ਭਾਈ ਘਨਈਆ ਯੂਥ ਕਲੱਬ ਸਤਕੋਹਾ ਵੱਲੋਂ ਨਸ਼ਾ ਵਿਰੋਧੀ ਸੈਮੀਨਾਰ
ਨੌਜਵਾਨਾਂ ਨੇ ਨਸ਼ੇ ਤੋਂ ਦੂਰ ਰਹਿ ਕੇ ਨਸ਼ਾ ਮੁਕਤ ਪੰਜਾਬ ਬਣਾਉਣ ਦਾ ਸੰਕਲਪ ਲਿਆ
ਰੋਹਿਤ ਗੁਪਤਾ
ਬਟਾਲਾ, 28 ਅਕਤੂਬਰ ਯੁਵਕ ਸੇਵਾਵਾਂ ਵਿਭਾਗ ਗੁਰਦਾਸਪੁਰ ਦੇ ਸਹਿਯੋਗ ਨਾਲ ਭਾਈ ਘਨੱਈਆ ਯੂਥ ਕਲੱਬ ਸਤਕੋਹਾ ਵੱਲੋਂ ਨੁੱਕੜ ਨਾਟਕ ਅਤੇ ਨਸ਼ਾ ਵਿਰੋਧੀ ਸੈਮੀਨਾਰ ਕਰਵਾਇਆ ਗਿਆ।
ਇਸ ਮੌਕੇ ਕਲੱਬ ਦੇ ਅਹੁਦੇਦਾਰ ਅਤੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਸਟੇਟ ਯੂਥ ਅਵਾਰਡੀ ਤੇਜ ਪ੍ਰਤਾਪ ਸਿੰਘ ਕਾਹਲੋ ਨੇ ਆਪਣੇ ਸੰਬੋਧਨ ਦੌਰਾਨ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਲਾਮਬੰਦ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਨਸ਼ਾ ਸਿਰਫ਼ ਇਕ ਵਿਅਕਤੀ ਦੀ ਜ਼ਿੰਦਗੀ ਹੀ ਨਹੀਂ ਬਰਬਾਦ ਕਰਦਾ, ਸਗੋਂ ਉਸਦੇ ਪਰਿਵਾਰ ਤੇ ਸਮਾਜ ਦੀ ਜੜਾਂ ਨੂੰ ਵੀ ਕਮਜ਼ੋਰ ਕਰਦਾ ਹੈ। ਉਨ੍ਹਾਂ ਕਿਹਾ ਕਿ ਸਿਹਤਮੰਦ ਜੀਵਨ ਲਈ ਖੇਡਾਂ, ਸੇਵਾ ਕਾਰਜਾਂ ਅਤੇ ਸਮਾਜਿਕ ਗਤੀਵਿਧੀਆਂ ਵਿੱਚ ਹਿੱਸਾ ਲੈਣਾ ਸਭ ਤੋਂ ਵਧੀਆ ਵਿਕਲਪ ਹੈ।
ਇਸ ਮੌਕੇ ਸਰਕਾਰੀ ਪੋਲੀਟੈਕਨਿਕ ਕਾਲਜ ਬਟਾਲਾ ਦੇ ਬੱਡੀ ਪ੍ਰੋਗਰਾਮ ਇੰਚਾਰਜ ਮੈਡਮ ਰੇਖਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਨੌਜਵਾਨ ਕਿਸੇ ਵੀ ਕੌਮ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਜੇ ਉਹ ਨਸ਼ਿਆਂ ਦੀ ਗਿਰਫ਼ਤ ‘ਚ ਆ ਜਾਣ, ਤਾਂ ਕੌਮ ਦੀ ਤਰੱਕੀ ਅਸੰਭਵ ਹੋ ਜਾਂਦੀ ਹੈ।
ਸਪੋਰਟਸ ਅਫਸਰ ਜਗਦੀਪ ਸਿੰਘ ਨੇ ਕਿਹਾ ਕਿ ਸਾਡੇ ਲਈ ਇਹ ਸਭ ਤੋਂ ਵੱਡਾ ਧਰਮ ਹੈ ਕਿ ਅਸੀਂ ਹਰ ਪਿੰਡ ਤੇ ਗਲੀ ਵਿੱਚ ਨਸ਼ਾ ਮੁਕਤ ਅਭਿਆਨ ਚਲਾਈਏ ਅਤੇ ਆਪਣੇ ਆਲੇ-ਦੁਆਲੇ ਦੇ ਯੁਵਕਾਂ ਨੂੰ ਸਹੀ ਰਸਤੇ ‘ਤੇ ਪ੍ਰੇਰਿਤ ਕਰੀਏ।
ਇਸ ਮੌਕੇ ਉੱਘੇ ਸਮਾਜ ਸੇਵੀ ਨੌਜਵਾਨ ਆਗੂ ਪ੍ਰੋ. ਜਸਬੀਰ ਸਿੰਘ ਨੇ ਵੀ ਆਪਣਾ ਵਿਸਤ੍ਰਿਤ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਿਆਂ ਵਿਰੁੱਧ ਜੰਗ ਸਿਰਫ਼ ਸਰਕਾਰੀ ਨਹੀਂ, ਸਗੋਂ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਸਿੱਖਿਆ ਨਾਲ ਨਾਲ ਸੱਭਿਆਚਾਰਕ ਤੇ ਸਮਾਜਿਕ ਸਰਗਰਮੀਆਂ ਵਿੱਚ ਸ਼ਮੂਲੀਅਤ ਕਰਕੇ ਆਪਣੇ ਮਨ ਨੂੰ ਨਕਾਰਾਤਮਕ ਰੁਝਾਨਾਂ ਤੋਂ ਦੂਰ ਰੱਖਣ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਜਦੋਂ ਤੱਕ ਮਾਪੇ, ਅਧਿਆਪਕ ਅਤੇ ਸਮਾਜ ਇਕੱਠੇ ਨਹੀਂ ਹੋਣਗੇ, ਤਦ ਤੱਕ ਨਸ਼ਿਆਂ ਦਾ ਖਾਤਮਾ ਸੰਭਵ ਨਹੀਂ। ਸੈਮੀਨਾਰ ਦੇ ਅੰਤ ‘ਚ ਹਾਜ਼ਰ ਨੌਜਵਾਨਾਂ ਨੇ ਨਸ਼ਾ ਮੁਕਤ ਪੰਜਾਬ ਬਣਾਉਣ ਦਾ ਸੰਕਲਪ ਲਿਆ ਅਤੇ ਇਹ ਵਚਨ ਦਿੱਤਾ ਕਿ ਉਹ ਆਪ ਵੀ ਨਸ਼ੇ ਤੋਂ ਦੂਰ ਰਹਿਣਗੇ ਤੇ ਹੋਰਾਂ ਨੂੰ ਵੀ ਇਸ ਬੁਰਾਈ ਤੋਂ ਬਚਾਉਣ ਲਈ ਪ੍ਰੇਰਿਤ ਕਰਨਗੇ।