ਆ ਗਈਆਂ ਨਿਊਜ਼ੀਲੈਂਡ ਸਿੱਖ ਖੇਡਾਂ
ਸ. ਤਾਰਾ ਸਿੰਘ ਕਹਿੰਦਾ-ਸਭ ਨੂੰ ਚੁੱਲ੍ਹੇ ਨਿਉਂਦਾ
ਪ੍ਰਧਾਨ ਮੰਤਰੀ ਸ੍ਰੀ ਕਿ੍ਰਸ ਲਕਸਨ ਕਰਨਗੇ
ਸੱਤਵੇਂ ਐਡੀਸ਼ਨ ਦਾ ਆਗਾਜ਼, ਵਧੇਗੀ ਪੰਜਾਬ ਦੀ ਆਵਾਜ਼
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 28 ਨਵੰਬਰ 2025-ਸਾਊਥ ਔਕਲੈਂਡ ਦੇ ਵਿਚ ਖੇਡਾਂ ਦਾ ਮਹਾਂ ਕੁੰਭ ਜਾਂ ਫਿਰ ਵਿਸ਼ਾਲ ਸੱਭਿਆਚਾਰਕ ਸਮਾਗਮ ਆਯੋਜਿਤ ਕਰਨਾ ਹੋਵੇ ਤਾਂ 158 ਏਕੜਾਂ ਦੇ ਵਿਚ ਫੈਲਿਆ ‘ਬਰੂਸ ਪੁਲਮਨ ਪਾਰਕ’ ਟਾਕਾਨੀਨੀ ਕਿਸੇ ਹੋਰ ਖੇਡ ਮੈਦਾਨ ਨੂੰ ਨੇੜੇ-ਤੇੜੇ ਵੀ ਨਹੀਂ ਖੰਗਣ ਦਿੰਦਾ। ਨਿਊਜ਼ੀਲੈਂਡ ਵਸਦੇ ਸਮੁੱਚੇ ਪੰਜਾਬੀਆਂ ਦੀਆਂ ਹਰਮਨ ਪਿਆਰੀਆਂ ‘ਨਿਊਜ਼ੀਲੈਂਡ ਸਿੱਖ ਖੇਡਾਂ’ ਪਿਛਲੇ ਸੱਤ ਸਾਲਾਂ ਤੋਂ ਇਥੇ ਹੀ ਰਾਸ ਆ ਰਹੀਆਂ ਹਨ। ਇਸ ਵਾਰ ਇਨ੍ਹਾਂ ਦੋ ਦਿਨਾਂ ਖੇਡਾਂ ਅਤੇ ਦੋ ਦਿਨਾ ਸਭਿਆਚਾਰਕ ਸਮਾਗਮਾਂ ਦੀ ਲੜੀ ਦਾ ਮਹਾਂ-ਕੁੰਭ ਕੱਲ੍ਹ 29 ਤੋਂ 30 ਨਵੰਬਰ ਤੱਕ ਸ਼ੁਰੂ ਹੋਣ ਜਾ ਰਿਹਾ ਹੈ। ਹਰ ਸਾਲ ਦੀ ਤਰ੍ਹਾਂ ਇਥੇ ਦੋ ਦਰਜਨ ਦੇ ਕਰੀਬ ਜਿੱਥੇ ਵੱਖ-ਵੱਖ ਖੇਡਾਂ ਅਤੇ ਅਥਲੈਟਿਕਸ ਦੇ ਮੁਕਾਬਲੇ ਹੁੰਦੇ ਹਨ ਉਥੇ ਅੰਤਰਰਾਸ਼ਟਰੀ ਗਾਇਕ ਕਲਾਕਾਰ ਵੀ ਦਰਸ਼ਕਾਂ ਦਾ ਸਭਿਆਚਾਰਕ ਅਤੇ ਪ੍ਰਚਲਿਤ ਗੀਤਾਂ ਦੇ ਨਾਲ ਮਨੋਰੰਜਨ ਕਰਦੇ ਹਨ।
ਖੇਡਾਂ ਦਾ ਮਿਆਰ: ਸਮੂਹ ਪੰਜਾਬੀਆਂ ਦੇ ਸਹਿਯੋਗ ਨਾਲ ਪ੍ਰਬੰਧਕਾਂ ਨੇ ਖੇਡਾਂ ਦਾ ਮਿਆਰ ਐਨਾ ਉਚਾ ਕਰ ਲਿਆ ਹੈ ਕਿ ਕੱਲ੍ਹ ਰਸਮੀ ਉਦਘਾਟਨ ਵਾਸਤੇ ਪਹਿਲੀ ਵਾਰ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਕ੍ਰਿਸ ਲਕਸਨ ਵੀ ਪਹੁੰਚ ਰਹੇ ਹਨ। ਉਨ੍ਹੰਾਂ ਦੇ ਨਾਲ ਕੈਬਿਨਟ ਮੰਤਰੀਆਂ ਦਾ ਵੱਡਾ ਦਲ, ਹੋਰ ਰਾਜਨੀਤਕ ਸ਼ਖਸ਼ੀਅਤਾਂ, ਕਮਿਊਨਿਟੀ ਆਗੂ ਅਤੇ ਸਮਾਜ ਸੇਵਕ ਪਹੁੰਚਣਗੇ। ਮਾਰਚ ਪਾਸਟ ਦਾ ਵੀ ਪ੍ਰੋਗਰਾਮ ਰੱਖਿਆ ਗਿਆ ਹੈ। ਬੱਚਿਆਂ ਦੇ ਮਨੋਰੰਜਨ ਲਈ ਦਰਜਨ ਰਾਈਡਜ਼, ਮਹਿਲਾਵਾਂ ਲਈ ਖੇਡਾਂ, ਖੋ-ਖੋ ਦੇ ਮੈਚ ਅਤੇ ਹੋਰ ਕਈ ਕੁਝ ਸ਼ਾਮਿਲ ਹੋਵੇਗਾ। ਬਹੁਤ ਸਾਰੇ ਸਟਾਲ ਹੋਣਗੇ, ਮਨ ਲੁਭਾਵਣੇ ਖਾਣੇ ਹੋਣਗੇ।
ਅੰਤਰਰਾਸ਼ਟਰੀ ਪ੍ਰਸਿੱਧ ਪੰਜਾਬੀ ਗਾਇਕ ਕੇ. ਐਸ. ਮੱਖਣ ਆਪਣੇ ਨਵੇਂ ਪੁਰਾਣੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨ ਮੋਹ ਲੈਣ ਵਾਸਤੇ ਪੁੱਜ ਚੁੱਕੇ ਹਨ। ਸਟੇਜ ਦੀ ਆਰੰਭਤਾ ਸਿੱਖ ਕਦਰਾਂ ਕੀਮਤਾਂ ਨੂੰ ਸਮਰਪਿਤ ਹੁੰਦਿਆ ਕਵੀਸ਼ਰੀ, ਲੋਕ ਨਾਚ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ, ਗਤਕੇ ਦੇ ਜੌਹਰ ਅਕਾਲ ਖਾਲਸਾ ਸਿੱਖ ਮਾਰਸ਼ਲ ਆਰਟ, ਦਸਤਾਰਾਂ ਦੁਮਾਲੇ ਸਜਣਗੇ, ਮਲਵਈ ਗਿੱਧਾ, ਸਥਾਨਿਕ ਪੰਜਾਬੀ ਗਾਇਕ ਅਤੇ ਹੋਰ ਬਹੁਤ ਕੁਝ ਸਟੇਜ ਉਤੇ ਹੋਣ ਵਾਲਾ ਹੈ। ਇਸ ਵਾਰ ਸਟੇਜ ਵੱਡ ਆਕਾਰੀ ਹੈ। ਜਿਵੇਂ-ਜਿਵੇਂ ਸੂਰਜ ਉਪਰ ਚੜਦਾ ਪ੍ਰੋਗਰਾਮ ਆਪਣੀ ਰਫ਼ਤਾਰ ਫੜਦੇ ਜਾਣਗੇ, ਪਰ ਵਿਲੱਖਣ ਗੱਲ ਇਹ ਹੋਵੇਗੀ ਕਿ ਸੂਰਜ ਤਾਂ ਛਿਪਣ ਵਾਲੇ ਪਾਸੇ ਤੁਰ ਜਾਵੇਗਾ, ਪਰ ਸਟੇਜ ਕਲਾਕਾਰ ਆਪਣੀ ਕਲਾ ਨੂੰ ਸ਼ਿਖਰਾਂ ਵੱਲ ਲੈ ਜਾਣਗੇ।
ਪ੍ਰਬੰਧਕਾਂ ਵੱਲੋਂ ਅਪੀਲ: ਸਮੂਹ ਪ੍ਰਬੰਧਕਾਂ ਨੇ ਦਰਸ਼ਕਾਂ ਨੂੰ ਅਪੀਲ ਕੀਤੀ ਹੈ ਕਿ ਸ਼ਨੀਵਾਰ ਅਤੇ ਐਤਵਾਰ ਸਵੇਰੇ 7 ਵਜੇ ਗੇਟ ਖੁੱਲ੍ਹ ਜਾਇਆ ਕਰਨਗੇ, ਇਸ ਕਰਕੇ ਸਮੇਂ ਸਿਰ ਪੁੱਜਣ ਦੀ ਕ੍ਰਿਪਾਲਤਾ ਕਰਨਾ। ਪਹਿਲਾ ਕਬੱਡੀ ਮੈਚ ਕਰਾਉਣ ਵਾਸਤੇ 9.30 ਵਜੇ ਰੈਫਰੀ ਨੇ ਸੀਟੀ ਮਾਰ ਦੇਣੀ ਹੈ। ਇਸ ਵਾਰ ਬਰੂਸ ਪੁਲਮਨ ਪਾਰਕ ਦੇ ਸਾਹਮਣੇ ਜੋ ਵੱਡੀ ਖਾਲੀ ਗਰਾਉਂਡ ਹੈ ਉਥੇ ਵੀ ਗੱਡੀਆਂ ਲਾਈਆਂ ਜਾ ਸਕਣਗੀਆਂ। ਸੋ ਪਾਰਕਿੰਗ ਸਾਈਨ ਨੂੰ ਵੇਖ ਕੇ ਗੱਡੀਆਂ ਪਾਰਕ ਕੀਤੀਆਂ ਜਾ ਸਕਦੀਆਂ ਹਨ।
ਚੱਲ੍ਹੇ ਨਿਉਂਦਾ: ਚੇਅਰਮੈਨ ਸ. ਤਾਰਾ ਸਿੰਘ ਬੈਂਸ ਅਤੇ ਪ੍ਰਧਾਨ ਸ. ਦਲਜੀਤ ਸਿੰਘ ਸਿੱਧੂ ਨੇ ਗੱਲ ਨਿਬੇੜਦਿਆਂ ਕਹਿ ਦਿੱਤਾ ਹੈ ਕਿ ਸਾਰਿਆਂ ਨੂੰ ਚੁੱਲ੍ਹੇ ਨਿਉਂਦੇ ਵਾਂਗ ਸੱਦਾ ਹੈ, ਪਰਿਵਾਰਾਂ ਸਮੇਤ ਆਓ ਅਤੇ ਇਸ ਖੇਡ ਮੇਲੇ ਦਾ ਆਨੰਦ ਮਾਣੋ।