ਮੇਅਰ ਪਦਮਜੀਤ ਸਿੰਘ ਮਹਿਤਾ ਵੱਲੋਂ ਸ਼ਹਿਰ ਨੂੰ 26 ਕਰੋੜ ਰੁਪਏ ਦੇ ਪਾਣੀ ਸਪਲਾਈ ਪ੍ਰੋਜੈਕਟ ਦਾ ਤੋਹਫਾ
ਅਸ਼ੋਕ ਵਰਮਾ
ਬਠਿੰਡਾ, 11 ਦਸੰਬਰ 2025: ਸਾਲਾਂ ਤੋਂ ਪਾਣੀ ਦੀ ਘਾਟ ਦਾ ਸਾਹਮਣਾ ਕਰ ਰਹੇ ਬਠਿੰਡਾ ਸ਼ਹਿਰ ਦੇ ਪਰਿਵਾਰਾਂ ਨੂੰ ਉਦੋਂ ਵੱਡੀ ਰਾਹਤ ਮਿਲੀ, ਜਦੋਂ ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਨੇ ਅਮਰਪੁਰਾ ਬਸਤੀ ਵਿੱਚ ਲਗਭਗ 26 ਕਰੋੜ ਰੁਪਏ ਦੀ ਪਾਣੀ ਸਪਲਾਈ ਪ੍ਰਣਾਲੀ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ।ਇਸ ਮੌਕੇ ਉਨ੍ਹਾਂ ਦੇ ਨਾਲ ਐਮਸੀ ਮੱਖਣ ਠੇਕੇਦਾਰ, ਐਮਸੀ ਗੋਬਿੰਦ ਮਸੀਹ, ਐਮਸੀ ਸੰਜੇ ਬਿਸਵਾਲ, ਪ੍ਰੀਤਪਾਲ ਪਾਲੀ, ਅਸ਼ਵਨੀ ਬੰਟੀ, ਜਲ ਸਪਲਾਈ ਵਿਭਾਗ ਦੇ ਐਕਸੀਅਨ ਸ੍ਰੀ ਬਲਜੀਤ ਸਿੰਘ, ਐਸਡੀਓ ਸ੍ਰੀ ਵਿਕਰਮਜੀਤ ਸਿੰਘ, ਜੇਈ ਸ੍ਰੀ ਮਨਿੰਦਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਮੌਜੂਦ ਸਨ।
ਮੇਅਰ ਸ੍ਰੀ ਮਹਿਤਾ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਸ਼ਹਿਰ ਦੇ ਕਈ ਇਲਾਕਿਆਂ, ਖਾਸ ਕਰਕੇ ਮਾਡਲ ਟਾਊਨ ਫੇਜ਼ 4-5 ਅਤੇ ਅਮਰਪੁਰਾ ਬਸਤੀ ਦੇ ਵਸਨੀਕਾਂ ਨੂੰ ਹੁਣ ਤੱਕ ਪਾਣੀ ਉਧਾਰ ਲੈਣਾ ਪੈਂਦਾ ਸੀ, ਪਰ ਹੁਣ ਇਹ ਸਮੱਸਿਆ ਹਮੇਸ਼ਾ ਲਈ ਹੱਲ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇਸ 26 ਕਰੋੜੀ ਪ੍ਰੋਜੈਕਟ ਤਹਿਤ ਦੋ ਪਾਣੀ ਦੀਆਂ ਟੈਂਕੀਆਂ ਇੱਕ ਅਮਰਪੁਰਾ ਬਸਤੀ ਅਤੇ ਦੂਜੀ ਮਾਡਲ ਟਾਊਨ ਫੇਜ਼ 4-5 ਵਿੱਚ ਬਣਾਈਆਂ ਜਾਣਗੀਆਂ। ਇਨ੍ਹਾਂ ਟੈਂਕੀਆਂ ਵਿੱਚੋਂ ਹਰੇਕ ਦੀ ਸਮਰੱਥਾ 2 ਲੱਖ ਗੈਲਨ ਹੋਵੇਗੀ।
ਮੇਅਰ ਨੇ ਕਿਹਾ ਕਿ 63,000 ਮੀਟਰ ਪਾਈਪ ਲਾਈਨ ਵਿਛਾਉਣ ਨਾਲ ਲਗਭਗ 8,600 ਘਰਾਂ ਨੂੰ ਨਵੇਂ ਕੁਨੈਕਸ਼ਨ ਮਿਲਣਗੇ, ਜਿਸ ਨਾਲ ਲਗਭਗ 35,000 ਲੋਕਾਂ ਨੂੰ ਸਿੱਧੀ ਰਾਹਤ ਮਿਲੇਗੀ।
ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਅਤੇ ਸਥਾਨਕ ਸਰਕਾਰਾਂ ਮੰਤਰੀ ਦੀ ਅਗਵਾਈ ਹੇਠ ਬਠਿੰਡਾ ਤੇ ਪੂਰੇ ਪੰਜਾਬ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਮਹੱਤਵਪੂਰਨ ਯਤਨ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਮਾਨ ਸਰਕਾਰ ਹਰ ਘਰ ਨੂੰ ਰਾਹਤ ਪ੍ਰਦਾਨ ਕਰਨ ਅਤੇ ਜਨਤਕ ਸਮੱਸਿਆਵਾਂ ਦੇ ਹੱਲ ਨੂੰ ਤਰਜੀਹ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਸ ਨੀਂਹ ਪੱਥਰ ਸਮਾਗਮ ਨਾਲ ਬਠਿੰਡਾ ਸ਼ਹਿਰ ਦੇ ਉਨ੍ਹਾਂ ਇਲਾਕਿਆਂ ਨੂੰ ਸਾਫ਼ ਅਤੇ ਨਿਰਵਿਘਨ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਵੱਲ ਇੱਕ ਨਵਾਂ ਅਧਿਆਇ ਸ਼ੁਰੂ ਹੋਇਆ ਹੈ, ਜੋ ਲੰਬੇ ਸਮੇਂ ਤੋਂ ਪਾਣੀ ਦੀ ਘਾਟ ਦਾ ਸਾਹਮਣਾ ਕਰ ਰਹੇ ਹਨ।
ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਬਠਿੰਡਾ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਿਆਰ ਭਰੇ ਹੱਥ ਉਨ੍ਹਾਂ ਦੇ ਸਿਰ 'ਤੇ ਰੱਖਣ, ਤਾਂ ਜੋ ਉਹ ਲੋਕਾਂ ਦੇ ਆਸ਼ੀਰਵਾਦ ਨਾਲ ਬਠਿੰਡਾ ਨੂੰ ਹੋਰ ਵੀ ਉਚਾਈਆਂ 'ਤੇ ਲੈ ਜਾ ਸਕਣ।