Babushahi Special ਏਡੀਆਰ ਦੀ ਰਿਪੋਰਟ :ਬਿਹਾਰ ਵਿਧਾਨ ਸਭਾ ’ਚ ਬਾਹੂਬਲੀਆਂ ਤੇ ਕਰੋੜਪਤੀਆਂ ਦਾ ਦਬਦਬਾ
ਅਸ਼ੋਕ ਵਰਮਾ
ਬਠਿੰਡਾ, 22 ਨਵੰਬਰ 2025: ਬਿਹਾਰ ਵਿਧਾਨ ਸਭਾ ਚੋਣ ਦੰਗਲ ’ਚ ਜਿੱਤੇ ਵਿਧਾਇਕਾਂ ਸਬੰਧੀ ਸਾਹਮਣੇ ਆਈ ਇੱਕ ਰਿਪੋਰਟ ਨੇ ਸਿਆਸੀ ਧਿਰਾਂ ਦੇ ਕਿਰਦਾਰ ਦੀ ਪੋਲ ਖੋਹਲ ਦਿੱਤੀ ਹੈ। ਦਾਅਵਿਆਂ ਦੇ ਬਾਵਜੂਦ ਤਾਜਾ ਚੋਣਾਂ ਅਪਰਾਧੀਆਂ ਅਤੇ ਧਨਕੁਬੇਰਾਂ ਦੇ ਪ੍ਰਛਾਵੇਂ ਤੋਂ ਮੁਕਤ ਨਹੀਂ ਰਹਿ ਸਕੀਆਂ ਹਨ। ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ (ਏ.ਡੀ.ਆਰ.) ਵੱਲੋਂ 243 ਵਿਧਾਇਕਾਂ ਦੇ ਹਲਫਨਾਮਿਆਂ ਚੀਰ ਫਾੜ ਕਰਨ ਉਪਰੰਤ ਇਹ ਤੱਥ ਸਾਹਮਣੇ ਆਏ ਹਨ ਕਿ 130 ਯਾਨੀ 54 ਫੀਸਦੀ ਵਿਧਾਇਕ ਅਜਿਹੇ ਹਨ ਜਿੰਨ੍ਹਾਂ ਖਿਲਾਫ ਅਪਰਾਧਿਕ ਮਾਮਲੇ ਦਰਜ ਹਨ। ਇੰਨ੍ਹਾਂ ’ਚ 102 (74 ਫੀਸਦੀ) ਵਿਧਾਇਕ ਏਦਾਂ ਦੇ ਹਨ ਜਿੰਨ੍ਹਾਂ ਖਿਲਾਫ ਕਤਲ , ਕਤਲ ਦੀ ਕੋਸ਼ਿਸ਼ ਅਤੇ ਔਰਤਾਂ ਖਿਲਾਫ ਅਪਰਾਧਾਂ ਵਰਗੇ ਗੰਭੀਰ ਦੋਸ਼ ਹਨ । ਭਾਜਪਾ ਦੀ ਅਗਵਾਈ ਵਾਲੇ ਐਨਡੀਏ ਦੇ 202 ਚੋਂ 99 (ਕਰੀਬ 50 ਫੀਸਦੀ) ਵਿਧਾਇਕ, ਮਹਾਂਗਠਜੋੜ ਦੇ 35 ਚੋਂ 26 (74 ਫੀਸਦੀ) ਅਤੇ ਮੁਸਲਮ ਸਮਾਜ ਨਾਲ ਸਬੰਧਤ ਏਆਈਐਮਆਈਐਮ ਦੇ 5 ਵਿੱਚੋਂ 5 ਖਿਲਾਫ ਕੇਸ ਦਰਜ ਹਨ।
ਰਿਪੋਰਟ ਅਨੁਸਾਰ 28 ਵਿਧਾਇਕਾਂ ਖਿਲਾਫ ਛੋਟੇ ਮੋਟੇ ਕੇਸ ਦਰਜ ਹਨ ਜਦੋਂਕਿ 57 ਨਵੇਂ ਵਿਧਾਇਕਾਂ ਵਿਰੁੱਧ 1-1 ਮੁਕੱਦਮਾ ਦਰਜ ਹੈ। ਸਾਲ 2020 ’ਚ 163 ਦਾਗੀ ਵਿਧਾਇਕ ਸਨ ਜਦੋਂਕਿ ਐਤਕੀ ਇਹ ਗਿਣਤੀ 33 ਘੱਟ ਹੈ। ਰਿਪੋਰਟ ਅਨੁਸਾਰ ਜਨਤਾ ਦਲ ਯੁਨਾਇਟਡ ਦੇ ਮੁਕਾਮੋ ਤੋਂ ਵਿਧਾਇਕ ਅਨੰਤ ਸਿੰਘ ਖਿਲਾਫ ਸਭ ਤੋਂ ਵੱਧ 28 ਮੁਕੱਦਮੇ ਹਨ ਜਦੋਂਕਿ ਰਾਧੋਪੁਰ ਤੋਂ ਰਾਸ਼ਟਰੀ ਜਨਤਾ ਦਲ ਦੇ ਤੇਜਸਵੀ ਯਾਦਵ ਖਿਲਾਫ 22 ਅਤੇ ਜਨਤਾ ਦਲ ਯੁਨਾਇਟਡ ਦੇ ਕੁਚਾਈਕੋਟ ਤੋਂ ਵਿਧਾਇਕ ਅਮਰਿੰਦਰ ਪਾਂਡੇ ਉਰਫ ਪੱਪੂ ਪਾਂਡੇ ਖਿਲਾਫ 14 ਮੁਕੱਦਮੇ ਦਰਜ ਹਨ। ਭਾਜਪਾ ਦੇ ਸਾਹਿਬਗੰਜ ਤੋਂ ਵਿਧਾਇਕ ਰਾਜੂ ਸਿੰਘ ਅਤੇ ਗਇਆ ਤੋਂ ਭਾਜਪਾ ਵਿਧਾਇਕ ਪ੍ਰੇਮ ਕੁਮਾਰ ਖਿਲਾਫ 10-10 ਮੁਕੱਦਮੇ ਦਰਜ ਹਨ। ਮੁੰਗੇਰ ਤੋਂ ਭਾਜਪਾ ਵਿਧਾਇਕ ਕੁਮਾਰ ਪਰਣਿਆ, ਪਟਨਾ ਦੇ ਬਿਕ੍ਰਮ ਤੋਂ ਸਿਦਾਰਥ ਸੌਰਭ ਅਤੇ ਜਨਤਾ ਦਲ ਯੁਨਾਇਟਡ ਦੇ ਮੀਨਾਪੁਰ ਤੋਂ ਵਿਧਾਇਕ ਅਜੇ ਕੁਮਾਰ ਖਿਲਾਫ 9-9 ਮੁਕੱਦਮੇ ਦਰਜ ਹਨ। ਬਸਪਾ ਦੇ ਇੱਕ ਵਿਧਾਇਕ ਦਾ ਰਿਕਾਰਡ ਵੀ ਅਪਰਾਧਿਕ ਹੈ।
ਏਡੀਆਰ ਦੀ ਰਿਪੋਰਟ ਅਨੁਸਾਰ ਬਿਹਾਰ ਵਿਧਾਨ ਸਭਾ ਦੇ ਨਵੇਂ ਚੁਣੇ 243 ਵਿਧਾਇਕਾਂ ਚੋਂ 218 ਕਰੋੜਪਤੀ ਹਨ ਜਦੋਂਕਿ 2020 ’ਚ 81 ਫੀਸਦÇ ਵਿਧਾਇਕ ਕਰੋੜਪਤੀ ਸਨ। ਰੌਚਕ ਪੱਖ ਇਹ ਹੈ ਕਿ ਬਿਹਾਰ ਵਿੱਚ ਧਨ ਸ਼ਕਤੀ ਦਾ ਦਬਦਬਾ ਵਧਦਾ ਜਾ ਰਿਹਾ ਹੈ। ਸਾਲ 2010 ’ਚ 228 ਵਿਧਾਇਕਾਂ ਚੋਂ ਸਿਰਫ 45 ਕਰੋੜਪਤੀ ਸਨ ਜਿੰਨ੍ਹਾਂ ਦੀ ਗਿਣਤੀ ਸਾਲ 2015 ’ਚ 162 ਅਤੇ ਸਾਲ 2020 ’ਚ 194 ਵਿਧਾਇਕ ਕਰੋੜਪਤੀ ਹੋ ਗਈ। ਜੇਤੂ ਵਿਧਾਇਕਾਂ ਚੋਂ 55 ਦੀ ਸੰਪਤੀ 10 ਕਰੋੜ ਤੋਂ ਵੱਧ ਹੈ। ਜਦਯੂ ਦੇ 78 ਵਿਧਾਇਕ ਕਰੋੜਪਤੀ ਹਨ ਜਦੋਂਕਿ ਭਾਜਪਾ ਦੇ ਕਰੋੜਪਤੀਆਂ ਦੀ ਗਿਣਤੀ 77 ਹੈ। ਰਾਜਦ ਦੇ 25 ਚੋਂ 24 ਕਰੋੜਪਤੀ ਹਨ ਜਦੋਂਕਿ ਲੋਜਪਾ ( ਆਰ) ਦੇ 19 ਚੋਂ 16 ਅਤੇ ਕਾਂਗਰਸ ਦੇ 6 ਕਰੋੜਪਤੀ ਹਨ। ਏਆਈਐਮਆਈਐਮ ਦੇ ਪੰਜਾਂ ਸਮੇਤ ਹੋਰ ਧਿਰਾਂ ਦੇ 16 ਵਿਧਾਇਕ ਕਰੋੜਪਤੀ ਹਨ। ਰਿਪੋਰਟ ਅਨੁਸਾਰ ਨਵੇਂ ਚੁਣੇ 243 ਵਿਧਾਇਕਾਂ ਦੀ ਕੁੱਲ ਸੰਪਤੀ 2192.93 ਕਰੋੜ ਬਣਦੀ ਹੈ।
ਸਭ ਤੋਂ ਵੱਧ ਅਮੀਰ ਭਾਜਪਾ ਦਾ
ਏਡੀਆਰ ਦੀ ਰਿਪੋਰਟ ਅਨੁਸਾਰ ਮੁੰਗੇਰ ਤੋਂ ਚੋਣ ਜਿੱਤੇ ਭਾਜਪਾ ਵਿਧਾਇਕ ਕੁਮਾਰ ਪਰਣਿਆ ਸਭ ਤੋਂ ਵੱਧ ਅਮੀਰ ਹਨ ਜਿੰਨ੍ਹਾਂ ਦੀ ਸੰਪਤੀ 170 ਕਰੋੜ ਤੋਂ ਜਿਆਦਾ ਹੈ। ਮੁਕਾਮ ਤੋਂ ਚੋਣ ਜਿੱਤੇ ਜਨਤਾ ਦਲ ਯੂਨਾਇਟਡ ਦੀ ਸੰਪਤੀ 100 ਕਰੋੜ ਤੋਂ ਵੱਧ ਹੈ। ਬਰਬੀਘਾ ਤੋਂ ਜਦਯੂ ਵਿਧਾਇਕ ਕੁਮਾਰ ਪੁਸ਼ਪੰਜੇ ਕੋਲ 94 ਕਰੋੜ ਤੋਂ ਜਿਆਦਾ ਦੀ ਜਾਇਦਾਦ ਹੈ। ਪੀਰਪੈਂਤੀ ਤੋਂ ਜਿੱਤੇ ਭਾਜਪਾ ਵਿਧਾਇਕ ਮੁਰਾਰੀ ਪਾਸਵਾਨ ਕੋਲ ਸਭ ਤੋਂ ਘੱਟ 6 ਲੱਖ ਰੁਪਏ ਦੀ ਸੰਪਤੀ ਹੈ ਜਦੋਂਕਿ ਅਗਿਆਵਾਂ ਤੋਂ ਭਾਜਪਾ ਵਿਧਾਇਕ ਕੋਲ 8 ਲੱਖ ਰੁਪਏ ਅਤੇ ਰਾਜਨਗਰ ਤੋਂ ਭਾਜਪਾ ਵਿਧਾਇਕ ਸੁਜੀਤ ਕੁਮਾਰ ਕੋਲ 11 ਲੱਖ ਰੁਪਏ ਦੀ ਜਾਇਦਾਦ ਹੈ।
ਤੱਥ ਜੋ ਜਾਨਣੇ ਸਭ ਲਈ ਜਰੂਰੀ
ਬਿਹਾਰ ਵਿਧਾਨ ਸਭਾ ਚੋਣਾਂ ਦੌਰਾਨ ਜਿੱਤੇ ਵਿਧਾਇਕਾਂ ਚੋਂ ਸਭ ਤੋਂ ਵੱਧ 59 ਗ੍ਰੈਜੂਏਟ ਹਨ ਜਦੋਂਕਿ ਪੋਸਟ ਗ੍ਰੇਜੂਏਟ ਵਿਧਾਇਕਾਂ ਦੀ ਗਿਣਤੀ 47 ਹੈ। ਗ੍ਰੈਜੂਏਟ ਪ੍ਰਫੈਸ਼ਨਲ ਵਿਧਾਇਕ 21 ਅਤੇ ਪੀਐਚਡੀ ਵਿਧਾਇਕ 19 ਹਨ। 5 ਵਿਧਾਇਕਾਂ ਕੋਲ ਵੱਖ ਵੱਖ ਡਿਗਰੀਆਂ ਹਨ। ਇਸੇ ਤਰਾਂ 56 ਵਿਧਾਇਕ 12ਵੀਂ ਪਾਸ ,22 ਦਸ ਜਮਾਤਾਂ ਪਾਸ , 6 ਅੱਠਵੀਂ ਪਾਸ ਅਤੇ ਇੱਕ ਵਿਧਾਇਕ ਪੰਜਵੀਂ ਪਾਸ ਹੈ। ਸਿਰਫ 7 ਵਿਧਾਇਕ ਅਜਿਹੇ ਹਨ ਜੋ ਲਿਖਣ ਪੜ੍ਹਨ ਜਾਣਦੇ ਹਨ। ਭਾਜਪਾ ਦੇ 89 ਵਿਧਾਇਕਾਂ ਚੋਂ 25 ਗ੍ਰੈਜੂਏਟ, 15 ਪੋਸਟ ਗ੍ਰੈਜੂਏਟ ਅਤੇ 9 ਪੀਐਚਡੀ ਡਿਗਰੀ ਧਾਰਕ ਹਨ ਜਦੋਂਕਿ 8 ਵਿਧਾਇਕ ਗ੍ਰੈਜੂਏਟ ਪ੍ਰੋਫੈਸ਼ਨਲ ਹਨ। ਜਨਤਾ ਦਲ ਯੂਨਾਈਟਡ ਦੇ 85 ਵਿਧਾਇਕਾਂ ਚੋਂ 17 ਪੋਸਟ ਗ੍ਰੈਜੂਏਟ ,17 ਗ੍ਰੈਜੂਏਟ ,5 ਪੀਐਚਡੀ ਅਤੇ 7 ਗ੍ਰੈਜੂਏਟ ਪ੍ਰੋਫੈਸ਼ਨਲ ਹਨ। ਬਸਪਾ ਅਤੇ ਆਈਆਈਪੀ ਦਾ 1-1 ਵਿਧਾਇਕ ਪੋਸਟ ਗ੍ਰੈਜੂਏਟ ਹੈ। ਏਆਈਐਮਆਈਐਮ ਦੇ 5 ਵਿਧਾਇਕਾਂ ਚੋਂ ਦੋ ਪੋਸਟ ਗ੍ਰੈਜੂਏਟ, ਇੱਕ ਗ੍ਰੈਜੂਏਟ, ਇੱਕ 12ਵੀਂ ਅਤੇ ਇੱਕ ਮੈਟਰਿਕ ਪਾਸ ਹੈ।
ਨੋਟਾਂ ਦੀ ਖੇਡ ਬਣੀਆਂ ਚੋਣਾਂ
ਨਾਗਰਿਕ ਚੇਤਨਾ ਮੰਚ ਦੇ ਆਗੂ ਬੱਗਾ ਸਿੰਘ ਦਾ ਕਹਿਣਾ ਸੀ ਕਿ ਵੋਟਰਾਂ ਨੂੰ ਉਨ੍ਹਾਂ ਦੇ ਪ੍ਰਤੀਨਿਧਾਂ ਤੋਂ ਜਾਣੂੰ ਕਰਵਾਉਣ ਅਤੇ ਚੋਣ ਸੁਧਾਰਾਂ ਪ੍ਰਤੀ ਚੇਤੰਨ ਕਰਨ ਦੀ ਸ਼ਲਾਘਾ ਕਰਨੀ ਬਣਦੀ ਹੈ । ਉਨ੍ਹਾਂ ਕਿਹਾ ਕਿ ਏਡੀਆਰ ਦੀ ਰਿਪੋਰਟ ਤੋਂ ਜਾਹਰ ਹੈ ਕਿ ਸੱਤਾ ਤੇ ਕਾਬਜ ਹੋਣ ਲਈ ਲੋਕਤੰਤਰ ਦੇ ਨਾਂ ਤੇ ਧਨਾਢਾਂ ਅਤੇ ਕਰੋੜਪਤੀਆਂ ਵੱਲੋਂ ਲੜਾਈ ਲੜੀ ਜਾ ਰਹੀ ਹੈ ਜਦੋਂਕਿ ਆਮ ਆਦਮੀ ਤਾਂ ਚੋਣ ਲੜਨ ਬਾਰੇ ਸੋਚ ਵੀ ਨਹੀਂ ਸਕਦਾ ਹੈ।