ਵਿਵਾਦਤ ਗੀਤ 'ਤੇ ਪੰਜਾਬੀ ਗਾਇਕ ਗੁਲਾਬ ਸਿੱਧੂ ਨੇ ਬਰਨਾਲਾ 'ਚ ਸਰਪੰਚਾਂ ਕੋਲੋਂ ਮੰਗੀ ਮੁਆਫੀ
ਕਮਲਜੀਤ ਸਿੰਘ
ਬਰਨਾਲਾ, (27 ਅਕਤੂਬਰ, 2025 : ਪੰਜਾਬੀ ਗਾਇਕ ਗੁਲਾਬ ਸਿੱਧੂ ਨੇ ਆਪਣੇ ਇੱਕ ਵਿਵਾਦਪੂਰਨ ਗੀਤ ਨੂੰ ਲੈ ਕੇ ਬਰਨਾਲਾ ਜ਼ਿਲ੍ਹੇ ਦੇ ਸਰਪੰਚਾਂ ਨਾਲ ਮੁਲਾਕਾਤ ਕੀਤੀ ਅਤੇ ਮੁਆਫੀ ਮੰਗੀ। ਗਾਇਕ ਵੱਲੋਂ ਗਾਏ ਗਏ ਇਸ ਗੀਤ ਦੀਆਂ ਕੁਝ ਲਾਈਨਾਂ 'ਤੇ ਸਰਪੰਚਾਂ ਨੇ ਸਖਤ ਇਤਰਾਜ਼ ਜਤਾਇਆ ਸੀ, ਜਿਸ ਤੋਂ ਬਾਅਦ ਪੰਚਾਇਤ ਅਤੇ ਸਰਪੰਚ ਯੂਨੀਅਨ ਨੇ ਇਸਦਾ ਵਿਰੋਧ ਕੀਤਾ ਸੀ।
ਮੁਲਾਕਾਤ ਦੌਰਾਨ, ਗੁਲਾਬ ਸਿੱਧੂ ਨੇ ਸਾਰੇ ਸਰਪੰਚ ਭਰਾਵਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਨੇ ਗੀਤ ਦੀਆਂ ਇਤਰਾਜ਼ਯੋਗ ਲਾਈਨਾਂ ਨੂੰ 'ਬੀਪ' ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੁਆਫ਼ੀ ਮੰਗਣ ਜਾਂ ਮਾਫ਼ ਕਰਨ ਨਾਲ ਕੋਈ ਵੱਡਾ ਜਾਂ ਛੋਟਾ ਨਹੀਂ ਹੁੰਦਾ। ਉਨ੍ਹਾਂ ਨੇ ਸਰਪੰਚਾਂ ਦਾ ਸਤਿਕਾਰ ਕਰਦਿਆਂ ਕਿਹਾ ਕਿ ਸਰਪੰਚ ਹਰ ਪਿੰਡ ਦਾ ਇੱਕ ਮਹੱਤਵਪੂਰਨ ਆਗੂ ਹੁੰਦਾ ਹੈ, ਜੋ ਪਿੰਡ ਦੇ ਵਿਕਾਸ ਲਈ ਜ਼ਿੰਮੇਵਾਰ ਹੁੰਦਾ ਹੈ। ਗਾਇਕ ਨੇ ਪੰਜਾਬ ਦੇ ਨੌਜਵਾਨਾਂ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਿਵਾਦਪੂਰਨ ਗੀਤ ਨੂੰ ਕਿਸੇ ਵੀ ਸਮਾਗਮ ਵਿੱਚ ਨਾ ਚਲਾਉਣ ਤਾਂ ਜੋ ਇਹ ਦੁਬਾਰਾ ਵਿਵਾਦ ਦਾ ਵਿਸ਼ਾ ਨਾ ਬਣੇ।
ਦੂਜੇ ਪਾਸੇ, ਪੰਚਾਇਤ ਅਤੇ ਸਰਪੰਚ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਗਾਇਕ ਗੁਲਾਬ ਸਿੱਧੂ ਨੇ ਆਪਣੇ ਗੀਤ ਲਈ ਮੁਆਫ਼ੀ ਮੰਗ ਲਈ ਹੈ। ਉਨ੍ਹਾਂ ਦੱਸਿਆ ਕਿ ਗਾਇਕ ਨੇ ਵਾਅਦਾ ਕੀਤਾ ਹੈ ਕਿ ਉਹ ਆਪਣੇ ਗੀਤ ਵਿੱਚੋਂ ਸਰਪੰਚਾਂ ਬਾਰੇ ਲਾਈਨਾਂ 'ਬੀਪ' ਕਰੇਗਾ ਅਤੇ ਨਾਲ ਹੀ ਭਰੋਸਾ ਦਿੱਤਾ ਕਿ ਉਹ ਆਪਣੇ ਕਿਸੇ ਵੀ ਲਾਈਵ ਸ਼ੋਅ ਵਿੱਚ ਇਹ ਗੀਤ ਨਹੀਂ ਗਾਵੇਗਾ। ਯੂਨੀਅਨ ਆਗੂਆਂ ਨੇ ਪੰਜਾਬ ਭਰ ਦੇ ਸਰਪੰਚਾਂ ਨੂੰ ਵੀ ਇਸ ਮਸਲੇ ਨੂੰ ਹੱਲ ਸਮਝ ਕੇ ਅੱਗੇ ਨਾ ਵਧਾਉਣ ਦੀ ਅਪੀਲ ਕੀਤੀ ਹੈ।