ਮਨਰੇਗਾ ਖ਼ਤਮ ਕਰਨ ਵਿਰੁੱਧ 8 ਜਨਵਰੀ ਦੇ ਬਠਿੰਡਾ ਧਰਨੇ ਦੀ ਸਫ਼ਲਤਾ ਲਈ ਮਜ਼ਦੂਰਾਂ ਦੀ ਮੀਟਿੰਗ
ਅਸ਼ੋਕ ਵਰਮਾ
ਬਠਿੰਡਾ ,31 ਦਸੰਬਰ 2025:ਪੰਜਾਬ ਖੇਤ ਖੇਤ ਮਜ਼ਦੂਰ ਯੂਨੀਅਨ ਵੱਲੋਂ ਪਿੰਡ ਕੋਟੜਾ ਕੌੜਾ ਵਿੱਚ ਮਜਦੂਰਾਂ ਦੀ ਮੀਟਿੰਗ ਕਰਕੇ 7 ਜਨਵਰੀ ਨੂੰ ਬਠਿੰਡਾ ਵਿਖੇ ਲਾਏ ਜਾ ਰਹੇ ਧਰਨੇ ਵਿੱਚ ਮਜ਼ਦੂਰਾਂ ਦੀ ਸ਼ਮੂਲੀਅਤ ਕਰਾਉਣ ਲਈ ਮੀਟਿੰਗ ਕੀਤੀ ਗਈ ਜਿਸ ਨੂੰ ਸੰਬੋਧਨ ਕਰਦੇ ਹੋਏ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਮਨਰੇਗਾ ਨੂੰ ਖਤਮ ਕਰਕੇ "ਵੀ ਬੀ ਜੀ ਰਾਮ ਜੀ " ਰਾਹੀਂ ਕੇਂਦਰੀ ਬਜਟ 'ਚੋਂ ਪੈਣ ਵਾਲਾ 90 ਫੀਸਦੀ ਹਿੱਸਾ ਘਟਾਕੇ 60 ਫੀਸਦੀ ਕਰਨ ਵਰਗੇ ਮਜ਼ਦੂਰ ਵਿਰੋਧੀ ਕਦਮਾਂ ਰਾਹੀਂ ਮਜ਼ਦੂਰਾਂ ਦਾ ਰੁਜ਼ਗਾਰ ਖੋਹਕੇ ਮਜ਼ਦੂਰਾਂ ਦੇ ਚੁਲਿਆਂ ਨੂੰ ਠੰਡਾ ਕਰ ਰਹੀ ਹੈ ।
ਉਹਨਾਂ ਆਖਿਆ ਕਿ ਹਰੀ ਕ੍ਰਾਂਤੀ ਅਤੇ ਨਿੱਜੀਕਰਨ ਦੀਆਂ ਨੀਤੀਆਂ ਕਾਰਨ ਬੇਰੁਜ਼ਗਾਰੀ ਦਾ ਸੰਤਾਪ ਹੰਢਾਉਂਦੇ ਖੇਤ ਮਜ਼ਦੂਰਾਂ ਨੂੰ ਬਦਲਵੇਂ ਤੇ ਪੱਕੇ ਰੁਜ਼ਗਾਰ ਦੀ ਗਰੰਟੀ ਕਰਨ ਲਈ ਲੋੜ ਤਾਂ ਮਨਰੇਗਾ 'ਚ ਹੁੰਦੀ ਸਿਆਸੀ ਦਖਲਅੰਦਾਜ਼ੀ ਤੇ ਭਿਰਸ਼ਟਾਚਾਰ ਨੂੰ ਰੋਕਣ, ਬਜਟ ਵਧਾਉਣ ਅਤੇ ਮਨਰੇਗਾ ਨੂੰ ਪੈਦਾਵਾਰੀ ਕੰਮਾਂ ਨਾਲ ਜੋੜਕੇ ਕੰਮਾਂ ਦਾ ਘੇਰਾ ਤੇ ਦਿਨ ਵਧਾਉਣ ਤੋਂ ਇਲਾਵਾ ਦਿਹਾੜੀ ਦੇ ਰੇਟਾਂ 'ਚ ਵਾਧਾ ਕਰਨ ਵਰਗੇ ਕਦਮ ਚੁੱਕਣ ਦੀ ਸੀ ਪਰ ਕੇਂਦਰ ਸਰਕਾਰ ਉਲਟੀ ਗੰਗਾ ਵਹਾ ਰਹੀ ਹੈ । ਉਹਨਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਵੱਲੋਂ ਪਹਿਲਾਂ ਮਜ਼ਦੂਰ ਵਰਗ ਨੂੰ ਸਰਮਾਏਦਾਰਾਂ ਤੇ ਕਾਰਪੋਰੇਟ ਘਰਾਣਿਆਂ ਦੀ ਅੰਨੀ ਲੁੱਟ ਸ਼ਿਕਾਰ ਬਨਾਉਣ ਲਈ ਕਿਰਤ ਕਾਨੂੰਨਾਂ 'ਚ ਮਜ਼ਦੂਰ ਵਿਰੋਧੀ ਸੋਧਾਂ ਕੀਤੀਆਂ ਗਈਆਂ ਅਤੇ ਹੁਣ ਮਨਰੇਗਾ ਨੂੰ ਖਤਮ ਕਰਕੇ ਸੰਸਾਰ ਬੈਂਕ ਤੇ ਕੌਮਾਂਤਰੀ ਮੁਦਰਾ ਕੋਸ਼ ਵਰਗੀਆਂ ਸਾਮਰਾਜੀ ਸੰਸਥਾਵਾਂ ਦੁਆਰਾ ਲੋਕ ਭਲਾਈ ਯੋਜਨਾਵਾਂ 'ਤੇ ਖ਼ਰਚੇ ਜਾਂਦੇ ਬਜਟਾਂ ਨੂੰ ਛਾਂਗਣ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾ ਰਹੀ ਹੈ।
ਉਹਨਾਂ ਆਖਿਆ ਕਿ ਇੱਕ ਪਾਸੇ ਭਗਵੰਤ ਮਾਨ ਦੀ ਸਰਕਾਰ ਪੰਜਾਬ ਵਿਧਾਨ ਸਭਾ ਵਿੱਚ ਜੀ ਰਾਮ ਜੀ ਕਾਨੂੰਨ ਨੂੰ ਰੱਦ ਕਰਨ ਦਾ ਮਤਾ ਪਾਸ ਕਰਦੀ ਹੈ ਪਰ ਦੂਜੇ ਪਾਸੇ ਮੋਦੀ ਦੇ ਬਣਾਏ ਹੋਏ ਮਜ਼ਦੂਰ ਵਿਰੋਧੀ ਕਿਰਤ ਕੋਡਾਂ ਨੂੰ ਲਾਗੂ ਕਰਕੇ ਸਰਮਾਏਦਾਰਾਂ ਨੂੰ ਮਜ਼ਦੂਰਾਂ ਦੀ ਲੁੱਟ ਕਰਨ ਦੀਆਂ ਖੁੱਲਾਂ ਦਿੱਤੀਆਂ ਜਾ ਰਹੀਆਂ ਹਨ l ਮਜ਼ਦੂਰ ਆਗੂ ਮੁਕੇਸ਼ ਮਲੌਦ ਨੂੰ ਗ੍ਰਿਫਤਾਰ ਕਰਕੇ ਮਾਨ ਸਰਕਾਰ ਨੇ ਮਜ਼ਦੂਰ ਵਿਰੋਧੀ ਹੋਣ ਦਾ ਸਬੂਤ ਪੇਸ਼ ਕੀਤਾ ਹੈ l ਇਸ ਤੋਂ ਇਲਾਵਾ ਵੀ ਨਿੱਜੀਕਰਨ ਦੀਆਂ ਨੀਤੀਆਂ ਲਾਗੂ ਕਰਨ ਰਾਹੀਂ ਜਨਤਕ ਖੇਤਰ ਦੀਆਂ ਜਾਇਦਾਦਾਂ ਵੇਚਣ ਅਤੇ ਪੱਕੇ ਰੁਜ਼ਗਾਰ ਦੀ ਥਾਂ ਠੇਕਾ ਭਰਤੀ ਦੀ ਨੀਤੀ ਲਾਗੂ ਕਰ ਰਹੀ ਹੈ। ਮਜ਼ਦੂਰਾਂ ਨੇ ਮੀਟਿੰਗ ਵਿੱਚ 7 ਜਨਵਰੀ ਨੂੰ ਡਿਪਟੀ ਕਮਿਸਨਰ ਦੇ ਦਫਤਰ ਅੱਗੇ ਦਿੱਤੇ ਜਾ ਰਹੇ ਧਰਨੇ ਵਿਚ ਪਰਿਵਾਰਾਂ ਸਮੇਤ ਜਾਣ ਦਾ ਐਲਾਨ ਕੀਤਾ।