ਤਰਨ ਤਾਰਨ ਦੇ ਨਤੀਜਿਆਂ ਨੇ ਬਦਲੀ ਪੰਜਾਬ ਦੀ ਫਿਜ਼ਾ, ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ 'ਤੱਕੜੀ' ਦੀ ਜਿੱਤ ਯਕੀਨੀ- ਬ੍ਰਹਮਪੁਰਾ ਦਾ ਵੱਡਾ ਦਾਅਵਾ
ਕਿਹਾ;ਇਹ ਚੋਣਾਂ 2027 'ਚ ਸੁਖਬੀਰ ਬਾਦਲ ਦੀ ਅਗਵਾਈ ਹੇਠ ਬਣਨ ਵਾਲੀ ਸਰਕਾਰ ਦਾ ਮੁੱਢ ਬੰਨ੍ਹਣਗੀਆਂ
ਖਡੂਰ ਸਾਹਿਬ ਦੇ ਸਮੂਹ ਆਗੂਆਂ ਨੇ ਉਮੀਦਵਾਰਾਂ ਦੀ ਚੋਣ ਦੇ ਅਧਿਕਾਰ ਬ੍ਰਹਮਪੁਰਾ ਨੂੰ ਸੌਂਪੇ
ਰਾਕੇਸ਼ ਨਈਅਰ ਚੋਹਲਾ
ਖਡੂਰ ਸਾਹਿਬ/ਤਰਨਤਾਰਨ,28 ਨਵੰਬਰ 2025- ਪੰਜਾਬ ਦੇ ਬਦਲਦੇ ਸਿਆਸੀ ਸਮੀਕਰਨਾਂ ਅਤੇ ਤਰਨਤਾਰਨ ਜ਼ਿਮਨੀ ਚੋਣ ਵਿੱਚ ਪਾਰਟੀ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਉਤਸ਼ਾਹਿਤ ਹੋ ਕੇ, ਸ਼੍ਰੋਮਣੀ ਅਕਾਲੀ ਦਲ ਨੇ ਆਗਾਮੀ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਕਮਰਕੱਸੇ ਕਰ ਲਏ ਹਨ।ਇਸੇ ਲੜੀ ਤਹਿਤ ਅੱਜ ਹਲਕਾ ਖਡੂਰ ਸਾਹਿਬ ਦੇ ਸੀਨੀਅਰ ਆਗੂਆਂ ਦੀ ਇੱਕ ਅਹਿਮ ਰਣਨੀਤਕ ਮੀਟਿੰਗ ਪਾਰਟੀ ਦੇ ਮੀਤ ਪ੍ਰਧਾਨ ਅਤੇ ਹਲਕਾ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਦੀ ਅਗਵਾਈ ਹੇਠ ਹੋਈ।ਮੀਟਿੰਗ ਵਿੱਚ ਪਾਰਟੀ ਦੀ ਮਜ਼ਬੂਤੀ ਦਾ ਸਬੂਤ ਦਿੰਦਿਆਂ ਸਮੂਹ ਆਗੂਆਂ ਨੇ ਸਰਬਸੰਮਤੀ ਨਾਲ ਉਮੀਦਵਾਰਾਂ ਦੀ ਚੋਣ ਕਰਨ ਦੇ ਸਾਰੇ ਅਧਿਕਾਰ ਸ.ਬ੍ਰਹਮਪੁਰਾ ਨੂੰ ਸੌਂਪ ਦਿੱਤੇ।ਇਸ ਮੌਕੇ ਵਰਕਰਾਂ ਵਿੱਚ ਨਵਾਂ ਜੋਸ਼ ਭਰਦਿਆਂ ਸ੍ਰ. ਬ੍ਰਹਮਪੁਰਾ ਨੇ ਤਰਕ ਦਿੱਤਾ ਕਿ ਤਰਨ ਤਾਰਨ ਦੇ ਨਤੀਜੇ ਸਿਰਫ਼ ਇੱਕ ਚੋਣ ਤੱਕ ਸੀਮਤ ਨਹੀਂ ਸਨ,ਸਗੋਂ ਇਹ ਸੂਬੇ ਵਿੱਚ 'ਆਪ' ਸਰਕਾਰ ਵਿਰੁੱਧ ਚੱਲ ਰਹੀ ਲਹਿਰ ਦਾ ਸੰਕੇਤ ਹਨ।ਉਨ੍ਹਾਂ ਕਿਹਾ,ਪੰਜਾਬ ਦੀ ਫਿਜ਼ਾ ਬਦਲ ਚੁੱਕੀ ਹੈ।ਲੋਕਾਂ ਨੇ ਵੇਖ ਲਿਆ ਹੈ ਕਿ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਪੰਜਾਬ ਦਾ ਭਲਾ ਨਹੀਂ ਕਰ ਸਕਦੀਆਂ।ਇਸ ਲਈ ਸ਼੍ਰੋਮਣੀ ਅਕਾਲੀ ਦਲ ਨੇ ਫ਼ੈਸਲਾ ਕੀਤਾ ਹੈ ਕਿ ਅਗਾਮੀ ਸਥਾਨਕ ਚੋਣਾਂ ਪਾਰਟੀ ਦੇ ਚੋਣ ਨਿਸ਼ਾਨ 'ਤੱਕੜੀ' 'ਤੇ ਹੀ ਲੜੀਆਂ ਜਾਣਗੀਆਂ ਤਾਂ ਜੋ ਵਿਰੋਧੀਆਂ ਨੂੰ ਪਾਰਟੀ ਦੇ ਅਸਲ ਆਧਾਰ ਦਾ ਪਤਾ ਲੱਗ ਸਕੇ।ਸ੍ਰ.ਬ੍ਰਹਮਪੁਰਾ ਨੇ ਅੱਗੇ ਕਿਹਾ ਕਿ ਜਿਵੇਂ ਨੀਂਹ ਮਜ਼ਬੂਤ ਹੋਣ 'ਤੇ ਹੀ ਮਹਿਲ ਖੜ੍ਹਾ ਹੁੰਦਾ ਹੈ,ਉਸੇ ਤਰ੍ਹਾਂ ਜ਼ਿਲ੍ਹਾ ਪ੍ਰੀਸ਼ਦਾਂ ਅਤੇ ਬਲਾਕ ਸੰਮਤੀਆਂ ਦੀ ਜਿੱਤ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਨੀਂਹ ਰੱਖੇਗੀ। ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਚੋਣਾਂ ਵਿੱਚ ਅਕਾਲੀ ਦਲ ਹੂੰਝਾ ਫ਼ੇਰ ਜਿੱਤ ਪ੍ਰਾਪਤ ਕਰਕੇ ਆਪਣੇ ਚੇਅਰਮੈਨ ਬਣਾਏਗਾ ਅਤੇ 2027 ਵਿੱਚ ਪੰਜਾਬ ਦੇ ਲੋਕ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾ ਕੇ ਸੂਬੇ ਦੀ ਵਾਗਡੋਰ ਮੁੜ ਪੰਥਕ ਹੱਥਾਂ ਵਿੱਚ ਸੌਂਪਣਗੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ,ਸੂਬਾ ਮੀਤ ਪ੍ਰਧਾਨ ਜਥੇ: ਦਲਬੀਰ ਸਿੰਘ ਜਹਾਂਗੀਰ,ਯੂਥ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਗੁਰਸੇਵਕ ਸਿੰਘ ਸ਼ੇਖ,ਬਲਾਕ ਸੰਮਤੀ ਮੈਂਬਰ ਸਤਨਾਮ ਸਿੰਘ ਚੋਹਲਾ ਸਾਹਿਬ ਅਤੇ ਯੂਥ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਲਾਹੌਰੀਆ ਸਮੇਤ ਸਮੁੱਚੀ ਲੀਡਰਸ਼ਿਪ ਹਾਜ਼ਰ ਸੀ।