ਜਗਰਾਓਂ: ਡਿਸਪੋਜ਼ਲ ਰੋਡ ਤੋਂ ਕੂੜੇ ਦਾ ਡੰਪ ਹਟਾਉਣ ਦੀ ਮੰਗ ਤੇ ਉਬਲੇ ਲੋਕ
ਸਰਪੰਚ ਬਲਜਿੰਦਰ ਸਿੰਘ ਦੀ ਅਗਵਾਈ ਹੇਠ ਸੜਕ ਬੰਦ ਕਰਕੇ ਧਰਨਾ
ਜਗਰਾਓਂ – (ਦੀਪਕ ਜੈਨ)
ਡਿਸਪੋਜ਼ਲ ਰੋਡ ਉੱਤੇ ਨਗਰ ਕੌਂਸਲ ਵੱਲੋਂ ਬਣਾਏ ਗਏ ਕੂੜੇ ਦੇ ਡੰਪ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਪਿੰਡ ਅਗਵਾੜ ਖਵਾਜਾ ਬਾਜੂ ਦੇ ਸਰਪੰਚ ਬਲਜਿੰਦਰ ਸਿੰਘ ਦੀ ਅਗਵਾਈ ਹੇਠ ਸੜਕ ਦੇ ਦੋਨੋ ਪਾਸਿਆਂ ਤੋਂ ਰਾਹ ਬੰਦ ਕਰਕੇ ਪੱਕਾ ਧਰਨਾ ਲਾਇਆ ਗਿਆ। ਪਿੰਡ ਵਾਸੀਆਂ ਵੱਲੋਂ ਲਗਾਏ ਗਏ ਇਸ ਧਰਨੇ ਚ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀਆਂ, ਨਗਰ ਸੁਧਾਰ ਸਭਾ ਦੇ ਮੈਂਬਰਾਂ, ਮੌਜੂਦਾ ਕੌਂਸਲਰਾਂ ਦੇ ਪਰਿਵਾਰਕ ਮੈਂਬਰਾਂ ਅਤੇ ਨੇੜੇ–ਤੇੜੇ ਦੇ ਦੁਕਾਨਦਾਰਾਂ ਨੇ ਸ਼ਮੂਲੀਅਤ ਕੀਤੀ।ਸਰਪੰਚ ਬਲਜਿੰਦਰ ਸਿੰਘ ਨੇ ਕਿਹਾ ਕਿ ਉਹ ਪਹਿਲਾਂ ਵੀ ਕਈ ਵਾਰ ਡਿਸਪੋਜ਼ਲ ਰੋਡ ਉੱਤੇ ਲੱਗੇ ਕੂੜੇ ਦੇ ਡੰਪ ਨੂੰ ਹਟਾਉਣ ਲਈ ਪ੍ਰਸ਼ਾਸਨ ਕੋਲ ਆਪਣੀ ਗੁਹਾਰ ਲਗਾ ਚੁੱਕੇ ਹਨ, ਪਰ ਹਰ ਵਾਰ ਕੇਵਲ ਅਸ਼ਵਾਸਨ ਹੀ ਮਿਲਦਾ ਰਿਹਾ ਹੈ। ਇਸ ਵਾਰ, ਉਹਨਾਂ ਦੇ ਬੋਲਾਂ ਅਨੁਸਾਰ, ਧਰਨਾ ਤਦ ਤੱਕ ਜਾਰੀ ਰਹੇਗਾ ਜਦ ਤੱਕ ਇਹ ਕੂੜੇ ਦਾ ਡੰਪ ਪੂਰੀ ਤਰ੍ਹਾਂ ਹਟਾਇਆ ਨਹੀਂ ਜਾਂਦਾ। ਉਹਨਾਂ ਦੱਸਿਆ ਕਿ ਕੂੜੇ ਦੇ ਢੇਰ ਕਾਰਨ ਇੱਥੇ ਅਵਾਰਾ ਪਸ਼ੂਆਂ ਦੀ ਭਰਮਾਰ ਹੈ, ਜਿਸ ਨਾਲ ਆਉਣ-ਜਾਣ ਵਾਲਿਆਂ ਲਈ ਰਾਹ ਦੂਸਵਾਰ ਬਣ ਚੁੱਕਾ ਹੈ।
ਬਲਜਿੰਦਰ ਸਿੰਘ ਨੇ ਖੁਲਾਸਾ ਕੀਤਾ ਕਿ ਬੀਤੇ ਦਿਨ ਉਸਦੀ ਤਾਈ ਅਵਾਰਾ ਪਸ਼ੂਆਂ ਦੀ ਲਪੇਟ ਵਿੱਚ ਆ ਕੇ ਗੰਭੀਰ ਜਖ਼ਮੀ ਹੋਈ, ਜਿਨ੍ਹਾਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਸੀ। ਇਸ ਘਟਨਾ ਤੋਂ ਬਾਅਦ ਪਿੰਡ ਵਾਸੀਆਂ ਵਿੱਚ ਕਾਫ਼ੀ ਰੋਸ ਪੈਦਾ ਹੋਇਆ।ਧਰਨੇ ਵਿੱਚ ਮੌਜੂਦ ਸਾਬਕਾ ਬਲਾਕ ਪ੍ਰਧਾਨ ਤੇ ਕੌਂਸਲਰ ਪਤੀ ਰਵਿੰਦਰ ਫੀਨਾ ਸਭਰਵਾਲ, ਮਜ਼ਦੂਰ ਯੂਨੀਅਨ ਦੇ ਆਗੂ ਮਦਨ ਸਿੰਘ ਤੇ ਹੋਰ ਬੋਲਣ ਵਾਲੇ ਸ਼ਖਸੀਅਤਾਂ ਨੇ ਕਿਹਾ ਕਿ ਕੂੜੇ ਦਾ ਇਹ ਡੰਪ ਸ਼ਹਿਰ ਵਾਸੀਆਂ ਦੀ ਸਿਹਤ ਲਈ ਵੱਡਾ ਖ਼ਤਰਾ ਬਣ ਗਿਆ ਹੈ। ਇਸ ਦੇ ਨੇੜੇ ਕਈ ਧਾਰਮਿਕ ਸਥਾਨ ਤੇ ਸਕੂਲ ਹਨ ਜਿੱਥੇ ਰੋਜ਼ਾਨਾ ਹਜ਼ਾਰਾਂ ਬੱਚੇ ਅਤੇ ਨਾਗਰਿਕ ਇਸ ਗੰਦਗੀ ਵਿਚੋਂ ਲੰਘਣ ਲਈ ਮਜਬੂਰ ਹਨ।ਨਗਰ ਸੁਧਾਰ ਸਭਾ ਦੇ ਕਵਲਜੀਤ ਖੰਨਾ ਨੇ ਕਿਹਾ ਕਿ ਸ਼ਹਿਰ ਵਿੱਚ ਜਗ੍ਹਾ–ਜਗ੍ਹਾ ਲੱਗੇ ਕੂੜੇ ਦੇ ਡੰਪਾਂ ਕਾਰਨ ਮਾਹੌਲ ਬਹੁਤ ਪ੍ਰਦੂਸ਼ਿਤ ਹੋ ਚੁੱਕਾ ਹੈ ਅਤੇ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ।
ਉਹਨਾਂ ਕਿਹਾ ਕਿ ਸ਼ਹਿਰ ਦੀ ਹਾਲਤ ਤਰਸਯੋਗ ਹੋ ਚੁੱਕੀ ਹੈ ਅਤੇ ਲੋਕਾਂ ਦਾ ਪ੍ਰਸ਼ਾਸਨ ਤੇ ਭਰੋਸਾ ਘਟਦਾ ਜਾ ਰਿਹਾ ਹੈ।ਧਰਨਾ ਪ੍ਰਦਰਸ਼ਨ ਦੌਰਾਨ ਮੌਜੂਦਾ ਨਗਰ ਕੌਂਸਲ ਦੇ ਈਓ ਵੱਲੋਂ ਫੋਨ ਰਾਹੀਂ ਅਸ਼ਵਾਸਨ ਦਿੱਤਾ ਗਿਆ ਕਿ ਕੂੜਾ ਚੁੱਕਣ ਦਾ ਕੰਮ ਤੁਰੰਤ ਸ਼ੁਰੂ ਕੀਤਾ ਜਾਵੇਗਾ। ਪ੍ਰਸ਼ਾਸਨ ਨੇ ਦੱਸਿਆ ਕਿ ਅੱਜ ਹੀ ਦੋ ਟਰਾਲੀਆਂ ਕੂੜੇ ਦੀਆਂ ਚੁੱਕੀਆਂ ਜਾਣਗੀਆਂ ਅਤੇ ਕੱਲ ਤੋਂ ਪੂਰਨ ਤਰ੍ਹਾਂ ਸਫਾਈ ਸ਼ੁਰੂ ਹੋ ਜਾਵੇਗੀ।ਧਰਨਾਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਨਗਰ ਕੌਂਸਲ ਵੱਲੋਂ ਦਿੱਤੇ ਅਸ਼ਵਾਸਨਾਂ 'ਤੇ ਕਿਸੇ ਤਰ੍ਹਾਂ ਦੀ ਕਾਰਵਾਈ ਨਾ ਹੋਈ ਤਾਂ ਉਹ ਕੂੜੇ ਨਾਲ ਭਰੇ ਬੱਠਲ ਆਪਣੇ ਸਿਰ ਤੇ ਚੁੱਕ ਕੇ ਨਗਰ ਕੌਂਸਲ ਦੇ ਦਫ਼ਤਰ ਅੱਗੇ ਰੋਸ਼ ਪ੍ਰਦਰਸ਼ਨ ਕਰਨਗੇ। ਉਹਨਾਂ ਕਿਹਾ ਕਿ ਹੁਣ ਇਹ ਗੰਦਗੀ ਕਿਸੇ ਵੀ ਕੀਮਤ 'ਤੇ ਸਹੀ ਨਹੀਂ ਕੀਤੀ ਜਾਵੇਗੀ।ਯਾਦ ਰਹੇ ਕਿ ਡਿਸਪੋਜ਼ਲ ਰੋਡ ਤੇ ਇਹ ਵਿਵਾਦ ਨਵਾਂ ਨਹੀਂ ਹੈ। ਪਹਿਲਾਂ ਵੀ ਕਈ ਵਾਰ ਸਥਾਨਕ ਕੌਂਸਲਰ ਤੇ ਸ਼ਹਿਰ ਵਾਸੀ ਧਰਨੇ ਕਰ ਚੁੱਕੇ ਹਨ ਅਤੇ ਕੂੜਾ ਸੁੱਟਣ ਆਉਣ ਵਾਲਿਆਂ ਨੂੰ ਰੋਕ ਚੁੱਕੇ ਹਨ, ਪਰ ਸਮੱਸਿਆ ਦਾ ਕੋਈ ਪੱਕਾ ਹੱਲ ਅਜੇ ਤੱਕ ਨਹੀਂ ਨਿਕਲਿਆ। ਹੁਣ ਵੇਖਣਾ ਇਹ ਹੈ ਕਿ ਨਗਰ ਕੌਂਸਲ ਵੱਲੋਂ ਦਿੱਤੇ ਅਸ਼ਵਾਸਨ ਤੇ ਕਿੰਨੀ ਕਾਰਵਾਈ ਹੁੰਦੀ ਹੈ ਜਾਂ ਫਿਰ ਇਸ ਇਲਾਕੇ ਦੀ ਪ੍ਰੇਸ਼ਾਨੀ ਲੰਬੀ ਖਿਚਦੀ ਹੈ।