ਨੌਵੇਂ ਪਾਤਸ਼ਾਹ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਦੀ ਯਾਦਗਾਰ ਵਜੋਂ ‘ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕੰਪਲੈਕਸ’ ਦਾ ਰੱਖਿਆ ਨੀਂਹ ਪੱਥਰ
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਹੋਈ ਇਕੱਤਰਤਾ
ਅੰਮ੍ਰਿਤਸਰ, 27 ਨਵੰਬਰ-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਦੀ ਸਦੀਵੀ ਯਾਦਗਾਰ ਵਜੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਜ਼ਦੀਕ ਅਕਾਲੀ ਮਾਰਕੀਟ ਦੇ ਸਥਾਨ ’ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਯਾਦਗਾਰੀ ਕੰਪਲੈਕਸ ਦਾ ਅੱਜ ਅਰਦਾਸ ਮਗਰੋਂ ਨੀਂਹ ਪੱਥਰ ਰੱਖਿਆ ਗਿਆ।ਮੁੱਢਲੇ ਤੌਰ ਇਥੇ ਚਾਰ ਬਲਾਕਾਂ ਦੇ ਨਿਰਮਾਣ ਦਾ ਕਾਰਜ ਸ਼ੁਰੂ ਕੀਤਾ ਗਿਆ ਹੈ, ਜਿਸ ਦੀ ਆਰੰਭਤਾ ਮੌਕੇ ਅੱਜ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ।
ਇਸ ਮੌਕੇ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਨੌਵੇਂ ਪਾਤਸ਼ਾਹ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਜਥੇਬੰਦੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਕੌਮੀ ਪੱਧਰ ’ਤੇ ਮਨਾਈ ਜਾ ਰਹੀ ਹੈ ਅਤੇ ਇਸ ਸ਼ਤਾਬਦੀ ਦੀ ਯਾਦਗਾਰ ਵਜੋਂ ਨੌਵੇਂ ਪਾਤਸ਼ਾਹ ਦੇ ਨਾਂ ’ਤੇ ਇਹ ਵਿਸ਼ਾਲ ਕੰਪਲੈਕਸ ਸਥਾਪਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਯਾਦਗਾਰੀ ਕੰਪਲੈਕਸ ਵਿਚ ਸੰਗਤ ਲਈ ਇਕ ਹਜ਼ਾਰ ਤੋਂ ਵੱਧ ਕਮਰੇ ਤਿਆਰ ਕਰਨ ਦੇ ਨਾਲ-ਨਾਲ ਵਿਸ਼ਾਲ ਪਾਰਕਿੰਗ, 25 ਹਾਲ ਅਤੇ ਮਾਰਕੀਟ ਬਣਾਈ ਜਾਵੇਗੀ। ਇਸ ਤੋਂ ਇਲਾਵਾ ਇਥੇ ਗੁਰੂ ਸਾਹਿਬ ਨਾਲ ਸ਼ਹੀਦ ਹੋਣ ਵਾਲੇ ਭਾਈ ਮਤੀਦਾਸ ਜੀ, ਭਾਈ ਸਤੀਦਾਸ ਜੀ ਅਤੇ ਭਾਈ ਦਿਆਲਾ ਜੀ ਦੇ ਨਾਂ ’ਤੇ ਵੱਖ-ਵੱਖ ਬਲਾਕ ਬਣਾਏ ਜਾਣਗੇ। ਐਡਵੋਕੇਟ ਧਾਮੀ ਨੇ ਕਿਹਾ ਕਿ ਸ਼ਤਾਬਦੀਆਂ ਸਮੇਂ ਗੁਰਮਤਿ ਸਮਾਗਮਾਂ ਦੇ ਨਾਲ-ਨਾਲ ਸ਼੍ਰੋਮਣੀ ਕਮੇਟੀ ਵੱਲੋਂ ਸਦੀਵੀ ਯਾਦਗਾਰਾਂ ਉਸਾਰਨ ਦਾ ਉੱਦਮ ਕੀਤਾ ਜਾਂਦਾ ਹੈ, ਜਿਸ ਤਹਿਤ ਪਹਿਲਾਂ ਵੀ ਖ਼ਾਲਸਾ ਸਾਜਣਾ ਦਿਵਸ ਦੀ ਤੀਜੀ ਸ਼ਤਾਬਦੀ ਮੌਕੇ ਜਿਥੇ ਗੁਰੂ ਗੋਬਿੰਦ ਸਿੰਘ ਤ੍ਰੈ-ਸ਼ਤਾਬਦੀ ਕਾਲਜ ਸ੍ਰੀ ਅੰਮ੍ਰਿਤਸਰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਸ੍ਰੀ ਫ਼ਤਹਿਗੜ੍ਹ ਸਾਹਿਬ ਦਾ ਨਿਰਮਾਣ ਕੀਤਾ ਗਿਆ ਸੀ। ਇਹ ਯਾਦਗਾਰੀ ਸੰਸਥਾਵਾਂ ਵਿੱਚੋਂ ਸੈਂਕੜੇ ਵਿਦਿਆਰਥੀਆਂ ਸਿੱਖਿਆ ਲੈ ਕੇ ਆਪਣਾ ਭਵਿੱਖ ਰੌਸ਼ਨ ਕਰ ਰਹੇ ਹਨ। ਹੁਣ ਨੌਵੇਂ ਪਾਤਸ਼ਾਹ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਮੌਕੇ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਸੰਗਤ ਦੇ ਰਹਿਣ ਵਾਸਤੇ ਵਿਸ਼ਾਲ ਕੰਪਲੈਕਸ ਬਣਾਉਣ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਭਾਵੇਂ ਯਾਦਗਾਰਾਂ ਉਸਾਰਨੀਆਂ ਸਰਕਾਰਾਂ ਦਾ ਕਾਰਜ ਹੈ, ਪਰ ਮੌਜੂਦਾ ਸਰਕਾਰ ਕੇਵਲ ਸਿਆਸਤ ਕਰ ਰਹੀ ਹੈ ਅਤੇ ਉਸ ਦਾ ਧਿਆਨ ਅਜਿਹੇ ਉਮਦਾ ਕਾਰਜਾਂ ਵੱਲ ਨਹੀਂ ਹੈ।
ਇਸ ਮੌਕੇ ਐਡਵੋਕੇਟ ਧਾਮੀ ਨੇ ਨੌਵੇਂ ਪਾਤਸ਼ਾਹ ਜੀ ਦੇ ਸ਼ਹੀਦੀ ਸ਼ਤਾਬਦੀ ਦੇ ਸਮਾਗਮਾਂ ਦੌਰਾਨ 29 ਨਵੰਬਰ ਨੂੰ ਸ੍ਰੀ ਕੀਰਤਪੁਰ ਸਾਹਿਬ ਤੋਂ ਗੁਰਦੁਆਰਾ ਸੀਸ ਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤੱਕ ਸਵੇਰੇ 9 ਵਜੇ ‘ਸੀਸ ਮਾਰਗ ਨਗਰ ਕੀਰਤਨ’ ਵਿਚ ਸੰਗਤ ਨੂੰ ਭਰਵੀਂ ਸ਼ਮੂਲੀਅਤ ਦੀ ਅਪੀਲ ਵੀ ਕੀਤੀ। ਉਨ੍ਹਾਂ ਆਖਿਆ ਕਿ ਇਹ ਨਗਰ ਕੀਰਤਨ 25 ਨਵੰਬਰ ਨੂੰ ਗੁਰਦੁਆਰਾ ਸੀਸ ਗੰਜ ਸਾਹਿਬ ਦਿੱਲੀ ਤੋਂ ਆਰੰਭ ਹੋਇਆ ਸੀ, ਜੋ ਭਾਈ ਜੈਤਾ ਜੀ ਮਾਰਗ ਤੋਂ ਹੁੰਦਾ ਹੋਇਆ 28 ਨਵੰਬਰ ਨੂੰ ਸ੍ਰੀ ਕੀਰਤਪੁਰ ਸਾਹਿਬ ਵਿਖੇ ਪੜਾਅ ਕਰੇਗਾ। ਇਥੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਗਰੋਂ ਖਾਲਸਈ ਜਾਹੋ ਜਲਾਲ ਨਾਲ ਪੈਦਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੁੱਜੇਗਾ।
ਇਸ ਮੌਕੇ ਪੁੱਜੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸ਼ਹੀਦੀ ਸ਼ਤਾਬਦੀ ਸਮੇਂ ਨੌਵੇਂ ਪਾਤਸ਼ਾਹ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਨ ਲਈ ਅਹਿਮ ਉਪਰਾਲੇ ਕਰ ਰਹੀ ਹੈ ਅਤੇ ਇਸ ਤਹਿਤ ਗੁਰੂ ਸਾਹਿਬ ਦੇ ਨਾਂ ’ਤੇ ਸੰਗਤ ਲਈ 1000 ਕਮਰਿਆਂ ਵਾਲਾ ਕੰਪਲੈਕਸ ਤਿਆਰ ਕਰਨ ਦਾ ਫੈਸਲਾ ਸ਼ਲਾਘਾਯੋਗ ਹੈ। ਉਨ੍ਹਾਂ ਆਖਿਆ ਕਿ ਇਹ ਯਾਦਗਾਰ ਸਦਾ ਸਿੱਖ ਸੰਗਤ ਨੂੰ ਗੁਰੂ ਸਾਹਿਬ ਜੀ ਦੀ ਸ਼ਹੀਦੀ ਸ਼ਤਾਬਦੀ ਦੇ ਇਤਿਹਾਸਕ ਮੌਕੇ ਨਾਲ ਜੋੜੀ ਰੱਖੇਗੀ। ਉਨ੍ਹਾਂ ਆਖਿਆ ਕਿ ਚਾਹੀਦਾ ਤਾਂ ਇਹ ਸੀ ਕਿ ਸਰਕਾਰ ਅਜਿਹੇ ਕੰਮ ਕਰਦੀ, ਪਰ ਉਸ ਨੇ ਤਾਂ ਆਪਣੀ ਪਬਲੀਸਿਟੀ ’ਤੇ ਹੀ ਲੋਕਾਂ ਦਾ ਪੈਸਾ ਬਰਬਾਦ ਕੀਤਾ ਹੈ।
ਇਸ ਤੋਂ ਪਹਿਲਾਂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਵੀਂ ਚੁਣੀ ਗਈ ਅੰਤ੍ਰਿੰਗ ਕਮੇਟੀ ਦੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਪਹਿਲੀ ਬੈਠਕ ਹੋਈ, ਜਿਸ ਵਿਚ ਸ਼੍ਰੋਮਣੀ ਕਮੇਟੀ, ਗੁਰਦੁਆਰਾ ਸਾਹਿਬਾਨ, ਟਰੱਸਟਾਂ ਅਤੇ ਵਿਦਿਅਕ ਅਦਾਰਿਆਂ ਦੇ ਮਾਮਲੇ ਵਿਚਾਰੇ ਗਏ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਵਿਰਕ, ਜੂਨੀਅਰ ਮੀਤ ਪ੍ਰਧਾਨ ਸ. ਬਲਦੇਵ ਸਿੰਘ ਕਲਿਆਣ, ਜਨਰਲ ਸਕੱਤਰ ਸ. ਸ਼ੇਰ ਸਿੰਘ ਮੰਡਵਾਲਾ, ਮੁੱਖ ਸਕੱਤਰ ਸ. ਕੁਲਵੰਤ ਸਿੰਘ ਮੰਨਣ, ਅੰਤ੍ਰਿੰਗ ਮੈਂਬਰ ਸ. ਸੁਰਜੀਤ ਸਿੰਘ ਗੜ੍ਹੀ, ਸ. ਸੁਰਜੀਤ ਸਿੰਘ ਤੁਗਲਵਾਲ, ਸ. ਗੁਰਪ੍ਰੀਤ ਸਿੰਘ ਝੱਬਰ, ਸ. ਦਲਜੀਤ ਸਿੰਘ ਭਿੰਡਰ, ਬੀਬੀ ਹਰਜਿੰਦਰ ਕੌਰ, ਸ. ਬਲਦੇਵ ਸਿੰਘ ਕਾਇਮਪੁਰ, ਸ. ਮੇਜਰ ਸਿੰਘ ਢਿੱਲੋਂ, ਸ. ਮੰਗਵਿੰਦਰ ਸਿੰਘ ਖਾਪੜਖੇੜੀ, ਡਾ. ਜੰਗ ਬਹਾਦਰ ਸਿੰਘ ਰਾਏ ਤੇ ਸ. ਮਿੱਠੂ ਸਿੰਘ ਕਾਹਨੇਕੇ, ਸ਼੍ਰੋਮਣੀ ਕਮੇਟੀ ਦੇ ਮੈਂਬਰ ਸ. ਸੁਰਜੀਤ ਸਿੰਘ ਭਿੱਟੇਵੱਡ, ਸ. ਬਾਵਾ ਸਿੰਘ ਗੁਮਾਨਪੁਰਾ, ਸ. ਫੁੰਮਣ ਸਿੰਘ, ਸ. ਨਵਤੇਜ ਸਿੰਘ ਕਾਉਣੀ, ਭਾਈ ਅਜੈਬ ਸਿੰਘ ਅਭਿਆਸੀ, ਸ. ਗੁਰਨਾਮ ਸਿੰਘ ਜੱਸਲ, ਸ. ਅਮਰੀਕ ਸਿੰਘ ਕੋਟਸ਼ਮੀਰ, ਬਾਬਾ ਬੂਟਾ ਸਿੰਘ, ਸ. ਦਰਸ਼ਨ ਸਿੰਘ ਸ਼ੇਰਖਾਂ, ਜਥੇਦਾਰ ਕੌਰ ਸਿੰਘ, ਸ. ਪ੍ਰੀਤਮ ਸਿੰਘ ਮਲਸੀਹਾਂ, ਬੀਬੀ ਜੋਗਿੰਦਰ ਕੌਰ, ਓਐਸਡੀ ਸਤਬੀਰ ਸਿੰਘ ਧਾਮੀ, ਸਕੱਤਰ ਸ. ਪ੍ਰਤਾਪ ਸਿੰਘ, ਸ. ਸੁਖਮਿੰਦਰ ਸਿੰਘ, ਵਧੀਕ ਸਕੱਤਰ ਸ. ਗੁਰਿੰਦਰ ਸਿੰਘ ਮਥਰੇਵਾਲ, ਸ. ਪ੍ਰੀਤਪਾਲ ਸਿੰਘ, ਨਿੱਜੀ ਸਕੱਤਰ ਸ. ਸਾਹਬਾਜ਼ ਸਿੰਘ, ਮੀਤ ਸਕੱਤਰ ਸ. ਗੁਰਨਾਮ ਸਿੰਘ, ਸ. ਹਰਭਜਨ ਸਿੰਘ ਵਕਤਾ, ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ, ਐਕਸੀਅਨ ਸ. ਜਤਿੰਦਰਪਾਲ ਸਿੰਘ, ਸ. ਸੁਖਜਿੰਦਰ ਸਿੰਘ, ਕਾਨੂੰਨੀ ਸਲਾਹਕਾਰ ਸ. ਅਮਨਬੀਰ ਸਿੰਘ ਸਿਆਲੀ, ਇੰਚਾਰਜ ਸ. ਅਜਾਦਦੀਪ ਸਿੰਘ, ਸ. ਮੇਜਰ ਸਿੰਘ, ਸ. ਗੁਰਮੇਜ ਸਿੰਘ, ਆਦਿ ਮੌਜੂਦ ਸਨ।