SIR ਬਠਿੰਡਾ ਵਿੱਚ 99% ਤੋਂ ਵੱਧ ਕੰਮ ਮੁਕੰਮਲ: ਜ਼ਿਲ੍ਹਾ ਚੋਣ ਅਫਸਰ ਰਾਜੇਸ਼ ਧੀਮਾਨ
ਅਸ਼ੋਕ ਵਰਮਾ
ਬਠਿੰਡਾ, 1 ਅਕਤੂਬਰ 2026 :ਬਠਿੰਡਾ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ (ਐੱਸ.ਆਈ.ਆਰ.) ਦਾ ਕੰਮ ਮੁਕੰਮਲ ਹੋਣ ਦੇ ਨੇੜੇ ਪਹੁੰਚ ਗਿਆ ਹੈ ਅਤੇ ਜ਼ਿਲ੍ਹੇ ਵਿੱਚ ਐੱਸ.ਆਈ.ਆਰ. ਦਾ 99.21 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ।
ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਮੌੜ ਵਿਧਾਨ ਸਭਾ ਹਲਕੇ ਵਿੱਚ ਐੱਸ.ਆਈ.ਆਰ. 2026 ਦੀ 100 ਫੀਸਦੀ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ, ਜਦਕਿ ਬਾਕੀ ਪੰਜ ਵਿਧਾਨ ਸਭਾ ਹਲਕਿਆਂ ਵਿੱਚ ਵੀ ਐੱਸ.ਆਈ.ਆਰ. ਦਾ 99 ਫੀਸਦੀ ਤੋਂ ਵੱਧ ਕੰਮ ਮੁਕੰਮਲ ਹੋ ਗਿਆ ਹੈ। ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਰਾਮਪੁਰਾ ਵਿੱਚ 99.53 ਫੀਸਦੀ, ਭੁੱਚੋ ਮੰਡੀ ਵਿੱਚ 99.23 ਫੀਸਦੀ, ਬਠਿੰਡਾ ਸ਼ਹਿਰੀ ਵਿੱਚ 97.49 ਫੀਸਦੀ, ਬਠਿੰਡਾ ਦਿਹਾਤੀ ਵਿੱਚ 99.70 ਫੀਸਦੀ ਅਤੇ ਤਲਵੰਡੀ ਸਾਬੋ ਵਿੱਚ 99.83 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ।
ਉਨ੍ਹਾਂ ਕਿਹਾ ਕਿ ਹਰੇਕ ਯੋਗ ਵੋਟਰ ਦਾ ਨਾਮ ਵੋਟਰ ਸੂਚੀ ਵਿੱਚ ਸ਼ਾਮਲ ਕਰਨਾ ਯਕੀਨੀ ਬਣਾਉਣ ਅਤੇ ਵੋਟਰਾਂ ਦੀ ਸਹੂਲਤ ਲਈ, ਜਿਨ੍ਹਾਂ ਮਾਮਲਿਆਂ ਵਿੱਚ ਨੋਟਿਸ ਜਾਰੀ ਹੋ ਚੁੱਕੇ ਹਨ ਅਤੇ ਸੁਣਵਾਈ ਜਾਂ ਦਸਤਾਵੇਜ਼ ਜਮ੍ਹਾਂ ਕਰਵਾਉਣੇ ਅਜੇ ਬਾਕੀ ਹਨ, ਉਨ੍ਹਾਂ ਮਾਮਲਿਆਂ ਵਿੱਚ ਬੂਥ ਲੈਵਲ ਅਫਸਰ (ਬੀ.ਐਲ.ਓ.) ਵੋਟਰਾਂ ਨਾਲ ਸੰਪਰਕ ਕਰਨਗੇ ਅਤੇ ਉਨ੍ਹਾਂ ਨੂੰ ਦਫ਼ਤਰਾਂ ਵਿੱਚ ਸੁਣਵਾਈ ਲਈ ਬੁਲਾਉਣ ਦੀ ਬਜਾਏ ਲੋੜੀਂਦੇ ਦਸਤਾਵੇਜ਼ ਸਿੱਧੇ ਉਨ੍ਹਾਂ ਤੋਂ ਇਕੱਠੇ ਕਰਨਗੇ।
ਉਨ੍ਹਾਂ ਕਿਹਾ ਕਿ ਇਸ ਪ੍ਰਬੰਧ ਨਾਲ ਵੋਟਰਾਂ ਨੂੰ ਨਿੱਜੀ ਸੁਣਵਾਈ ਅਤੇ ਜਿੱਥੇ ਲਾਗੂ ਹੋਵੇ, ਦਸਤਾਵੇਜ਼ ਜਮ੍ਹਾਂ ਕਰਵਾਉਣ ਲਈ ਚੋਣ ਰਜਿਸਟ੍ਰੇਸ਼ਨ ਅਫਸਰਾਂ (ਈ.ਆਰ.ਓਜ਼) ਦੇ ਦਫ਼ਤਰਾਂ ਵਿੱਚ ਜਾਣ ਦੀ ਲੋੜ ਨਹੀਂ ਪਵੇਗੀ। ਇਸ ਤੋਂ ਇਲਾਵਾ, ਜਿਨ੍ਹਾਂ ਵਿਧਾਨ ਸਭਾ ਹਲਕਿਆਂ ਵਿੱਚ ਕੁਝ ਕੰਮ ਬਕਾਇਆ ਹੈ, ਉੱਥੇ ਵੋਟਰਾਂ ਦੀ ਸਹੂਲਤ ਲਈ ਆਉਣ ਵਾਲੇ ਹਫ਼ਤੇ ਦੇ ਅੰਤ ਵਿੱਚ ਕੈਂਪ ਵੀ ਲਗਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਵੋਟਰਾਂ ਦੀ ਸਹੂਲਤ ਅਤੇ ਵੋਟਰ ਸੂਚੀ ਨਾਲ ਸਬੰਧਤ ਉਨ੍ਹਾਂ ਦੇ ਸਵਾਲਾਂ ਅਤੇ ਚਿੰਤਾਵਾਂ ਦੇ ਹੱਲ ਲਈ ਜ਼ਿਲ੍ਹਾ ਪੱਧਰ ’ਤੇ ਹੈਲਪ ਡੈਸਕ ਵੀ ਸਥਾਪਿਤ ਕੀਤੇ ਗਏ ਹਨ। ਇਸ ਤੋਂ ਇਲਾਵਾ ਹੈਲਪਲਾਈਨ ਨੰਬਰ 1950 ਵੀ ਉਪਲਬਧ ਹੈ। ਉਨ੍ਹਾਂ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਬੀ.ਐਲ.ਓਜ਼ ਅਤੇ ਹੋਰ ਚੋਣ ਅਧਿਕਾਰੀਆਂ ਨੂੰ ਪੂਰਾ ਸਹਿਯੋਗ ਦੇਣ ਅਤੇ ਜਿੱਥੇ ਵੀ ਲੋੜ ਹੋਵੇ, ਲੋੜੀਂਦੇ ਦਸਤਾਵੇਜ਼ ਅਤੇ ਜਾਣਕਾਰੀ ਮੁਹੱਈਆ ਕਰਵਾਉਣ, ਤਾਂ ਜੋ ਇਸ ਪ੍ਰਕਿਰਿਆ ਨੂੰ ਸਮੇਂ ਸਿਰ ਮੁਕੰਮਲ ਕੀਤਾ ਜਾ ਸਕੇ।
- Download Babushahi App
-
-