਾਜ਼ਮ ਹੀ ਮਿਲਦਾ ਹੈ।
ਜੇ ਕਿਤੇ ਸਬੱਬ ਨਾਲ ਪਟਵਾਰੀ ਮਿਲ ਵੀ ਜਾਵੇ ਤਾਂ ਉਹ ਕੰਮ ਕਰਨ ਲਈ ਆਪਣੇ ਕਰਿੰਦੇ ਕੋਲ ਹੀ ਪੇਜ ਦਿੰਦਾ ਹੈ ਅਤੇ ਕਰਿੰਦਾ ਕੰਮ ਦੀ ਫੀਸ ਦੱਸ ਕੇ ਅਤੇ ਪਟਵਾਰੀ ਦੇ ਨਾਂ ਤੇ ਵਸੂਲੀ ਕਰ ਲੈਂਦਾ ਹੈ। ਅੱਜ ਜਦੋਂ ਆਪਣੇ ਕੰਮ ਕਰਵਾਉਣ ਲਈ ਜਨਤਾ ਪਟਵਾਰ ਭਵਨ ਪਹੁੰਚਦੀ ਸੀ ਤਾਂ ਕੋਈ ਵੀ ਪਟਵਾਰੀ ਮੌਕੇ ਤੇ ਆਪਣੀ ਸੀਟ ਉੱਪਰ ਮੌਜੂਦ ਨਹੀਂ ਮਿਲਿਆ। ਕਈ ਪਟਵਾਰੀ ਤਾਂ 50-50 ਕਿਲੋਮੀਟਰ ਦੂਰ ਰਹਿੰਦੇ ਹਨ ਅਤੇ ਰੋਜ਼ਾਨਾ ਹੀ ਫਰਲੋ ਮਾਰ ਜਾਂਦੇ ਹਨ।
ਜਦ ਕਿ ਸਰਕਾਰ ਦੀਆਂ ਹਦਾਇਤਾਂ ਹਨ ਕਿ ਪਟਵਾਰੀਆਂ ਨੂੰ ਤਹਿਸੀਲ ਦੇ ਹਲਕੇ ਅੰਦਰ ਹੀ ਘਰ ਲੈ ਕੇ ਰਹਿਣਾ ਲਾਜਮੀ ਹੈ। ਦੂਸਰੇ ਪਟਵਾਰੀਆਂ ਤੋਂ ਵੱਧ ਕੇ ਤਹਿਸੀਲ ਦੇ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਵੀ ਪੂਰੀ ਤਰ੍ਹਾਂ ਲੇਟ ਲਤੀਫ ਹਨ। ਅੱਜ ਜਦੋਂ ਰਜਿਸਟਰੀ ਕਰਵਾਉਣ ਲਈ ਜਨਤਾ ਵੇਟਿੰਗ ਹਾਲ ਵਿੱਚ ਬੈਠੀ ਸੀ ਤਾਂ ਨਾਇਬ ਤਹਸੀਲਦਾਰ 12 ਬਜੇ ਤੋਂ ਬਾਅਦ ਆਪਣੀ ਸੀਟ ਉੱਪਰ ਬੈਠੇ ਅਤੇ ਬਹੁਤ ਥੋੜੀਆਂ ਰਜਿਸਟਰੀਆਂ ਕਰਨ ਮਗਰੋਂ ਦੋ ਵਜੇ ਫਰਲੋ ਮਾਰ ਕੇ ਚਲੇ ਗਏ।
ਤਹਿਸੀਲਦਾਰ ਸਾਹਿਬ ਤਾਂ ਰਜਿਸਟਰੀਆਂ ਕਰਨ ਲਈ ਜਲਦੀ ਹੀ ਪਹੁੰਚ ਰਹੇ ਹਨ- ਮੈਡਮ ਉਪਿੰਦਰਜੀਤ ਕੌਰ
ਇਸ ਬਾਰੇ ਜਦੋਂ ਉਪ ਮੰਡਲ ਮਜਿਸਟ੍ਰੇਟ ਮੈਡਮ ਉਪਿੰਦਰਜੀਤ ਕੌਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਤਹਿਸੀਲਦਾਰ ਸਾਹਿਬ ਤਾਂ ਰਜਿਸਟਰੀਆਂ ਕਰਨ ਲਈ ਜਲਦੀ ਹੀ ਪਹੁੰਚ ਰਹੇ ਹਨ ਅਤੇ ਪਟਵਾਰ ਸਰਕਲ ਜਾ ਕੇ ਵੀ ਉਹ ਖੁਦ ਮੌਕਾ ਮੁਆਇਨਾਂ ਦੇਖਣਗੇ ਅਤੇ ਜੇ ਕੋਈ ਬੇਨੀਮਿਆਂ ਪਾਈਆਂ ਗਈਆਂ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ।
ਤਹਿਸੀਲ ਕੰਪਲੈਕਸ ਵਿੱਚ ਜਿੱਥੇ ਅਫਸਰ ਸ਼ਾਹੀ ਦਾ ਪੂਰੀ ਤਰ੍ਹਾਂ ਰਾਜ ਹੈ ਅਤੇ ਭਰਿਸ਼ਟਾਚਾਰ ਵੀ ਪੂਰੀ ਤਰ੍ਹਾਂ ਆਪਣੇ ਪੈਰ ਜਮਾ ਚੁੱਕਾ ਹੈ। ਪੰਜਾਬ ਸਰਕਾਰ ਨੇ ਅਣ ਅਧਿਕਾਰਤ ਕਲੋਨੀਆਂ ਦੀਆਂ ਰਜਿਸਟਰੀਆਂ ਬਿਨਾਂ ਐਨਓਸੀ ਤੋਂ ਕਰਨ ਤੇ ਪਾਬੰਦੀ ਲਗਾਈ ਹੋਈ ਹੈ। ਪਰ ਮੋਟੀ ਵੱਡੀ ਦੇ ਜ਼ੋਰ ਤੇ ਤਹਿਸੀਲ ਅੰਦਰ ਇਹ ਰਜਿਸਟਰੀਆਂ ਵੀ ਹੋ ਰਹੀਆਂ ਹਨ।