ਤਾਲਮੇਲ ਕਮੇਟੀ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ ਦੀ ਚੋਣ ਕਰਵਾਉਣ ਦਾ ਫੈਸਲਾ
ਅਸ਼ੋਕ ਵਰਮਾ
ਬਠਿੰਡਾ, 11 ਦਸੰਬਰ 2025 :ਜ਼ਿਲ੍ਹਾ ਬਠਿੰਡਾ ਦੀ ਤਾਲਮੇਲ ਕਮੇਟੀ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ, ਇਕਾਈ ਬਠਿੰਡਾ ਦੀ ਚੋਣ ਮਿਤੀ 13 ਦਸੰਬਰ ਸ਼ਨੀਵਾਰ ਨੂੰ ਬਾਅਦ ਦੁਪਹਿਰ ਇੱਕ ਵਜੇ, ਜੀ ਐਨ ਐਮ ਸਕੂਲ, ਸਿਵਲ ਹਸਪਤਾਲ ਬਠਿੰਡਾ ਵਿਖੇ ਹੋਵੇਗੀ। ਇਸ ਬਾਬਤ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਜਨਰਲ ਸਕੱਤਰ ਜਸਵਿੰਦਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਥੇਬੰਦੀ ਦੀ ਚੋਣ ਪਿਛਲੇ ਲੰਮੇ ਸਮੇਂ ਤੋਂ ਲੰਬਿਤ ਪਈ ਹੈ। ਇਸ ਬਾਬਤ ਤਿਆਰੀਆਂ ਲੱਗਭਗ ਪੂਰੀਆਂ ਕਰ ਲਈਆਂ ਹਨ। ਜ਼ਿਲ੍ਹਾ ਬਠਿੰਡਾ ਦੇ ਵਿੱਚ ਸੱਤ ਵੱਖ ਵੱਖ ਸਿਹਤ ਬਲਾਕਾਂ ਦੇ ਸਮੁੱਚੇ ਪੈਰਾ ਮੈਡੀਕਲ ਕਾਮੇ ਇਸ ਵਿੱਚ ਭਾਗ ਲੈਣਗੇ। ਵੱਖ ਵੱਖ ਬਲਾਕਾਂ ਵਿੱਚ ਇਸ ਸਬੰਧੀ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ।
ਇਸ ਜਥੇਬੰਦੀ ਵਿੱਚ ਫਾਰਮੇਸੀ ਅਫ਼ਸਰ ਯੂਨੀਅਨ, ਲੈਬਾਰਟਰੀ ਟੈਕਨੀਸ਼ੀਅਨ ਯੂਨੀਅਨ, ਰੇਡੀਓ ਗਰਾਫਰ ਯੂਨੀਅਨ, ਮਲਟੀਪਰਪਜ ਹੈਲਥ ਇੰਪਲਾਈਜ, ਯੂਨੀਅਨ ,ਵਾਰਡ ਅਟੈਂਡਟ ਯੂਨੀਅਨ,ਦਰਜਾ ਚਾਰ ਕਰਮਚਾਰੀ ਯੂਨੀਅਨ, ਡਰਾਈਵਰ ਯੂਨੀਅਨ, ਸਫ਼ਾਈ ਕਰਮਚਾਰੀ ਯੂਨੀਅਨ ਇਸ ਚੋਣ ਦਾ ਹਿੱਸਾ ਬਣਨਗੀਆਂ। ਇਸ ਤੋਂ ਇਲਾਵਾ ਵਿਭਾਗ ਵਿੱਚ ਕੰਮ ਕਰਦੇ ਸਮੂਹ ਆਊਟਸੋਰਸ ਅਤੇ ਕੰਟਰੈਕਟ ਵਰਕਰ ਯੂਨੀਅਨ ਅਤੇ ਐਨ ਐਚ ਐਮ ਮੁਲਾਜ਼ਮ ਵੀ ਇਸ ਚੋਣ ਦਾ ਹਿੱਸਾ ਹੋਣਗੇ। ਸਮੇਂ ਸਮੇਂ ਤੇ ਸਰਕਾਰ ਵੱਲੋਂ ਮੁਲਾਜ਼ਮ ਵਿਰੋਧੀ ਕੀਤੀਆਂ ਜਾਂਦੀਆਂ ਕਾਰਵਾਈਆਂ ਨੂੰ ਮੋੜਾ ਦੇਣ ਲਈ ਅਜਿਹੇ ਜਥੇਬੰਦਕ ਢਾਂਚਿਆਂ ਦੀ ਸਖ਼ਤ ਜ਼ਰੂਰਤ ਹੈ। ਇਸ ਚੋਣ ਵਿੱਚ ਆਬਜ਼ਰਵਰ ਦੇ ਤੌਰ ਤਾਲਮੇਲ ਕਮੇਟੀ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ ਦੇ ਸੂਬਾ ਆਗੂ ਗਗਨਦੀਪ ਸਿੰਘ ਅਤੇ ਸੁਖਵਿੰਦਰ ਦੋਦਾ ਸ਼ਿਰਕਤ ਕਰਨਗੇ। ਇਸ ਮੀਟਿੰਗ ਵਿੱਚ ਸਾਥੀ ਮਨੀਸ਼ ਕੁਮਾਰ, ਜਤਿੰਦਰ ਸਿੰਘ, ਨਰਵਿੰਦਰ ਸਿੰਘ, ਰਾਜਦੀਪ ਸਿੰਘ ਗੁਰਜਿੰਦਰ ਕੌਰ, ਗੁਰਪ੍ਰੀਤ ਕੌਰ, ਚਰਨਪਾਲ ਕੌਰ, ਦਿਵਿਆ, ਜਸਪ੍ਰੀਤ ਸਿੰਘ , ਸਵਰਨਜੀਤ ਕੌਰ,ਆਦਿ ਸਾਥੀਆਂ ਨੇ ਹਿੱਸਾ ਲਿਆ।