ਸੁਖਜਿੰਦਰ ਸਿੰਘ ਰੰਧਾਵਾ ਨੇ ਅੱਧੀਂ ਰਾਤੀਂ ਭਾਰਤ-ਪਾਕਿ ਬਾਰਡਰ ਚੈਕ ਕੀਤੇ ਨਾਕੇ, ਸੁਰੱਖਿਆ ਬਲਾਂ ਦੀ ਕੀਤੀ ਹੌਂਸਲਾ ਅਫਜ਼ਾਈ
ਅੰਮ੍ਰਿਤਸਰ, 16 ਅਕਤੂਬਰ, 2021: ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਧੀਂ ਰਾਤੀਂ ਅੰਮ੍ਰਿਤਸਰ ਸੈਕਟਰ ਵਿਚ ਭਾਰਤ-ਪਾਕਿਸਤਾਨ ਬਾਰਡਰ ਦੇ ਨਾਲ ਲੱਗਦੇ ਪੰਜਾਬ ਪੁਲਿਸ ਦੇ ਨਾਕਿਆਂ ਦੀ ਅਚਨਚੇਤ ਚੈਕਿੰਗ ਕੀਤੀ।
ਉਹਨਾਂ ਨੇ ਆਪਣੀ ਮੁਹਿੰਮ ਅੰਮ੍ਰਿਤਸਰ ਦੇ ਜਗਦੇਵ ਖੁਰਦ (ਅਜਨਾਲਾ) ਤੋਂ ਕੀਤੀ ਤੇ ਫਿਰ ਅੰਮ੍ਰਿਤਸਰ ਦਿਹਾਤੀ ਵਿਚ ਗਾਗੋ ਮਹਿਲ, ਦਰੀਆ ਮੂਸਾ (ਅਜਨਾਲਾ), ਰਾਮਦਾਸ, ਗੁਰਦਾਸਪੁਰ ਜ਼ਿਲ੍ਹੇ ਵਿਚ ਡੇਰਾ ਬਾਬਾ ਨਾਨਕ ਹਲਕੇ ਦੇ ਸਿੰਘਪੁਰਾ, ਅਤੇ ਘੋਨੇਵਾਲਾ ਪੁੱਲ ’ਤੇ ਚੈਕਿੰਗ ਕੀਤੀ।
ਉਹਨਾ ਇਕ ਟਵੀਟ ਵਿਚ ਲਿਖਿਆ ਹੈ ਕਿ ਉਹਨਾਂ ਆਪਣੇ ਸੁਰੱਖਿਆ ਬਲਾਂ ਦਾ ਮਨੋਬਲ ਵਧਾਉਣ ਲਈ ਭਾਰਤ-ਪਾਕਿਸਤਾਨ ਸਰਹੱਦ ’ਤੇ ਨਾਕਿਆਂ ਦਾ ਦੌਰਾ ਕੀਤਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸਾਡੀਆਂ ਸਰਹੱਦਾਂ ਦੀ ਰਾਖੀ ਕਰ ਰਹੇ ਸੁਰੱਖਿਆ ਬਲਾਂ ਦੇ ਨਾਲ ਡੱਟ ਕੇ ਖੜ੍ਹੀ ਹੈ। ਇਹਨਾਂ ਦੀ ਚੌਕਸੀ ਦੀ ਬਦੌਲਤ ਹੀ ਇਸ ਮੁਲਕ ਵਿਚ ਲੋਕ ਆਰਾਮਦੀ ਨੀਂਦ ਸੋਂਦੇ ਹਨ।