ਡੇਰਾ ਸਿਰਸਾ ਦਾ ਥਾਪੜਾ : ਜੱਸੀ ਵੱਲੋਂ ਕਾਂਗਰਸ ਖਿਲਾਫ ਬਗਾਵਤ ਦੀ ਤਿਆਰੀ
ਅਸ਼ੋਕ ਵਰਮਾ, ਬਾਬੂਸ਼ਾਹੀ ਨੈੱਟਵਰਕ
ਬਠਿੰਡਾ, 20 ਜਨਵਰੀ 2022: ਕੀ ਡੇਰਾ ਸੱਚਾ ਸੌਦਾ ਸਰਸਾ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਵੱਲੋਂ ਟਿਕਟ ਲਈ ਦਰਕਿਨਾਰ ਕਰ ਦਿੱਤੇ ਗਏ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਦੇ ਹੱਕ ’ਚ ਚੋਣ ਹਵਾ ਦਾ ਰੁੱਖ ਤੈਅ ਕਰੇਗਾ। ਜਿਲ੍ਹਾ ਬਠਿੰਡਾ ਦੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਨਾਲ ਸਬੰਧਤ ਸਿਆਸੀ ਹਲਕਿਆਂ ’ਚ ਇਹ ਚਰਚਾ ਭਖੀ ਹੋਈ ਹੈ। ਇਸ ਹਲਕੇ ਤੋਂ ਕਾਂਗਰਸ ਦਾ ਆਫੀਸ਼ਲ ਉਮੀਦਵਾਰ ਖੁਸ਼ਬਾਜ ਸਿੰਘ ਜਟਾਣਾ ਹੈ ਜਦੋਂਕਿ ਪਹਿਲਾਂ ਕਈ ਵਾਰ ਜਿੱਤਣ ਕਾਰਨ ਹਲਕਾ ਜੱਸੀ ਦਾ ਮੰਨਿਆ ਜਾਂਦਾ ਸੀ। ਪਿਛਲੀਆਂ ਚੋਣਾਂ ’ਚ ਤਲਵੰਡੀ ਤੋਂ ਜਟਾਣਾ ਅਤੇ ਮੌੜ ਤੋਂ ਜੱਸੀ ਹਾਰ ਗਏ ਸਨ। ਲੰਮਾਂ ਸਮਾਂ ਜੱਸੀ ਨੇ ਮੌੜ ਹਲਕੇ ’ਚ ਕੰਮ ਕੀਤਾ ਪਰ ਪਿੱਛੇ ਜਿਹੇ ਉਨ੍ਹਾਂ ਤਲਵੰਡੀ ਸਾਬੋ ’ਚ ਸਰਗਰਮੀਆਂ ਵਿੱਢ ਦਿੱਤੀਆਂ ਸਨ ।
ਉਮੀਦ ਦੇ ਉਲਟ ਜਦੋਂ ਟਿਕਟ ਖੁਸ਼ਬਾਜ ਜਟਾਣਾ ਨੂੰ ਟਿਕਟ ਦੇ ਦਿੱਤੀ ਤਾਂ ਜੱਸੀ ਨੇ ਕਾਂਗਰਸ ਪਾਰਟੀ ਖਿਲਾਫ ਕੋਈ ਵੱਡੀ ਬਗਾਵਤੀ ਬੜ੍ਹਕ ਤਾਂ ਨਹੀਂ ਮਾਰੀ ਪਰ ਅਜਾਦ ਤੌਰ ਤੇ ਚੋਣ ਲੜਨ ਦਾ ਮਨ ਬਣਾ ਲਿਆ ਜਾਪਦਾ ਹੈ। ਹਾਲਾਂਕਿ ਇਸ ਬਗਾਵਤ ਦਾ ਨਤੀਜਾ ਕੀ ਨਿਕਲਦਾ ਹੈ ਇਹ ਤਾਂ ਸਮਾਂ ਦੱਸੇਗਾ ਪਰ ਕਾਂਗਰਸੀ ਉਮੀਦਵਾਰ ਦੀਆਂ ਸੇਵੀਆਂ ’ਚ ਲੂਣ ਪੈਣ ਦੀ ਸੰਭਾਵਨਾ ਰੱਦ ਨਹੀਂ ਕੀਤਾ ਜਾ ਸਕਦਾ ਹੈ। ਹਰਮਿੰਦਰ ਸਿੰਘ ਜੱਸੀ ਡੇਰਾ ਸਿਰਸਾ ਦੇ ਮੌਜੂਦਾ ਗੱਦੀਨਸ਼ੀਨ ਸੰਤ ਗੁਰਮੀਤ ਰਾਮ ਰਹੀਮ ਸਿੰਘ ਦਾ ਕੁੜਮ ਹੈ। ਜਾਣਕਾਰੀ ਅਨੁਸਾਰ ਹਲਕਾ ਤਲਵੰਡੀ ਸਾਬੋ ’ਚ ਡੇਰੇ ਦੇ 25 ਤੋਂ 30 ਹਜ਼ਾਰ ਪੈਰੋਕਾਰ ਹਨ ਅਤੇ ਪੁਰਾਣਾ ਹਲਕਾ ਹੋਣ ਕਰਕੇ ਜੱਸੀ ਦਾ ਆਪਣਾ ਨਿੱਜੀ ਪ੍ਰਭਾਵ ਵੀ ਹੈ।
ਭਾਵੇਂ ਡੇਰਾ ਪ੍ਰੇਮੀ ਹੋਰਨਾ ਸਿਆਸੀ ਧਿਰਾਂ ਨਾਲ ਜੁੜੇ ਹੋਏ ਹਨ ਪਰ ਜਿਆਦਾਤਰ ਅੱਜ ਵੀ ਡੇਰੇ ਦੇ ਸਿਆਸੀ ਵਿੰਗ ਤੋਂ ਬਾਹਰ ਨਹੀਂ ਹਨ। ਡੇਰੇ ਦੇ ਆਗੂ ਪ੍ਰਬੰਧਕਾਂ ਅਤੇ ਸਿਆਸੀ ਵਿੰਗ ਦੇ ਮੈਂਬਰਾਂ ਨੇ ਮੀਟਿੰਗਾਂ ਕਰਕੇ ਡੇਰਾ ਪ੍ਰੇਮੀਆਂ ਦੀ ਸਿਆਸੀ ਨਬਜ਼ ਟੋਹਣੀ ਸ਼ੁਰੂ ਕੀਤੀ ਹੋਈ ਹੈ। ਅਜਿਹੀ ਹੀ ਇੱਕ ਮੀਟਿੰਗ ’ਚ ਤਾਂ ਜੱਸੀ ਦਾ ਭਰਾ ਗੋਪਾਲ ਸਿੰਘ ਵੀ ਮੌਜੂਦ ਸੀ। ਜੱਸੀ ਵੱਲੋਂ ਤਿਆਰ ਕਰਵਾਇਆ ਇੱਕ ਪੋਸਟਰ ਜਾਰੀ ਕਰਨ ਮੌਕੇ ਡੇਰੇ ਦੀ ਤੇਜ਼ ਤਰਾਰ 45 ਮੈਂਬਰ ਗੁਰਚਰਨ ਕੌਰ ਵੀ ਹਾਜ਼ਰ ਸੀ ਜਿਸ ਦਾ ਡੇਰਾ ਪ੍ਰੇਮੀ ਪ੍ਰੀਵਾਰਾਂ ਦੀਆਂ ਔਰਤਾਂ ’ਚ ਕਾਫੀ ਪ੍ਰਭਾਵ ਦੱਸਿਆ ਜਾਂਦਾ ਹੈ। ਇਸ ਤੋਂ ਜਾਹਰ ਹੈ ਕਿ ਕਾਂਗਰਸ ਵੱਲੋਂ ਜੱਸੀ ਮਾਮਲੇ ਨੂੰ ਡੇਰਾ ਸਿਰਸਾ ਕਿੰਨੀ ਸੰਜੀਦਗੀ ਨਾਲ ਲੈ ਰਿਹਾ ਹੈ।
ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਜਿੱਤਣ ਦੇ ਬਾਵਜੂਦ ਤਲਵੰਡੀ ਸਾਬੋ ਨੂੰ ਕਾਂਗਰਸ ਦਾ ਰਿਵਾÇੲਤੀ ਹਲਕਾ ਮੰਨਿਆ ਜਾਂਦਾ ਰਿਹਾ ਹੈ। ਸਾਲ 1980 ‘ਚ ਇਸ ਹਲਕੇ ਤੋਂ ਕਾਂਗਰਸੀ ਉਮੀਦਵਾਰ ਅਵਤਾਰ ਸਿੰਘ ਅਕਾਲੀ ਉਮੀਦਵਾਰ ਸੁਖਦੇਵ ਸਿੰਘ ਨੂੰ 1300 ਵੋਟਾਂ ਨਾਲ ਹਰਾਕੇ ਜੇਤੂ ਰਹੇ ਸਨ। ਸਾਲ 1992 ਦੀਆਂ ਚੋਣਾਂ ਮੌਕੇ ਅਕਾਲੀ ਦਲ ਦੇ ਬਾਈਕਾਟ ਦੌਰਾਨ ਕਾਂਗਰਸ ਦੇ ਹਰਮਿੰਦਰ ਸਿੰਘ ਜੱਸੀ ਨੇ ਬਸਪਾ ਦੇ ਜਗਦੀਪ ਸਿੰਘ ਨੂੰ 992 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਸਾਲ 1997 ਵਿਚ ਇੱਕ ਵਾਰ ਫਿਰ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਉਸ ਵਕਤ ਅਕਾਲੀ ਦਲ ਤਰਫੋਂ ਚੋਣ ਲੜੇ ਜੀਤਮੋਹਿੰਦਰ ਸਿੰਘ ਸਿੱਧੂ ਨੂੰ 3173 ਵੋਟਾਂ ਨਾਲ ਹਰਾਉਣ ’ਚ ਸਫਲ ਰਿਹਾ ਸੀ।
ਸਾਲ 2002 ‘ਚ ਜੀਤਮੋਹਿੰਦਰ ਸਿੰਘ ਸਿੱਧੂ ਨੇ ਅਕਾਲੀ ਦਲ ਤੋਂ ਬਾਗੀ ਹੋ ਕੇ ਅਜ਼ਾਦ ਚੋਣ ਲੜੀ ਸੀ ਤਾਂ ਉਸ ਨੇ ਭਾਰੀ ਜੱਦੋਜਹਿਦ ਨਾਲ ਹਰਮਿੰਦਰ ਸਿੰਘ ਜੱਸੀ ਨੂੰ ਸਿਰਫ 237 ਵੋਟਾਂ ਦੇ ਮਾਮੂਲੀ ਫਰਕ ਨਾਲ ਮਸਾਂ ਹਰਾਇਆ ਸੀ। ਉਸ ਮਗਰੋਂ ਜੀਤ ਮੋਹਿੰਦਰ ਸਿੰਘ ਨੇ ਕਾਂਗਰਸ ’ਚ ਸ਼ਮੂਲੀਅਤ ਕਰ ਲਈ। ਸਾਲ 2007 ਅਤੇ 2012’ਚ ਜੀਤ ਮੋਹਿੰਦਰ ਲਗਾਤਾਰ ਦੋ ਵਾਰ ਅਕਾਲੀ ਉਮੀਦਵਾਰ ਅਮਰਜੀਤ ਸਿੰਘ ਸਿੱਧੂ ਨੂੰ ਕ੍ਰਮਵਾਰ 3790 ਤੇ 8517 ਵੋਟਾਂ ਨਾਲ ਹਰਾਉਣ ’ਚ ਸਫਲ ਰਿਹਾ। ਜੀਤਮੋਹਿੰਦਰ ਸਿੰਘ ਸਿੱਧੂ ਦਲਬਦਲੀ ਕਰਕੇ ਅਕਾਲੀ ਦਲ ’ਚ ਸ਼ਾਮਲ ਹੋਏ ਅਤੇ ਜਿਮਨੀ ਚੋਣ ਜਿੱਤ ਗਏ ਸਨ। ਇਸ ਦੇ ਉਲਟ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਦੀ ਉਮੀਦਵਾਰ ਪ੍ਰੋਫੈਸਰ ਬਲਜਿੰਦਰ ਕੌਰ ਜਿੱਤਣ ’ਚ ਸਫਲ ਰਹੀ ।
ਲੰਘੇ ਪੰਜ ਸਾਲਾਂ ਦੌਰਾਨ ਮੌਜੂਦਾ ਕਾਂਗਰਸੀ ਉਮੀਦਵਾਰ ਖੁਸ਼ਬਾਜ ਸਿੰਘ ਜਟਾਣਾ ਨੇ ਕਾਂਗਰਸ ਨੂੰ ਲੀਹ ਤੇ ਲਿਆਉਣ ਲਈ ਸਖਤ ਮਿਹਨਤ ਕੀਤੀ। ਇਸੇ ਦੌਰਾਨ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਨੇ ‘ਐਂਟਰੀ’ ਮਾਰ ਲਈ ਜਿਸ ਨੇ ਨਵਾਂ ਪੁਆੜਾ ਪਾ ਦਿੱਤਾ । ਮੁੱਖ ਮੰਤਰੀ ਦੀ ਰੈਲੀ ਤੋਂ ਪਹਿਲਾਂ ਜਟਾਣਾ ਅਤੇ ਜੱਸੀ ਧੜੇ ਆਹਮੋ ਸਾਹਮਣੇ ਵੀ ਹੋ ਗਏ ਸਨ। ਬੇਸ਼ੱਕ ਜਟਾਣਾ ਕਾਂਗਰਸ ਦੀ ਟਿਕਟ ਹਾਸਲ ਕਰਨ ’ਚ ਸਫਲ ਹੋ ਗਿਆ ਪਰ ਜੱਸੀ ਅਤੇ ਉਸ ਦੇ ਸਮਰਥਕਾਂ ਵੱਲੋਂ ਅਜਾਦ ਤੌਰ ਤੇ ਝੰਡਾ ਚੁੱਕਣ ਦੀਆਂ ਰਿਪੋਰਟਾਂ ਦੌਰਾਨ ਜਟਾਣਾ ਵਿਰੋਧੀਆਂ ’ਚ ਖੁਸ਼ੀ ਦਾ ਮਹੌਲ ਹੈ।
ਡੇਰਾ ਆਗੂਆਂ ਬਾਰੇ ਜਾਣਕਾਰੀ ਨਹੀਂ-ਜੱਸੀ
ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਦੇ ਭਰਾ ਗੋਪਾਲ ਸਿੰਘ ਜੱਸੀ ਨੇ ਹਲਕੇ ’ਚ ਕੀਤੀਆਂ ਜਾ ਰਹੀਆਂ ਚੋਣ ਮੀਟਿੰਗਾਂ ’ਚ ਡੇਰਾ ਪ੍ਰਬੰਧਕਾਂ ਵੱਲੋਂ ਸ਼ਮੂਲੀਅਤ ਕਰਨ ਸਬੰਧੀ ਅਣਜਾਣਤਾ ਜਤਾਈ ਹੈ। ਉਨ੍ਹਾਂ ਕਿਹਾ ਕਿ ਜੱਸੀ ਹਰ ਹਾਲਤ ’ਚ ਤਲਵੰਡੀ ਸਾਬੋ ਹਲਕੇ ਤੋਂ ਚੋਣ ਲੜਨਗੇ। ਜੇਕਰ ਕਾਂਗਰਸ ਨੇ ਉਮੀਦਵਾਰ ਨਾਂ ਬਦਲਿਆ ਤਾਂ ਜੱਸੀ ਨੂੰ ਅਜਾਦ ਚੋਣ ਲੜਉਣ ਬਾਰੇ ਫੈਸਲਾ ਲਿਆ ਗਿਆ ਹੈ। ਉਨ੍ਹਾਂ ਜੱਸੀ ਵੱਲੋਂ ਭਾਰਤੀ ਜੰਤਾ ਪਾਰਟੀ ’ਚ ਸ਼ਾਮਲ ਹੋਣ ਸਬੰਧੀ ਚੱਲ ਰਹੀ ਚਰਚਾ ਨੂੰ ਵੀ ਬੇਬੁਨਿਆਦ ਕਰਾਰ ਦਿੱਤਾ ਹੈ।