ਸ਼੍ਰੋਮਣੀ ਕਮੇਟੀ ਵੱਲੋਂ ਆਰੰਭ ‘ਸੀਸ ਮਾਰਗ ਨਗਰ ਕੀਰਤਨ’ ਅੰਬਾਲਾ ਤੋਂ ਜ਼ੀਰਕਪੁਰ ਲਈ ਹੋਇਆ ਰਵਾਨਾ
ਅੰਮ੍ਰਿਤਸਰ, 27 ਨਵੰਬਰ-
ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਜੈਤਾ ਜੀ ਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਦਿੱਲੀ ਤੋਂ ਸ੍ਰੀ ਅਨੰਦਪੁਰ ਸਾਹਿਬ ਲੈ ਕੇ ਆਉਣ ਦੀ ਯਾਦ ’ਚ ਦਿੱਲੀ ਤੋਂ ਆਰੰਭ ਹੋਇਆ ‘ਸੀਸ ਮਾਰਗ ਨਗਰ ਕੀਰਤਨ’ ਅੱਜ ਤੀਜੇ ਦਿਨ ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਅੰਬਾਲਾ ਤੋਂ ਜ਼ੀਰਕਪੁਰ ਲਈ ਰਵਾਨਾ ਹੋਇਆ। ਨਗਰ ਕੀਰਤਨ ਦੀ ਰਵਾਨਗੀ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿਚ ਰਾਗੀ ਜਥਿਆਂ ਵੱਲੋ ਗੁਰਬਾਣੀ ਕੀਰਤਨ ਰਾਹੀਂ ਹਾਜ਼ਰੀ ਭਰੀ ਗਈ ਅਤੇ ਧਰਮ ਪ੍ਰਚਾਰ ਕਮੇਟੀ ਦੇ ਕਥਾਵਾਚਕ ਨੇ ਸੰਗਤਾਂ ਨੂੰ ਸ਼ਹਾਦਤ ਦੇ ਇਤਿਹਾਸ ਨਾਲ ਜੋੜਿਆ। ਆਰੰਭਤਾ ਮੌਕੇ ਪ੍ਰਬੰਧਕਾਂ ਨੇ ਪੰਜ ਪਿਆਰੇ ਸਾਹਿਬਾਨ ਨਿਸ਼ਾਨਚੀ ਸਿੰਘਾਂ ਅਤੇ ਪ੍ਰਮੁੱਖ ਸਖਸ਼ੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਅੰਬਾਲਾ ਤੋਂ ਜ਼ੀਰਕਪੁਰ ਤੱਕ ਨਗਰ ਕੀਰਤਨ ਦਾ ਵੱਖ ਵੱਖ ਪੜਾਵਾਂ ਤੇ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਭਲਕੇ 28 ਨਵੰਬਰ ਨੂੰ ਇਹ ਨਗਰ ਕੀਰਤਨ ਗੁਰਦੁਆਰਾ ਸੀਸ ਗੰਜ ਸਾਹਿਬ ਜ਼ੀਰਕਪੁਰ ਤੋਂ ਆਰੰਭ ਹੋ ਕੇ ਗੁਰਦੁਆਰਾ ਬਿਬਾਣਗੜ੍ਹ ਸਾਹਿਬ, ਸ੍ਰੀ ਕੀਰਤਪੁਰ ਸਾਹਿਬ ਵਿਖੇ ਪੁੱਜੇਗਾ, ਜਿਥੇ ਨਗਰ ਕੀਰਤਨ ਦਾ ਪ੍ਰਮੁੱਖ ਸ਼ਖ਼ਸੀਅਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਜਾਵੇਗਾ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸ. ਹਰਪਾਲ ਸਿੰਘ ਪਾਲੀ, ਪ੍ਰਧਾਨ ਸ. ਹਰਕੀਰਤ ਸਿੰਘ, ਸ਼ਹਿਰੀ ਪ੍ਰਧਾਨ ਸ. ਜਤਿੰਦਰਪਾਲ ਸਿੰਘ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸ. ਮਨਜੀਤ ਸਿੰਘ, ਵਧੀਕ ਸਕੱਤਰ ਸ. ਬਿਜੈ ਸਿੰਘ, ਇੰਚਾਰਜ ਸ. ਮਲਕੀਤ ਸਿੰਘ, ਸੁਪਰਵਾਈਜ਼ਰ ਸ. ਹਰਭਜਨ ਸਿੰਘ, ਸ. ਗੁਰਸਾਹਿਬ ਸਿੰਘ, ਸ. ਅਵਤਾਰ ਸਿੰਘ, ਮੀਤ ਮੈਨੇਜਰ ਸ. ਸਤਨਾਮ ਸਿੰਘ, ਨਿਗਰਾਨ ਸ. ਗੁਰਨਾਮ ਸਿੰਘ, ਹਰਿਆਣਾ ਕਮੇਟੀ ਮੈਂਬਰ ਸ. ਬਲਕਾਰ ਸਿੰਘ, ਜ਼ਿਲ੍ਹਾ ਪ੍ਰਧਾਨ ਅੰਬਾਲਾ ਸ. ਰਕੇਸ਼ ਸਿੰਘ, ਕਲਗੀਧਰ ਸੇਵਾ ਸੁਸਾਇਟੀ ਸ. ਪ੍ਰੀਤਮ ਸਿੰਘ, ਸ. ਰਣਬੀਰ ਸਿੰਘ ਫ਼ੌਜੀ, ਸ. ਸੁਰਿੰਦਰ ਸਿੰਘ, ਸ. ਬਲਵਿੰਦਰ ਸਿੰਘ ਢਡਿਆਲ, ਪ੍ਰਚਾਰਕ ਤੇ ਨਿਗਰਾਨ ਭਾਈ ਬਲਵੰਤ ਸਿੰਘ ਐਨੋਕੋਟ, ਸਿੱਖ ਮਿਸ਼ਨ ਦਿੱਲੀ ਦੇ ਇੰਚਾਰਜ ਸ. ਮਨਮੀਤ ਸਿੰਘ, ਸ. ਜਸਬੀਰ ਸਿੰਘ ਲੌਂਗੋਵਾਲ, ਹਰਿਆਣਾ ਸਿੱਖ ਮਿਸ਼ਨ ਦੇ ਇੰਚਾਰਜ ਸ. ਸੁਖਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਸੰਗਤ ਮੌਜੂਦ ਸੀ।