Canada 'ਚ ਪੰਜਾਬੀ ਨੌਜਵਾਨ ਦੀ ਮੌਤ!
ਬਾਬੂਸ਼ਾਹੀ ਬਿਊਰੋ
ਮੁਕਤਸਰ/ਚੰਡੀਗੜ੍ਹ, 6 ਦਸੰਬਰ, 2025: ਪੰਜਾਬ ਦੇ ਮੁਕਤਸਰ ਜ਼ਿਲ੍ਹੇ ਦੇ ਪਿੰਡ ਵੜਿੰਗਖੇੜਾ ਵਿੱਚ ਉਸ ਵੇਲੇ ਮਾਤਮ ਛਾ ਗਿਆ, ਜਦੋਂ ਸੱਤ ਸਮੁੰਦਰ ਪਾਰ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ। ਦੱਸ ਦੇਈਏ ਕਿ ਕੈਨੇਡਾ (Canada) ਦੇ ਨੋਵਾ ਸਕੋਸ਼ੀਆ (Nova Scotia) ਵਿੱਚ ਇੱਕ ਦਰਦਨਾਕ ਸੜਕ ਹਾਦਸੇ ਵਿੱਚ 30 ਸਾਲਾ ਪੰਜਾਬੀ ਨੌਜਵਾਨ ਗੁਰਪ੍ਰੀਤ ਸਿੰਘ (Gurpreet Singh) ਦੀ ਮੌਤ ਹੋ ਗਈ।
ਇਹ ਹਾਦਸਾ ਸਿਡਨੀ (Sydney) ਸ਼ਹਿਰ ਵਿੱਚ ਵਾਪਰਿਆ, ਜਿੱਥੇ ਸੜਕ 'ਤੇ ਜੰਮੀ ਬਰਫ਼ ਕਾਰਨ ਉਨ੍ਹਾਂ ਦੀ ਕਾਰ ਤਿਲਕ ਕੇ ਸਾਹਮਣੇ ਤੋਂ ਆ ਰਹੇ ਇੱਕ ਟਰੱਕ ਨਾਲ ਟਕਰਾ ਗਈ, ਜਿਸ ਨਾਲ ਉਨ੍ਹਾਂ ਦੀ ਮੌਕੇ 'ਤੇ ਹੀ ਜਾਨ ਚਲੀ ਗਈ।
ਪਤਨੀ ਨੂੰ ਛੱਡਣ ਗਿਆ ਸੀ, ਵਾਪਸ ਨਹੀਂ ਪਰਤਿਆ
ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਗੁਰਪ੍ਰੀਤ ਆਪਣੀ ਪਤਨੀ ਨੂੰ ਉਸਦੇ ਕੰਮ 'ਤੇ ਛੱਡਣ ਤੋਂ ਬਾਅਦ ਵਾਪਸ ਘਰ ਪਰਤ ਰਿਹਾ ਸੀ, ਉਦੋਂ ਹੀ ਰਸਤੇ ਵਿੱਚ ਕੁਦਰਤ ਨੇ ਇਹ ਕਹਿਰ ਵਰਤਾ ਦਿੱਤਾ। ਜਾਣਕਾਰੀ ਮੁਤਾਬਕ, ਮ੍ਰਿਤਕ ਗੁਰਪ੍ਰੀਤ ਸਿੰਘ ਕਿਸਾਨ ਜਸਕਰਨ ਸਿੰਘ ਦਾ ਇਕਲੌਤਾ ਪੁੱਤਰ ਸੀ। ਉਹ ਕਰੀਬ ਤਿੰਨ ਸਾਲ ਪਹਿਲਾਂ ਆਪਣੀ ਪਤਨੀ ਨਾਲ ਸੁਨਹਿਰੀ ਭਵਿੱਖ ਦੀ ਭਾਲ ਵਿੱਚ ਕੈਨੇਡਾ ਗਿਆ ਸੀ ਅਤੇ ਉਨ੍ਹਾਂ ਦੀ ਪੀਆਰ ਫਾਈਲ (PR File) ਵੀ ਲੱਗੀ ਹੋਈ ਸੀ।
ਲਾਸ਼ ਲਿਆਉਣ ਦੀ ਪ੍ਰਕਿਰਿਆ ਸ਼ੁਰੂ
ਇਸ ਦੁਖਦਾਈ ਘਟਨਾ ਦੀ ਖ਼ਬਰ ਮਿਲਦਿਆਂ ਹੀ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਅਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਦੇ ਚਾਚਾ ਪ੍ਰਿਥਪਾਲ ਸਿੰਘ ਵੜਿੰਗ ਨੇ ਦੱਸਿਆ ਕਿ ਗੁਰਪ੍ਰੀਤ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਕੈਨੇਡਾ ਵਿੱਚ ਦਸਤਾਵੇਜ਼ੀ ਪ੍ਰਕਿਰਿਆ ਪੂਰੀ ਕੀਤੀ ਜਾ ਰਹੀ ਹੈ, ਤਾਂ ਜੋ ਜੱਦੀ ਪਿੰਡ ਵਿੱਚ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾ ਸਕੇ।