ਪੀ.ਏ.ਯੂ. ਵਿਖੇ ਬਾਗਬਾਨੀ ਸੰਬੰਧੀ ਲੜੀ ਦੇ ਨਵੇਂ ਅੰਕ ਜਾਰੀ ਹੋਏ
ਲੁਧਿਆਣਾ 31 ਦਸੰਬਰ, 2025
ਪੀ.ਏ.ਯੂ. ਵਿਖੇ ਬਾਗਬਾਨੀ ਖੇਤਰ ਵਿਚ ਪਨੀਰੀ ਉਤਪਾਦਨ ਅਤੇ ਬਾਗਾਂ ਦੀ ਸਾਂਭ-ਸੰਭਾਲ ਨਾਲ ਸੰਬੰਧਿਤ ਨਵੇਂ ਅੰਕਾਂ ਨੂੰ ਲੋਕ ਅਰਪਿਤ ਕੀਤਾ ਗਿਆ। ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਦੂਸਰੇ ਅਤੇ ਤੀਸਰੇ ਅੰਕ ਨੂੰ ਬਕਾਇਦਾ ਜਾਰੀ ਕਰਨ ਦੀ ਰਸਮ ਨਿਭਾਈ। ਤਿੰਨੇ ਅੰਕਾਂ ਦੀ ਇਸ ਲੜੀ ਨੂੰ ਡਾ. ਵਿਸਾਖਾ ਸਿੰਘ ਢਿੱਲੋਂ ਨੇ ਲਿਖਿਆ ਹੈ ਅਤੇ ਦਇਆ ਪਬਲਿਸ਼ਿੰਗ ਹਾਊਸ ਨਵੀਂ ਦਿੱਲੀ ਨੇ ਪ੍ਰਕਾਸ਼ਿਤ ਕੀਤਾ ਹੈ। ਇਹ ਤ੍ਰੈ ਲੜੀ ਬਾਗਬਾਨੀ ਦੇ ਖੇਤਰ ਵਿਚ ਜਾਣਕਾਰੀ ਨੂੰ ਵਿਸਥਾਰ ਦਿੰਦੀ ਹੋਈ ਨਰਸਰੀ ਉਤਪਾਦਨ, ਬਾਗਾਂ ਦੀ ਸਾਂਭ-ਸੰਭਾਲ ਅਤੇ ਕੈਨੋਪੀ ਪ੍ਰਬੰਧਨ ਵਰਗੇ ਖੇਤਰਾਂ ਵਿਚ ਨਵੀਨ ਗਿਆਨ ਨੂੰ ਸਾਂਝਾ ਕਰਦੀ ਹੈ ਜਿਸ ਨਾਲ ਮਿਆਰ ਅਤੇ ਮਿਕਦਾਰ ਪੱਖੋਂ ਫਲਾਂ ਦਾ ਵਧੇਰੇ ਉਤਪਾਦਨ ਲਿਆ ਜਾ ਸਕਦਾ ਹੈ।
ਨਵੇਂ ਜਾਰੀ ਕੀਤੇ ਗਏ ਅੰਕਾਂ ਨੇ ਰਾਸ਼ਟਰੀ ਪੱਧਰ ਤੇ ਭਾਰਤ ਸਰਕਾਰ ਦੀਆਂ ਯੋਜਨਾਵਾਂ ਤਹਿਤ ਬਾਗਾਂ ਦੀ ਸਾਫ਼-ਸੁਥਰੀ ਲਵਾਈ ਬਾਰੇ ਭਰਪੂਰ ਚਾਨਣਾ ਪਾਇਆ ਹੈ ਜਿਸ ਨਾਲ ਨਿਰੋਗ ਅਤੇ ਸਾਫ ਸੁਥਰੇ ਬੂਟਿਆਂ ਬਾਰੇ ਫਲ ਉਤਪਾਦਕਾਂ ਦੀ ਜਾਣਕਾਰੀ ਵਧੇਗੀ। ਪਹਿਲੇ ਅੰਕ ਵਿਚ ਸਹਿਯੋਗੀ ਖੇਤਰਾਂ ਬਾਰੇ ਗਿਆਨ ਹੈ ਜਦਕਿ ਦੂਸਰਾ ਅੰਕ ਤਾਪਮਾਨ ਅਤੇ ਗਰਮ ਖੁਸ਼ਕ ਇਲਾਕਿਆਂ ਦੀਆਂ ਫਲਦਾਰ ਫਸਲਾਂ ਨਾਲ ਸੰਬੰਧਿਤ ਹੈ। ਇਹ ਤਿੰਨੇ ਕਿਤਾਬਾਂ ਨਵੇਂ ਗਿਆਨ ਅਤੇ ਤਕਨੀਕਾਂ ਨੂੰ ਬਾਗਬਾਨੀ ਵਿਸ਼ੇਸ਼ ਕਰਕੇ ਫਲਾਂ ਦੀ ਕਾਸ਼ਤ ਸੰਬੰਧੀ ਸਮੁੱਚੇ ਰੂਪ ਵਿਚ ਪੇਸ਼ ਕਰਕੇ ਵੱਖ-ਵੱਖ ਫਸਲ ਮੌਸਮੀ ਖੇਤਰਾਂ ਵਿਚ ਉਤਪਾਦਨ ਨੂੰ ਹੁਲਾਰਾ ਦੇਣ ਵਾਲੀ ਹੈ।
ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਤਾਬਾਂ ਜਾਰੀ ਕਰਨ ਮੌਕੇ ਕਿਹਾ ਕਿ ਇਹ ਤ੍ਰੈ ਲੜੀ ਭਾਰਤੀ ਬਾਗਬਾਨੀ ਨੂੰ ਨਵੀਂ ਦਿਸ਼ਾ ਵੱਲ ਤੋਰਨ ਦੇ ਸਮਰੱਥ ਹੈ। ਇਹਨਾਂ ਨਾਲ ਨਾ ਸਿਰਫ਼ ਉਤਪਾਦਨ ਪੱਖੋਂ ਨਵੀਆਂ ਸਿਖਰਾਂ ਛੂਹੀਆਂ ਜਾ ਸਕਦੀਆਂ ਹਨ ਬਲਕਿ ਪਨੀਰੀ ਦੀ ਵਿਗਿਆਨਕ ਪੈਦਾਵਾਰ, ਬਾਗਾਂ ਦੀ ਲੁਆਈ, ਸਾਂਭ-ਸੰਭਾਲ, ਕੀੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ ਕਰਕੇ ਨਿਰੋਗੀ ਫਸਲ ਦਾ ਉਤਪਾਦਨ ਸੰਭਵਾ ਹੋ ਸਕਦਾ ਹੈ। ਡਾ. ਗੋਸਲ ਨੇ ਕਿਹਾ ਕਿ ਮੰਡੀ ਦੇ ਮੁਕਾਬਲੇ ਵਿਚ ਆਪਣੀ ਹਾਜ਼ਰੀ ਦਰਜ ਕਰਵਾਉਣ ਲਈ ਵਿਗਿਆਨਕ ਕਾਸ਼ਤਕਾਰੀ ਦਾ ਰਾਹ ਇਹਨਾਂ ਕਿਤਾਬਾਂ ਵਿੱਚੋਂ ਰੌਸ਼ਨ ਹੁੰਦਾ ਹੈ।
ਇਹਨਾਂ ਕਿਤਾਬਾਂ ਬਾਰੇ ਹੋਰ ਜਾਣਕਾਰੀ ਦਿੰਦਿਆਂ ਡਾ. ਵਿਸਾਖਾ ਸਿੰਘ ਢਿੱਲੋਂ ਨੇ ਪਨੀਰੀ ਉਤਪਾਦਨ ਤੋਂ ਲੈ ਕੇ ਬਾਗਾਂ ਦੀ ਸੰਭਾਲ ਤੱਕ ਫਸਲ ਉਤਪਾਦਨ ਲਈ ਲੜੀਵਾਰ ਸੁਮੇਲ ਸਥਾਪਿਤ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਅਜੋਕੇ ਫਲ ਉਤਪਾਦਨ ਦੇ ਖੇਤਰ ਵਿਚ ਤਕਨੀਕੀ ਤੌਰ ਤੇ ਬੇਹੱਦ ਚੌਕਸ ਹੋਣ ਅਤੇ ਨਵੀਆਂ ਤਕਨਾਲੋਜੀਆਂ ਅਪਨਾਉਣ ਦੀ ਲੋੜ ਹੈ ਤਾਂ ਹੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਮੁਕਾਬਲਾ ਕੀਤਾ ਜਾ ਸਕੇਗਾ। ਉਹਨਾਂ ਨੇ ਇਹਨਾਂ ਕਿਤਾਬਾਂ ਨੂੰ ਵਿਦਿਆਰਥੀਆਂ, ਅਧਿਆਪਕਾਂ, ਖੋਜੀਆਂ ਅਤੇ ਪੇਸ਼ੇਵਰ ਪਨੀਰੀ ਉਤਪਾਦਕਾਂ ਲਈ ਲਾਹੇਵੰਦ ਕਰਾਰ ਦਿੱਤਾ।