Political Special-ਮਿਸ਼ਨ ਅਮਿਤ ਸ਼ਾਹ : ਬੱਤੀਆਂ ਬੁਝਾ ਲੋ ਜੀ ਜਿੰਦੇ ਕੁੰਡੇ ਲਾਲੋ ਜੀ ‘ ਜਸਟ ਭਾਜਪਾ ਗੈਟਿੰਗ ਹੌਟ ’
ਅਸ਼ੋਕ ਵਰਮਾ
ਬਠਿੰਡਾ , 29 ਸਤੰਬਰ 2026 : ਭਾਰਤੀ ਜੰਤਾ ਪਾਰਟੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਦੇ ਆਖਰੀ ਗੇੜ ਦੌਰਾਨ ਜਲੰਧਰ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਤੋਂ ਪਹਿਲਾਂ ਸੂਬੇ ਦੀ ਰਾਜਨੀਤੀ ’ਚ ਤੁਫਾਨ ਤੋਂ ਪਹਿਲਾਂ ਵਰਗੀ ਸ਼ਾਂਤੀ ਨਜ਼ਰ ਆ ਰਹੀ ਹੈ। ਅਮਿਤ ਸ਼ਾਹ , ਜਿੰਨ੍ਹਾਂ ਬਾਰੇ ਚਰਚਿਤ ਹੈ ਕਿ ਉਹ ਸਿਆਸੀ ਭੰਨ ਤੋੜ ਦੇ ਚਾਣਕੀਆ ਹਨ , ਦੀ ਪੰਜਾਬ ਫੇਰੀ ਤੋਂ ਸਿਆਸਤਦਾਨਾਂ ਨੂੰ ਧੁੜਕੂ ਲੱਗਿਆ ਹੋਇਆ ਹੈ ਇਹ ਅਲਹਿਦਾ ਹੈ ਕਿ ਕੋਈ ਬੋਲਦਾ ਨਹੀਂ ਹੈ। ਸੋਸ਼ਲ ਮੀਡੀਆ ’ਤੇ ਵੀ ਅਜਿਹੀਆਂ ਹੀ ਚਰਚਾਵਾਂ ਦਾ ਬਜ਼ਾਰ ਗਰਮ ਹੈ ਕਿ ਕਿਧਰੇ ਪੰਜਾਬ ’ਚ ਕੁੱਝ ਵੱਡਾ ਹੋਣ ਵਾਲਾ ਤਾਂ ਨਹੀਂ। ਦੇਖਿਆ ਜਾਏ ਤਾਂ ਕੇਂਦਰੀ ਗ੍ਰਹਿ ਮੰਤਰੀ ਦਾ ਹੁਣ ਤੱਕ ਦਾ ਟਰੈਕ ਰਿਕਾਰਡ ਰਿਹਾ ਹੈ ਕਿ ਉਹ ਜਦੋਂ ਵੀ ਕਿਸੇ ਸੂਬੇ ’ਚ ਜਾਂਦੇ ਹਨ ਤਾਂ ਉੱਥੇ ਕੋਈ ਨਾਂ ਕੋਈ ਸਿਆਸੀ ਅਣਹੋਣੀ ਵਾਪਰ ਜਾਂਦੀ ਹੈ।
ਹੁਣ ਜਦੋਂ ਬੁੱਧਵਾਰ ਨੂੰ ਅਮਿਤ ਸ਼ਾਹ ਪੰਜਾਬ ਦੇ ਦੌਰੇ ’ਤੇ ਆ ਰਹੇ ਹਨ ਤਾਂ ਸਿਆਸੀ ਧਿਰਾਂ ਦੇ ਕੰਨ ਖੜ੍ਹੇ ਹੋ ਗਏ ਹਨ। ਹਾਲਾਂਕਿ ਭਾਜਪਾ ਲੀਡਰਸ਼ਿਪ ਇਸ ਮੁੱਦੇ ’ਤੇ ਕੁੱਝ ਬੋਲਣ ਨੂੰ ਤਿਆਰ ਨਹੀਂ ਪਰ ਅਹਿਮ ਸਿਆਸੀ ਹਲਕਿਆਂ ਨੇ ਮੰਨਿਆ ਹੈ ਕਿ ਜਿੱਥੇ ‘ ਸ਼ਾਹ ਉੱਥੇ ਹੀ ਕੋਈ ਨਾਂ ਕੋਈ ਸਿਆਸੀ ਰਾਹ ’ ਬਣਦਾ ਜਰੂਰ ਹੈ। ਇਹੋ ਕਾਰਨ ਹੈ ਕਿ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਪੰਜਾਬ ਨੂੰ ਪਲੋਸਣ ਦੇ ਰਾਹ ਪਈ ਹੈ ਤਾਂ ਕਿਸੇ ਕਿਸਮ ਦੀ ਸਿਆਸੀ ਚੱਕ ਥੱਲ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇੱਕ ਇੰਟਰਵਿਊ ’ਚ 2027 ’ਚ ਹੋਣ ਵਾਲੀਆਂ ਪੰਜਾਬ ਚੋਣਾਂ ਬਾਰੇ ਕਿਹਾ ਸੀ ਕਿ ‘ ਪੰਜਾਬ ਬਾਰੇ ਕੋਈ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ ਹੈ। ’ ਇਸ ਟਿੱਪਣੀ ਤੋਂ ਸਾਫ਼ ਹੈ ਕਿ ਭਾਜਪਾ ਲਈ ਪੰਜਾਬ ਖਾਲਾ ਜੀ ਦਾ ਵਾੜਾ ਨਹੀਂ ਹੈ।
ਇਹੀ ਗੱਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ’ਤੇ ਵੀ ਢੁੱਕਦੀ ਹੈ ਕਿ ਉਨ੍ਹਾਂ ਦੀਆਂ ਸਰਗਰਮੀਆਂ ਬਾਰੇ ਪੇਸ਼ੀਨਗੋਈ ਕਰਨੀ ਮੁਸ਼ਕਿਲ ਹੈ ਕਿ ਉਹ ਕਦੋਂ ਅਤੇ ਕੀ ਕਰਦੇ ਹਨ। ਕੁੱਝ ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਦੇ 7 ਰਾਜ ਸਭਾ ਮੈਂਬਰਾਂ ਦੇ ਭਾਜਪਾ ’ਚ ਸ਼ਾਮਲ ਹੋਣ ਪਿੱਛੇ ਅਮਿਤ ਸ਼ਾਹ ਦੀ ਵਿਉਂਤਬੰਦੀ ਹੋਣ ਦੇ ਤੱਥ ਸਾਹਮਣੇ ਆ ਰਹੇ ਹਨ। ਹਾਲਾਂਕਿ ਪੰਜਾਬ ਚੋਣਾਂ ’ਚ ਹਾਲੇ ਸਮਾਂ ਬਾਕੀ ਹੈ ਪਰ ਦਲਦਲੀਆਂ ਨੇ ਸਾਬਤ ਕਰ ਦਿੱਤਾ ਹੈ ਕਿ ਭਾਜਪਾ ਦੇ ਇਰਾਦੇ ਨੇਕ ਨਹੀਂ ਹਨ। ਸਿਆਸੀ ਮਾਹਿਰ ਮੰਨਦੇ ਹਨ ਕਿ ਹਰ ਪਾਰਟੀ ਨੂੰ ਆਪਣੇ ਆਗੂ ਬਚਾਅ ਕੇ ਰੱਖਣੇ ਪੈਣਗੇ ਕਿਉਂਕਿ ਭਾਜਪਾ ਕਦੇ ਵੀ ਰੰਗ ’ਚ ਭੰਗ ਪਾ ਸਕਦੀ ਹੈ। ਆਮ ਚਰਚਾ ਹੈ ਕਿ ਪੰਜਾਬ ਵਿੱਚ ਪੈਰ ਜਮਾਉਣ ਦੀ ਹੁਣ ਤੱਕ ਦੀ ਕਵਾਇਦ ਤਹਿਤ ਜਿਆਦਾਤਰ ‘ ਚੱਲੇ ਕਾਰਤੂਸ ’ ਹੀ ਭਾਜਪਾ ਦੇ ‘ ਪੰਜਾਬ ਰੱਥ ’ ’ਤੇ ਸਵਾਰ ਹਨ।
ਤਾਹੀਂਓ ਭਾਜਪਾ ਨੇ ਹੁਣ ਅਜਿਹੇ ਲੋਕਾਂ ਨੂੰ ਪਾਰਟੀ ਨਾਲ ਜੋੜਨ ਦੀ ਯੋਜਨਾ ਬਣਾਈ ਹੈ ਜਿੰਨ੍ਹਾਂ ਦਾ ਆਪੋ ਆਪਣੇ ਇਲਾਕਿਆਂ ’ਚ ਅਸਰ ਰਸੂਖ ਹੋਵੇ ਅਤੇ ਜਮੀਨੀ ਪੱਧਰ ’ਤੇ ਕੰਮ ਕਰਕੇ ਪਾਰਟੀ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਾਉਣ ’ਚ ਸਮਰੱਥ ਸਾਬਤ ਹੋ ਸਕਦੇ ਹੋਣ। ਇੱਕ ਸੀਨੀਅਰ ਭਾਜਪਾ ਆਗੂ ਦਾ ਕਹਿਣਾ ਸੀ ਕਿ ਸੱਤਾਧਾਰੀ ਧਿਰ ਸਮੇਤ ਇੱਕ ਦਰਜਨ ਤੋਂ ਵੱਧ ਆਗੂ ਪਾਰਟੀ ਦੇ ਸੰਪਰਕ ’ਚ ਹਨ । ਉਨ੍ਹਾਂ ਇੱਕ ਅਜਿਹੇ ਦਲਿਤ ਕਾਂਗਰਸੀ ਨੇਤਾ ਦੀ ਕੇਂਦਰੀ ਲੀਡਰਸ਼ਿਪ ਨਾਲ ਮੀਟਿੰੰਗ ਹੋਣ ਦਾ ਦਾਅਵਾ ਕੀਤਾ ਜੋ ਭਾਜਪਾ ’ਚ ਸ਼ਮੂਲੀਅਤ ਦੀ ਗੱਲ ਮੁੱਢੋਂ ਨਕਾਰ ਚੁੱਕੇ ਹਨ। ਭਾਵੇਂ ਇਸ ਭਾਜਪਾ ਆਗੂ ਦੇ ਤੱਥ ਵਕਤੋਂ ਪਹਿਲਾਂ ਦੇ ਹਨ ਪਰ ਦਲਿਤ ਵਰਗ ਨੂੰ ਨਾਲ ਜੋੜਨਾ ਵੀ ਇਸੇ ਰਾਜਨੀਤੀ ਦਾ ਹਿੱਸਾ ਹੋਣ ਕਾਰਨ ਇਹ ਕਾਫੀ ਹੱਦ ਤੱਕ ਸੱਚ ਵੀ ਜਾਪਦਾ ਹੈ ਕਿਉਂਕਿ ਭਾਜਪਾ ਹਰ ਹੀਲੇ ਕਾਂਗਰਸ ਦਾ ਬਦਲ ਬਣਨਾ ਚਾਹੁੰਦੀ ਹੈ।
ਸੂਤਰ ਦੱਸਦੇ ਹਨ ਕਿ ਕੇਂਦਰੀ ਲੀਡਰਸ਼ਿਪ ਕੋਲ ਇਹ ਜ਼ਮੀਨੀ ਰਿਪੋਰਟ ਪੁੱਜੀ ਹੈ ਕਿ ਬੇਸ਼ੱਕ ਪੰਜਾਬ ਵਿੱਚ ਭਾਜਪਾ ਦੀ ਮੈਂਬਰਸ਼ਿਪ ਅਤੇ ਯੂਨਿਟ ਤਾਂ ਵਧੇ ਹਨ ਪਰ ਲੋਕ ਮਨਾਂ ਵਿੱਚ ਤਬਦੀਲੀ ਨਹੀਂ ਆਈ ਹੈ । ਸੂਤਰਾਂ ਮੁਤਾਬਕ ਰਿਪੋਰਟ ’ਚ ਸਪਸ਼ਟ ਕੀਤਾ ਗਿਆ ਹੈ ਕਿ ਪੇਂਡੂ ਪੰਜਾਬ ਦੇ ਮਨਾਂ ਵਿੱਚ ਪਈ ਦਰਾਰ ਭਰਨੀ ਸੌਖੀ ਨਹੀਂ ਹੈ। ਰਿਪੋਰਟ ਮੁਤਾਬਕ ‘ ਮਿਸ਼ਨ ਪੰਜਾਬ’ ਤਹਿਤ ਭਾਜਪਾ ਦਾ ਕਿਸਾਨੀ ਨਾਲ ਨੇੜਤਾ ਬਣਾਉਣ ਦਾ ਏਜੰਡਾ ਹੈ । ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲੇ ਸੰਘਰਸ਼ ਵਿੱਚ ਵੱਧ ਸ਼ਹਾਦਤਾਂ ਪੰਜਾਬ ਦੇ ਕਿਸਾਨਾਂ ਤੇ ਮਜ਼ਦੂਰਾਂ ਨੇ ਦਿੱਤੀਆਂ ਹਨ। ਖਾਸ ਤੌਰ ’ਤੇ ਨਸ਼ਾ ਮੁਕਤ ਪੰਜਾਬ ਨੂੰ ਉਹ ਹੁੰਗਾਰਾ ਨਹੀਂ ਮਿਲਿਆ ਹੈ ਜਿਸ ਦੀ ਪਾਰਟੀ ਤਵੱਕੋ ਕਰਦੀ ਸੀ। ਮਿਸ਼ਨ 2027 ’ ਨੂੰ ਲੈਕੇ ਵਿਉਂਤਾਂ ਬਣਾ ਰਹੀ ਭਾਜਪਾ ਨੂੰ ਇਸ ਹਲਕੇ ਰੁਝਾਨ ਨੇ ਵੀ ਦੱਸ ਦਿੱਤਾ ਕਿ ਪੰਜਾਬ ਦੇ ਰਾਹ ਏਨੇ ਸੁਖਾਲੇ ਨਹੀਂ ਹਨ।
ਮੈਨੂੰ ਜਾਣਕਾਰੀ ਨਹੀਂ : ਸਰੀਨ
ਭਾਜਪਾ ਪੰਜਾਬ ਦੇ ਜਰਨਲ ਸਕੱਤਰ ਅਨਿਲ ਸਰੀਨ ਦਾ ਕਹਿਣਾ ਸੀ ਕਿ ਅਮਿਤ ਸ਼ਾਹ ਦੀ ਰੈਲੀ ਮੌਕੇ ਭਾਜਪਾ ’ਚ ਸ਼ਾਮਲ ਹੋਣ ਵਾਲੇ ਨੇਤਾਵਾਂ ਸਬੰਧੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ। ਉਨ੍ਹਾਂ ਕਿਹਾ ਕਿ ਉਂਜ ਵੀ ਇਹ ਗੱਲਾਂ ਗੁਪਤ ਹੁੰਦੀਆਂ ਹਨ ਅਤੇ ਮੌਕੇ ’ਤੇ ਹੀ ਪਤਾ ਲੱਗਦਾ ਹੈ ਕਿ ਕੌਣ ਸ਼ਾਮਲ ਹੋ ਰਿਹਾ। ਉਨ੍ਹਾਂ ਦਾਵਾ ਕੀਤਾ ਕਿ ਨਸ਼ਾ ਮੁਕਤ ਪੰਜਾਬ ਯਾਤਰਾ ਨੂੰ ਪਿੰਡਾਂ ’ਚ ਲਾ ਮਿਸਾਲ ਹੁੰਗਾਰਾ ਮਿਲਿਆ ਹੈ ਅਤੇ ਮੱਠੇ ਹੁੰਗਾਰੇ ਵਾਲੇ ਤੱਥ ਬੇਬੁਨਿਆਦ ਹਨ।
- Download Babushahi App
-
-