ਅਮਰੀਕਾ : ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਪੁਰਬ ਮੌਕੇ, ਉਨ੍ਹਾਂ ਦੀ ਲਾਸਾਨੀ ਸ਼ਹਾਦਤ ਨੂੰ ਧਾਰਮਿਕ ਅਜ਼ਾਦੀ ਦੇ ਰੱਖਿਅਕ ਵਜੋਂ ਮਾਨਤਾ ਦੇਣ ਦਾ ਐਲਾਨ
ਜੈਕਾਰਿਆਂ ਦੀ ਗੂੰਜ ਵਿਚ ਗੁਰੂ ਸਾਹਿਬ ਦੀ ਯਾਦ ਵਿਚ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਗਵਰਨਰ, ਹਾਊਸ ਆਫ ਰਿਪਰੈਜੈਂਟੇਟਿਵ, ਅਤੇ ਕਾਂਗਰਸ ਮੈਂਬਰ ਵੱਲੋਂ ਕੀਤੇ ਗਏ ਮਾਨਤਾ ਪੱਤਰ ਜਾਰੀ
ਸਾਲਟ ਲੇਕ ਸਿਟੀ, ਯੂਟਾਃ 21 ਨਵੰਬਰ 2025, ( USA ) ਸਿੱਖ ਕੌਮ ਲਈ ਅੱਜ ਦਾ ਦਿਨ ਬਹੁਤ ਮਾਣ ਵਾਲਾ ਅਤੇ ਇਤਿਹਾਸਿਕ ਬਣ ਗਿਆ ਜਦੋ ਅਮਰੀਕਾ ਦੀ ਯੂਟਾ ਸਟੇਟ ਵਿੱਚ ਗੁਰੂ ਤੇਗ਼ ਬਹਾਦਰ ਸਾਹਿਬ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਇੱਕ ਬਹੁਤ ਯਾਦਗਾਰੀ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਗੁਰੂ ਸਾਹਿਬ ਵੱਲੋਂ ਧਰਮ ਦੀ ਅਜਾਦੀ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਦਿੱਤੀ ਸ਼ਹਾਦਤ ਨੂੰ ਸਿਜਦਾ ਕਰਦਿਆਂ ਮਾਨਤਾ ਦਿੱਤੀ ਗਈ।
ਇਸ ਲਈ ਯੂਟਾ ਸਟੇਟ ਦੀ ਸਿੱਖ ਲੀਡਰਸ਼ਿਪ ਅਤੇ ਸੰਗਤ ਦੇ ਉੱਦਮ ਨਾਲ ਬਿਲਡਿੰਗ ਵਿੱਚ ਸਿੱਖਾਂ ਦੇ ਨੌਵੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ (24 ਨਵੰਬਰ 1675 — 24 ਨਵੰਬਰ 2025) ਸ਼ਹੀਦੀ ਦਿਹਾੜੇ ਉੱਪਰ ਉੱਨਾਂ ਦੀ ਮਹਾਨ ਕੁਰਬਾਨੀ ਨੂੰ ਰੈਕੋਗਨਾਈਜ਼ ਕਰਨ ਦਾ ਐਲਾਨ ਕੀਤਾ ਗਿਆ।
ਇਸ ਖਾਸ ਪ੍ਰੋਗਰਾਮ ਵਿੱਚ ਯੂਟਾਹ ਸਟੇਟ ਦੇ ਹੇਠ ਲਿਖੇ ਚੁਣੇ ਹੋਏ ਨੁਮਾਇੰਦੇ, ਡੀੲਡਰਾ ਹੈਂਡਰਿਕਸ (ਲੈਫ਼ਟੀਨੈਂਟ ਗਵਰਨਰ), ਮਾਈਕ ਮੋਵਰ (ਗਵਰਨਰ ਦੇ ਸੀਨੀਅਰ ਸਲਾਹਕਾਰ), ਐਂਥਨੀ ਲੂਬੇਟ (ਸਟੇਟ ਪ੍ਰਤਿਨਿਧੀ), ਮਾਈਕ ਕੇਰੀ (ਸਾਲਟ ਲੇਕ ਕਾਊਂਟੀ ਰਿਪਬਲਿਕਨ ਚੇਅਰ), ਕਰਿਸ ਨਲ (ਸਾਲਟ ਲੇਕ ਕਾਊਂਟੀ ਰਿਪਬਲਿਕਨ ਸਕੱਤਰ, ਸਾਬਕਾ ਚੇਅਰ), ਕੌਨਰ ਹਾਊਸ (ਕਾਂਗਰਸਵੁਮਨ ਸਲੇਸਟ ਮੈਲੋਈ ਦੇ ਕਮਿਊਨਿਟੀ ਆਉਟਰੀਚ ਕੋਆਰਡੀਨੇਟਰ), ਜ਼ੈਕ ਸ਼ੈਪਰਡ (ਕਾਂਗਰਸਵੁਮਨ ਸਲੇਸਟ ਮੈਲੋਈ ਆਫ਼ਿਸ ਦੇ ਕਮਿਊਨਿਟੀ ਆਉਟਰੀਚ, ਸਾਲਟ ਲੇਕ ਅਤੇ ਡੇਵਿਸ ਕਾਊਂਟੀਜ਼), ਕਾਰਲੋਸ ਮੋਰੈਨੋ (ਸਾਲਟ ਲੇਕ ਕਾਊਂਟੀ ਕਾਊਂਸਿਲਮੈਨ) ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ।
ਅੱਜ ਦੇ ਇਸ ਘੋਸ਼ਣਾ ਪੱਤਰ ਵਿਚ ਕਿਹਾ ਗਿਆ ਹੈ ਕਿਃ ਸਿੱਖ ਧਰਮ ਪੰਜਾਬ ਵਿੱਚ ਗੁਰੂ ਨਾਨਕ ਸਾਹਿਬ ਦੁਆਰਾ 15ਵੀਂ ਸਦੀ ਵਿੱਚ ਸ਼ੁਰੂ ਕੀਤਾ ਗਿਆ ਜਿਸਦੇ ਅਮਰੀਕਾ ਵਿੱਚ 1,000,000 ਅਤੇ ਦੁਨੀਆਂ ਭਰ ਵਿੱਚ 35,000,000 ਦੇ ਕਰੀਬ ਪੈਰੋਕਾਰ ਹਨ। ਸਿੱਖ ਧਰਮ ਵਿੱਚ ਮਨੁੱਖਤਾ ਦੀ ਸੇਵਾ, ਸੱਚੀ ਕਿਰਤ, ਅਤੇ ਇੱਕ ਪ੍ਰਮਾਤਮਾ ਦਾ ਨਾਮ ਜਪਣ ਦੀ ਮਹੱਤਤਾ ਹੈ। ਅਮਰੀਕੀ ਕਦਰਾਂ ਕੀਮਤਾਂ ਵਾਂਗ ਸਿੱਖ ਕੌਮ ਵੀ ਆਮ ਲੋਕਾਂ ਅਤੇ ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦੀ ਹੈ।ਮਤੇ ਵਿੱਚ ਅੱਗੇ ਕਿਹਾ ਗਿਆ ਹੈ ਕਿ, ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ 24 ਨਵੰਬਰ 1675 ਨੂੰ ਆਪਣੇ ਤਿੰਨ ਸਿੱਖਾਂ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਸਮੇਤ, ਦੂਜਿਆਂ ਦੇ ਜਬਰੀ ਕੀਤੇ ਜਾ ਰਹੇ ਧਰਮ ਪਰਿਵਰਤਨ ਨੂੰ ਰੋਕਣ ਲਈ ਅਤੇ ਮਨੁੱਖ ਮਾਤਰ ਦੀ ਧਾਰਮਿਕ ਅਜ਼ਾਦੀ ਦੇ ਰਾਖੇ ਬਣ ਕੇ ਸ਼ਹਾਦਤ ਦਿਤੀ।
ਇਸ ਲਈ ਉਨ੍ਹਾਂ ਨੂੰ ਪਿਆਰ ਨਾਲ ਸ੍ਰਿਸ਼ਟੀ ਦੀ ਚਾਦਰ, ਜਾਂ "ਮਨੁੱਖੀ ਅਧਿਕਾਰਾਂ ਦੀ ਢਾਲ" ਵਜੋਂ ਯਾਦ ਕੀਤਾ ਜਾਂਦਾ ਹੈ। ਇਸਲਈ ਯੂਟਾ ਸਟੇਟ ਵੱਲੋਂ ਅੱਜ ਗੁਰੂ ਸਾਹਿਬ ਦੀ ਸ਼ਹਾਦਤ ਦੇ 350 ਸਾਲਾ ਸ਼ਤਾਬਦੀ ਨੂੰ ਸਿੱਖ ਇਤਿਹਾਸ ਅਤੇ ਨਾਲ ਹੀ ਪੂਰੇ ਮਨੁੱਖਤਾ ਦੇ ਇਤਿਹਾਸ ਵਿੱਚ ਇਕ ਅਹਿਮ ਵਰਤਾਰੇ ਵਜੋਂ ਮਾਨਤਾ ਦਿੱਤੀ ਗਈ। ਅਤੇ ਨਾਲ ਹੀ ਸਿੱਖਾਂ ਵੱਲੋਂ ਪਾਏ ਗਏ ਯੋਗਦਾਨ ਨੂੰ ਵੀ ਵਡਿਆਈ ਦਿੱਤੀ ਗਈ ਹੈ। ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਚੱਲ ਰਹੇ ਸਮਾਗਮ ਵਿੱਚ ਮਾਹੌਲ ਬਹੁਤ ਹੀ ਭਾਵੁਕ ਹੋ ਗਿਆ ਅਤੇ ਸਟੇਟ ਕੈਪੀਟਲ ਬਿਲਡਿੰਗ ਵਿੱਚ ਵੱਡੀ ਗਿਣਤੀ ਵਿੱਚ ਹਾਜ਼ਰ ਸੰਗਤਾਂ ਅਤੇ ਹੋਰਨਾਂ ਨੇ ਜੈਕਾਰਿਆਂ ਦੀ ਗੂੰਜ ਵਿਚ ਗੁਰੂ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਜਿਕਰਯੋਗ ਹੈ ਕਿ ਇਸ ਮੌਕੇ ਤੇ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਸੰਬੰਧੀ ਲਗਾਈ ਗਈ ਬਹੁਤ ਵਿਸਥਾਰਿਤ ਪ੍ਰਦਰਸ਼ਨੀ ਨੂੰ ਚੁਣੇ ਹੋਏ ਅਧਿਕਾਰੀਆਂ ਅਤੇ ਅਮਰੀਕਨ ਲੋਕਾਂ ਨੇ ਬਹੁਤ ਗਹੁ ਨਾਲ ਵੇਖ ਕੇ ਇਸ ਸਬੰਧੀ ਜਾਣਕਾਰੀ ਹਾਸਲ ਕੀਤੀ
ਇਸ ਸਮੇਂ ਖ਼ਾਸ ਤੌਰ ਤੇ ਹਾਜ਼ਰੀ ਭਰ ਰਹੇ ਸ. ਹਿੰਮਤ ਸਿੰਘ (ਕੋਆਰਡੀਨੇਟਰ WSP) ਨੇ ਕਿਹਾ ਕਿ ਮਨੁੱਖਤਾ ਦੇ ਰਹਿਬਰ ਗੁਰੂ ਤੇਗ਼ ਬਹਾਦਰ ਸਾਹਿਬ ਤੋਂ ਸੇਧ ਲੈ ਕੇ ਸਮੁੱਚੇ ਸੰਸਾਰ ਨੂੰ ਉੱਨਾਂ ਦੇ ਦਰਸਾਏ ਮਾਰਗ ਉੱਤੇ ਚੱਲਦਿਆਂ ਹਰੇਕ ਦੀ ਧਾਰਮਿਕ ਅਜ਼ਾਦੀ ਅਤੇ ਮਨੁੱਖੀ ਹੱਕਾਂ ਦੀ ਕਦਰ ਕਰਨ ਦੀ ਲੋੜ ਹੈ, ਅਤੇ ਉੱਨਾਂ ਸਮੂਹ ਸੰਗਤਾਂ ਅਤੇ ਸੰਸਥਾਵਾਂ ਦਾ ਧੰਨਵਾਦ ਵੀ ਕੀਤਾ।
ਡਾ. ਪ੍ਰਿਤਪਾਲ ਸਿੰਘ (ਸਿੱਖ ਕਾਕਸ ਕਮੇਟੀ) ਨੇ ਕਿਹਾ ਕਿ ਯੂਟਾ ਸਟੇਟ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਦੁਨੀਆਂ ਦੇ ਇਤਿਹਾਸ ਵਿੱਚ ਨਿਵੇਕਲੀ ਸ਼ਹਾਦਤ ਨੂੰ ਮਾਨਤਾ ਦੇ ਕੇ ਸਿੱਖ ਕੌਮ ਦੇ ਨਾਲ ਸਮੁੱਚੀ ਮਨੁੱਖਤਾ ਦਾ ਮਾਣ ਵਧਾਇਆ ਹੈ।
ਯੂਟਾ ਸਟੇਟ ਦੇ ਗੁਰਦੁਆਰਾ ਸਾਹਿਬਾਨ ਤੋਂ ਸਿੱਖ ਲੀਡਰਸ਼ਿਪ ਅਤੇ ਬਹੁਤ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਨੇ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ।