ਪੰਜਾਬ ਦੇ ਰਾਜਪਾਲ ਵੱਲੋਂ ਨਸ਼ਾ ਮੁਕਤ ਮੁਹਿੰਮ ਵਿੱਚ ਸ਼ਾਨਦਾਰ ਯੋਗਦਾਨ ਲਈ ਬੱਚਿਆਂ ਦਾ ਵਿਸ਼ੇਸ਼ ਸਨਮਾਨ
ਰੋਹਿਤ ਗੁਪਤਾ
ਗੁਰਦਾਸਪੁਰ, 13 ਦਸੰਬਰ 2025 : ਚਾਈਲਡ ਵੈਲਫੇਅਰ ਕੌਂਸਲ ਪੰਜਾਬ ਵੱਲੋਂ ਬੀ.ਐੱਮ.ਸੀ ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ, ਲੁਧਿਆਣਾ ਵਿੱਚ ਕਰਵਾਏ ਰਾਜ ਪੱਧਰੀ ਵੀਰ ਬਾਲ ਦਿਵਸ ਮੁਕਾਬਲੇ -2025 ਦੌਰਾਨ ਵੀਰ ਬਾਲ ਦਿਵਸ ਸਮਾਗਮਾਂ ਵਿੱਚ ਸਰਗਰਮ ਭਾਗ ਲੈਣ ਵਾਲੇ ਗੁਰਦਾਸਪੁਰ ਦੇ ਬੱਚਿਆਂ ਨੂੰ ਪੰਜਾਬ ਦੇ ਮਾਣਯੋਗ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।
ਜ਼ਿਲ੍ਹਾ ਚਾਈਲਡ ਵੈਲਫੇਅਰ ਕੌਂਸਲ, ਗੁਰਦਾਸਪੁਰ ਦੇ ਆਨਰੇਰੀ ਸਕੱਤਰ ਰੋਮੇਸ਼ ਮਹਾਜਨ ਨੇ ਦੱਸਿਆ ਕਿ ਇਹ ਨੌਜਵਾਨ ਪ੍ਰਤਿਭਾਵਾਨ ਬੱਚੇ ਅਪ੍ਰੈਲ -2025 ਵਿੱਚ ਮਾਣਯੋਗ ਰਾਜਪਾਲ ਦੀ ਅਗਵਾਈ ਹੇਠ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ “ਯੁੱਧ ਨਸ਼ਿਆਂ ਵਿਰੁੱਧ” ਦੇ ਬੈਨਰ ਹੇਠ ਕਰਵਾਈ ਗਈ ਐਂਟੀ-ਡਰੱਗ ਮੈਰਾਥਾਨ ਵਿੱਚ ਵੀ ਨਸ਼ਿਆਂ ਵਿਰੁੱਧ ਅਭਿਆਨ ਦੇ ਜ਼ਿਲ੍ਹਾ ਨੋਡਲ ਅਫ਼ਸਰ ਸ੍ਰੀ ਪਰਮਿੰਦਰ ਸਿੰਘ ਸੈਣੀ ਨਾਲ ਸ਼ਾਮਲ ਰਹੇ ਸਨ।
ਇਨ੍ਹਾਂ ਬੱਚਿਆਂ ਨੇ ਪਰਮਿੰਦਰ ਸਿੰਘ ਸੈਣੀ ਅਤੇ ਮੁਕੇਸ਼ ਕੁਮਾਰ ਵਰਮਾ ਦੀ ਅਗਵਾਈ ਵਿੱਚ ਨਸ਼ਾ ਮੁਕਤੀ ਬਾਰੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਦੀ ਮਿਹਨਤ, ਅਨੁਸ਼ਾਸਨ ਅਤੇ ਪ੍ਰਤਿਭਾ ਤੋਂ ਪ੍ਰਭਾਵਿਤ ਹੋ ਕੇ ਮਾਣਯੋਗ ਰਾਜਪਾਲ ਨੇ ਬੱਚਿਆਂ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਨਾਲ ਮੁਲਾਕਾਤ ਕਰਦਿਆਂ ਯਾਦਗਾਰ ਤਸਵੀਰਾਂ ਵੀ ਖਿਚਵਾਈਆਂ।
ਇਸ ਉਪਲਬਧੀ ਨੂੰ ਹੋਰ ਮਾਣ ਮਿਲਿਆ ਜਦੋਂ ਗੁਰਦਾਸਪੁਰ ਜ਼ਿਲ੍ਹੇ ਦੇ ਇਨ੍ਹਾਂ ਬੱਚਿਆਂ ਨੇ ਨਸ਼ਾ ਮੁਕਤੀ ਵਿਸ਼ੇ ‘ਤੇ ਕਰਵਾਏ ਗਏ ਰਾਜ ਪੱਧਰੀ ਵੀਰ ਬਾਲ ਦਿਵਸ ਸਕਿੱਟ ਮੁਕਾਬਲੇ ਵਿੱਚ ਤੀਜਾ ਸਥਾਨ ਹਾਸਲ ਕੀਤਾ। ਇਸ ਕਾਮਯਾਬੀ ਨਾਲ ਜ਼ਿਲ੍ਹੇ ਦਾ ਮਾਣ ਵਧਿਆ ਹੈ ।ਇਹਨਾਂ ਵੱਲੋਂ ਨਸ਼ਾ ਮੁਕਤ ਸਮਾਜ ਦਾ ਮਜ਼ਬੂਤ ਸੁਨੇਹਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ, ਗੁਰਦਾਸਪੁਰ ਦੀ ਅਗਵਾਈ ਹੇਠ ਜ਼ਿਲ੍ਹੇ ਵਿੱਚ ਨਸ਼ਿਆਂ ਖ਼ਿਲਾਫ਼ ਜ਼ੋਰਦਾਰ ਮੁਹਿੰਮ ਚੱਲ ਰਹੀ ਹੈ ।
ਇਸ ਮੌਕੇ ਉਹਨਾਂ ਜ਼ਿਲ੍ਹਾ ਬਾਲ ਭਲਾਈ ਕੌਂਸਲ ਦੇ ਨੋਡਲ ਅਫ਼ਸਰ ਪਰਪਿੰਦਰ ਸਿੰਘ ਸੈਣੀ ਸਟੇਟ ਐਵਾਰਡੀ,ਜ਼ਿਲ੍ਹਾ ਗਾਈਡੈਂਸ ਕਾਊਸਲਰ,ਸਹਾਇਕ ਨੋਡਲ ਅਫ਼ਸਰ ਮੁਕੇਸ਼ ਕੁਮਾਰ ਵਰਮਾ,ਕੋਆਰਡੀਨੇਟਰ ਬਖ਼ਸ਼ੀ ਰਾਜ, ਸੰਬੰਧਤ ਸਕੂਲ ਦੇ ਅਧਿਆਪਕਾਂ ਅਤੇ ਬੱਚਿਆਂ ਨੂੰ ਰਾਜ- ਪੱਧਰ ‘ਤੇ ਮਿਲੇ ਸਨਮਾਨ ਅਤੇ ਸਫਲਤਾ ਲਈ ਵਧਾਈ ਦਿੱਤੀ। ਨਾਲ ਹੀ, ਉਨ੍ਹਾਂ ਨੇ ਪੰਜਾਬ ਦੇ ਮਾਣਯੋਗ ਰਾਜਪਾਲ ਅਤੇ ਚਾਈਲਡ ਵੈਲਫੇਅਰ ਕੌਂਸਲ ਪੰਜਾਬ ਦੀ ਚੇਅਰਪਰਸਨ ਸ਼੍ਰੀਮਤੀ ਅਪਰਾਜਿਕਤਾ ਨੀਲਕੰਠ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਨੌਜਵਾਨਾਂ ਨੂੰ ਸਮਾਜਿਕ ਬਦਲਾਅ ਦੇ ਦੂਤ ਬਣਨ ਲਈ ਪ੍ਰੇਰਿਤ ਕੀਤਾ।