“ਕੌਰ ਤੋਂ ਖਾਨ” ਤੋਂ ਲੈ ਕੇ ਸਰਬਜੀਤ ਕੌਰ ਤੱਕ ਪਾਕਿਸਤਾਨ ਦਾ ਕਾਲਾ ਚਿਹਰਾ ਹੁਣ ਸਾਰੀ ਦੁਨੀਆਂ ਅੱਗੇ ਨੰਗਾ ਹੋ ਗਿਆ ਹੈ: ਸੁੱਖਮਿੰਦਰਪਾਲ ਸਿੰਘ ਗਰੇਵਾਲ ਭੂਖੜੀ ਕਲਾਂ
ਚੰਡੀਗੜ੍ਹ: ਕੌਮੀ ਭਾਜਪਾ ਨੇਤਾ ਸੁੱਖਮਿੰਦਰਪਾਲ ਸਿੰਘ ਗਰੇਵਾਲ ਭੂਖੜੀ ਕਲਾਂ ਨੇ ਕਿਹਾ ਕਿ ਯੂਕੇ ਦੇ “ਕੌਰ ਤੋਂ ਖਾਨ” ਤੋਂ ਲੈ ਕੇ ਸਰਬਜੀਤ ਕੌਰ ਤੱਕ ਪਾਕਿਸਤਾਨ ਦਾ ਗੰਦ, ਇਸਦੀ ਸੜੀ ਸੋਚ, ਅਤੇ ਇਸਦੀ ਘਿਨਾਉਣੀ ਕਾਇਰਤਾ ਹੁਣ ਸਾਰੀ ਦੁਨੀਆਂ ਅੱਗੇ ਨੰਗੀ ਹੋ ਗਈ ਹੈ।
ਗਰੇਵਾਲ ਨੇ ਕਿਹਾ ਕਿ ਪਾਕਿਸਤਾਨ ਦੀ ਪੰਜਾਬ ਅਤੇ ਭਾਰਤ ਵਿਰੋਧੀ ਸੋਚ ਹੁਣ ਕੋਈ ਰਾਜ ਨਹੀਂ ਰਹੀ, ਇਹ ਬਦਬੂ ਮਾਰਦੀ ਸੜੀ ਸੱਚਾਈ ਹੈ ਜੋ ਖੁੱਲ੍ਹੇ ਵਿੱਚ ਪਈ ਹੈ। ਉਹ ਕਹਿੰਦੇ ਹਨ ਕਿ “ਕੌਰ ਤੋਂ ਖਾਨ” ਆਪਰੇਸ਼ਨ ਤੇ ਕਪੂਰਥਲਾ ਦੀ ਸਰਬਜੀਤ ਕੌਰ ਦਾ ਸਾਰਾ ਮਾਮਲਾ ਸਿੱਧਾ-ਸਿੱਧਾ ਦੱਸਦਾ ਹੈ ਕਿ ਆਈਐਸਆਈ ਦਾ ਇਕੋ ਟੀਚਾ ਹੈ,ਪੰਜਾਬ ਨੂੰ ਅੰਦਰੋਂ ਸੜਾ ਕੇ ਤਬਾਹ ਕਰਨਾ ਹੈ।
ਗਰੇਵਾਲ ਨੇ ਦੱਸਿਆ ਕਿ ਜੰਗ ਦੇ ਮੈਦਾਨ ਵਿੱਚ ਸ਼ਰਮਨਾਕ ਹਾਰਾਂ ਮੰਨ ਕੇ, ਪਾਕਿਸਤਾਨ ਹੁਣ ਗਟਰ ਦੀਆਂ ਹਰਕਤਾਂ ’ਤੇ ਉਤਰ ਆਇਆ ਹੈ। ਡਰੱਗ ਵਾਲੇ ਡਰੋਨ, ਗੈਂਗਸਟਰਾਂ ਨੂੰ ਪੈਸਾ-ਹਥਿਆਰ, ਤਸਕਰਾਂ ਨੂੰ ਸਹਾਰਾ ਇਹ ਸਭ ਕੁਝ ਸਾਫ਼ ਦੱਸ ਰਿਹਾ ਹੈ ਕਿ ਪਾਕਿਸਤਾਨ ਕਾਇਰਾਂ ਵਾਂਗ ਕੰਧਾਂ ਦੇ ਪਿੱਛੇ ਲੁਕ ਕੇ ਪੰਜਾਬ ਦੀ ਨਵੀਂ ਪੀੜ੍ਹੀ ਨੂੰ ਤਬਾਹ ਕਰਨ ਦੇ ਚੱਕਰ ਵਿੱਚ ਹੈ। ਇਹ ਬੇਬਸੀ ਨਹੀਂ, ਇਹ ਭਾਰਤ ਦੇ ਨੌਜਵਾਨਾਂ ਵਿਰੁੱਧ ਇੱਕ ਗੰਦਾ ਜ਼ਹਿਰੀਲਾ ਯੁੱਧ ਹੈ।
ਗਰੇਵਾਲ ਨੇ ਕਿਹਾ ਕਿ ਨਸ਼ੇ ਸਿਰਫ਼ ਜ਼ਹਿਰ ਨਹੀਂ, ਇਹ ਉਹ ਜਿੰਦਾ ਮੌਤ ਹੈ ਜਿਸਨੂੰ ਪਾਕਿਸਤਾਨ ਪੰਜਾਬ ਦੇ ਹਰ ਪਿੰਡ ਨੌਜਵਾਨਾਂ ਤੱਕ ਪਹੁੰਚਾਉਣ ਦਾ ਕੋਝਾ ਯਤਨ ਹੈ। ਜਿਸ ਨਾਲ ਪਰਿਵਾਰ ਤਬਾਹ ਹੋ ਰਹੇ ਹਨ, ਮਾਵਾਂ ਦੀਆਂ ਅੱਖਾਂ ਸੁੱਕ ਰਹੀਆਂ ਹਨ ਅਤੇ ਪਾਕਿਸਤਾਨ ਗਿੱਦੜ ਵਾਂਗ ਤਬਾਹੀ ਨੂੰ ਤੱਕ ਕੇ ਮੂੰਹ ਚੱਟ ਰਿਹਾ ਹੈ।
ਉਨ੍ਹਾਂ ਕਿਹਾ ਕਿ “ਕੌਰ ਤੋਂ ਖਾਨ” ਪਾਕਿਸਤਾਨ ਦੀ ਸਭ ਤੋਂ ਨੀਵੀਂ, ਸਭ ਤੋਂ ਗੰਦੀ ਅਤੇ ਸਭ ਤੋਂ ਸ਼ਰਮਨਾਕ ਹਰਕਤ ਹੈ। ਧਰਮ ਦਾ ਦੁਰਪਯੋਗ, ਪੰਜਾਬਣ ਕੁੜੀਆਂ ਨੂੰ ਨਿਸ਼ਾਨਾ, ਸਸਤੇ ਨਾਟਕ ਬਣਾ ਕੇ ਭਾਰਤ ਨੂੰ ਬਦਨਾਮ ਕਰਨ ਦੀ ਮਾੜੀ ਸੋਚ ਹੈ। ਸਰਬਜੀਤ ਕੌਰ ਦੀ ਜਥੇ ਤੋਂ ਗਾਇਬੀ, ਅਚਾਨਕ ਨਿਕਾਹ, ਅਤੇ ਮਿਹਰ ਕੇਵਲ 10,000 ਰੁਪਏ, ਇਹ ਸਭ ਕੁਝ ਆਈਐਸਆਈ ਦੀ ਗੰਦੀ ਅਕਲ ਅਤੇ ਲੁਕੀਆ ਹੋਇਆ ਸਾਜ਼ਿਸ਼ੀ ਚਿਹਰਾ ਪੂਰੀ ਤਰ੍ਹਾਂ ਖੋਲ੍ਹ ਦਿੰਦਾ ਹੈ।
ਗਰੇਵਾਲ ਨੇ ਦੱਸਿਆ ਕਿ ਪਹਿਲਾਂ ਕਿਰਨ ਬਾਲਾ, ਹੁਣ ਸਰਬਜੀਤ ਕੌਰ, ਪਾਕਿਸਤਾਨ ਸਿੱਖ ਧਾਰਮਿਕ ਯਾਤਰਾਵਾਂ ਨੂੰ ਆਪਣੇ ਘਿਨੌਣੇ ਖੇਡ ਦਾ ਸੌਖਾ ਨਿਸ਼ਾਨਾ ਬਣਾ ਰਿਹਾ ਹੈ। ਦੋ ਜੰਗਾਂ ਹਾਰ ਕੇ, ਫਿਰ ਅੱਤਵਾਦ ਕਰਕੇ, ਫਿਰ ਡਰੱਗ ਸੁੱਟ ਕੇ ਅਤੇ ਹੁਣ “ਕੌਰ ਤੋਂ ਖਾਨ” ਇਹ ਸਾਰੇ ਰਸਤੇ ਇੱਕੋ ਨਾਲ਼ੇ ਵੱਲ ਜਾਂਦੇ ਹਨ, ਆਈਐਸਆਈ ਦੀ ਕੱਚੀ, ਗੰਦੀ, ਵਿਕਾਰਤਮਕ ਸੋਚ ਵੱਲ ਸਪੱਸ਼ਟ ਦਿਖਦਾ ਹੈ।
ਉਨ੍ਹਾਂ ਕਿਹਾ ਕਿ, “ਹਰ ਇੱਕ ਰਾਹ, ਹਰ ਇੱਕ ਸਾਜ਼ਿਸ਼, ਹਰ ਇੱਕ ਗੰਦ, ਸਭ ਆਈਐਸਆਈ ਦੇ ਨਾਲ਼ੇ ਵਿੱਚੋਂ ਹੀ ਨਿਕਲਦੇ ਹਨ।” ਗਰੇਵਾਲ ਨੇ ਕਿਹਾ ਕਿ ਪਾਕਿਸਤਾਨ ਦੀ ਸਭ ਤੋਂ ਵੱਡੀ ਭੁੱਲ ਇਹ ਹੈ ਕਿ ਉਹ ਸੋਚਦਾ ਹੈ ਪੰਜਾਬ ਕਮਜ਼ੋਰ ਹੈ।
ਉਨ੍ਹਾਂ ਸਾਫ਼ ਲਿਖਿਆ ਕਿ “ਪੰਜਾਬ ਕਦੇ ਡਰਿਆ ਨਹੀਂ, ਕਦੇ ਝੁਕਿਆ ਨਹੀਂ, ਕਦੇ ਭੱਜਿਆ ਨਹੀਂ। ਅਸੀਂ ਗੁਰੂਆਂ ਦੇ ਸਿੱਖ ਹਾਂ, ਜਨਮ ਤੋਂ ਯੋਧੇ ਹਾਂ। ਪਾਕਿਸਤਾਨ ਦੀ ਹਰ ਚਾਲ ਨੂੰ ਅਸੀਂ ਮਿੱਟੀ ਵਿੱਚ ਰੋਲਾਂਗੇ।”
ਗਰੇਵਾਲ ਨੇ ਕਿਹਾ ਕਿ ਅਸੀਂ ਪੰਜਾਬ ਦੇ ਹਰ ਨੌਜਵਾਨ ਨੂੰ ਸੁਚੇਤ ਵੀ ਕਰਾਂਗੇ, ਜਾਗਰੂਕ ਵੀ ਕਰਾਂਗੇ, ਅਤੇ ਭਾਰਤ ਮਾਤਾ ਦੀ ਹਰ ਧੜਕਣ ਨੂੰ ਮਜ਼ਬੂਤ ਵੀ ਰੱਖਾਂਗੇ। ਜਦੋਂ ਵੀ ਪੰਜਾਬ ਇਕੱਠਾ ਖੜ੍ਹਾ ਹੋਇਆ ਹੈ, ਆਈਐਸਆਈ ਦੀ ਹਰ ਸਾਜ਼ਿਸ਼ ਕਚਰੇ ਦੇ ਢੇਰ ਵਾਂਗ ਢਹਿ ਗਈ ਹੈ ਅਤੇ ਭਵਿੱਖ ਵਿੱਚ ਵੀ ਢਹਿੰਦੀ ਰਹੇਗੀ।
ਗਰੇਵਾਲ ਨੇ ਕਿਹਾ, “ਪੰਜਾਬ ਅਤੇ ਪੰਜਾਬ ਦਾ ਨੌਜਵਾਨ ਸੱਚ, ਹਿੰਮਤ ਅਤੇ ਫਰਜ਼ ਨਾਲ ਅੱਜ ਵੀ ਭਾਰਤ ਨਾਲ ਖੜ੍ਹਾ ਹੈ, ਕੱਲ੍ਹ ਵੀ ਖੜ੍ਹਾ ਰਹੇਗਾ ਅਤੇ ਹਮੇਸ਼ਾਂ ਲਈ ਖੜ੍ਹਾ ਰਹੇਗਾ।”