Political Special ਨਿਗਮ ਚੋਣਾਂ : ਖੂਨਦਾਨੀ ‘ਬੀਰੂ ਬਾਂਸਲ ਨੂੰ ਸਿਆਸੀ ਤੱਕੜੀ’ ਵਿੱਚ ਤੋਲਣ ’ਚ ਸਫਲ ਰਿਹਾ ਅਕਾਲੀ ਦਲ
ਅਸ਼ੋਕ ਵਰਮਾ
ਬਠਿੰਡਾ, 12 ਮਈ 2026: ਸਾਲ 2021 ਦੀਆਂ ਨਗਰ ਨਿਗਮ ਚੋਣਾਂ ਤੋਂ ਬਾਅਦ ਬਠਿੰਡਾ ਸ਼ਹਿਰੀ ਹਲਕੇ ’ਚ ਸਿਆਸੀ ਤੌਰ ’ਤੇ ਡਿੱਕਡੋਲੇ ਖਾ ਰਿਹਾ ਸ਼੍ਰੋਮਣੀ ਅਕਾਲੀ ਦਲ ਵਾਰਡ ਨੰਬਰ 37 ਤੋਂ ਚੋਣ ਲੜਨ ਲਈ ਸ਼ਹਿਰ ਦੇ ਨਾਮਵਰ ਖੂਨਦਾਨੀ ਬੀਰਬਲ ਬਾਂਸਲ ਉਰਫ ਬੀਰੂ ਬਾਂਸਲ ਨੂੰ ਸ਼ੀਸ਼ੇ ’ਚ ਉਤਾਰਨ ਵਿੱਚ ਸਫਲ ਹੋ ਗਿਆ ਹੈ। ਮੌਜੂਦਾ ਨਗਰ ਨਿਗਮ ਚੋਣਾਂ ਦੌਰਾਨ ਔਰਤਾਂ ਲਈ ਰਾਖਵਾਂ ਹੋਣ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਬੀਰੂ ਬਾਂਸਲ ਦੀ ਧਰਮਪਤਨੀ ਸਵਿਤਾ ਬਾਂਸਲ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਸਵਿਤਾ ਬਾਂਸਲ ਨੇ 12ਵੀਂ ਕਲਾਸ ਤੱਕ ਪੜ੍ਹਾਈ ਹਾਸਲ ਕੀਤੀ ਹੋਈ ਹੈ ਅਤੇ ਇਲਾਕੇ ਦੀਆਂ ਔਰਤਾਂ ’ਚ ਚੰਗਾ ਅਸਰ ਰਸੂਖ ਵੀ ਰੱਖਦੀ ਹੈ । ਖੂਨਦਾਨ ਦੇ ਖੇਤਰ ’ਚ ਅਹਿਮ ਯੋਗਦਾਨ ਪਾਉਣ ਕਾਰਨ ਸਿਆਸੀ ਵਖਰੇਵਿਆਂ ਤੋਂ ਉੱਪਰ ਉੱਠਕੇ ਬੀਰੂ ਬਾਂਸਲ ਨੂੰ ਹਰੇਕ ਪਾਰਟੀ ਨਾਲ ਜੁੜੇ ਲੋਕ ਮਾਣ ਸਤਿਕਾਰ ਦਿੰਦੇ ਹਨ ਅਤੇ ਪ੍ਰਸ਼ਾਸ਼ਨਿਕ ਹਲਕਿਆਂ ’ਚ ਵੀ ਬਾਂਸਲ ਪ੍ਰੀਵਾਰ ਦਾ ਆਪਣਾ ਵੱਖਰਾ ਮੁਕਾਮ ਹੈ।
ਇਹੋ ਕਾਰਨ ਹੈ ਕਿ ਨਗਰ ਨਿਗਮ ਬਠਿੰਡਾ ਦੀ ਲਗਾਤਾਰ ਦੋ ਵਾਰ ਦੀ ਸੱਤਾ ਹੰਢਾਉਣ ਦੇ ਬਾਵਜੂਦ ਸਾਲ 2021 ਦੀਆਂ ਚੋਣਾਂ ਦੌਰਾਨ ਸਿਰਫ 7 ਵਾਰਡਾਂ ਤੱਕ ਮਹਿਦੂਦ ਰਹਿਣ ਵਾਲਾ ਸ਼੍ਰੋਮਣੀ ਅਕਾਲੀ ਦਲ ਬੀਰੂ ਬਾਂਸਲ ਅਤੇ ਉਨ੍ਹਾਂ ਦੇ ਪ੍ਰੀਵਾਰ ਦੀ ਲੋਕਪ੍ਰਿਅਤਾ ਦਾ ਲਾਹਾ ਖੱਟਣ ਦੇ ਰੌਂਅ ’ਚ ਹੈ। ਹਾਲਾਂਕਿ ਇਹ ਨਹੀਂ ਕਿ ਬੀਰੂ ਬਾਂਸਲ ਨੇ ਚੋਣ ਲੜਨ ਦਾ ਇੱਕਦਮ ਫੈਸਲਾ ਕਰ ਲਿਆ ਬਲਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੌਂਸਲਰ ਅਤੇ ਅਹੁਦੇਦਾਰ ਪਿਛਲੇ ਕਈ ਮਹੀਨਿਆਂ ਤੋਂ ਬੀਰੂ ਬਾਂਸਲ ਨੂੰ ਸਿਆਸੀ ਘੋੜੀ ’ਤੇ ਚੜ੍ਹਾਉਣ ਲਈ ਰਾਜੀ ਕਰਨ ’ਚ ਜੁਟੇ ਹੋਏ ਹਨ। ਆਖਿਰ ਅਕਾਲੀ ਆਗੂਆਂ ਦੀ ਮਿਹਨਤ ਰੰਗ ਲਿਆਈ ਅਤੇ ਚੋਣਾਂ ਦਾ ਬਿਗਲ ਵੱਜਣ ਤੋਂ ਤੁਰੰਤ ਬਾਅਦ ਬੀਰੂ ਬਾਂਸਲ ਨੇ ਸੋਸ਼ਲ ਮੀਡੀਆ ’ਤੇ ਪੋਸਟਰ ਪਾਉਣ ਰਾਹੀਂ ਆਪਣੀ ਪਤਨੀ ਸਵਿਤਾ ਬਾਂਸਲ ਦੀ ਉਮੀਦਵਾਰੀ ਐਲਾਨ ਦਿੱਤੀ। ਬੀਰੂ ਬਾਂਸਲ ਇਸ ਪੱਤਰਕਾਰ ਨੂੰ ਦੱਸਿਆ ਕਿ ਉਨ੍ਹਾਂ ਨੇ ਵਾਰਡ ਵਿੱਚ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ।
ਹੁਣ ਆਪਣੀ ਨਵੀਂ ਪਾਰੀ ਦੌਰਾਨ ਬਾਂਸਲ ਪ੍ਰੀਵਾਰ ਕਿਸ ਸਿਆਸੀ ਰੰਗ ’ਚ ਨਜ਼ਰ ਆਉਂਦਾ ਹੈ ਇਹ ਤਾਂ ਵਕਤ ਹੀ ਦੱਸੇਗਾ ਪਰ ਸਵਿਤਾ ਬਾਂਸਲ ਦੇ ਚੋਣ ਮੈਦਾਨ ’ਚ ਨਿੱਤਰਨ ਕਾਰਨ ਵਾਰਡ ਨੰਬਰ 37 ’ਚ ਸਖਤ ਮੁਕਾਬਲਾ ਹੋਣ ਦੀ ਆਸ ਜਤਾਈ ਜਾ ਰਹੀ ਹੈ। ਬੀਰੂ ਬਾਂਸਲ ਨੇ ਆਪਣੇ ਪੋਸਟਰ ਰਾਹੀਂ ਵਾਰਡ ਨੰਬਰ 37 ਦੀ ਚੋਣ ਜਿੱਤਣ ਤੋਂ ਬਾਅਦ ਵਾਰਡ ਵਾਸੀਆਂ ਨਾਲ ਚੌੜੀਆਂ ਅਤੇ ਪੱਕੀਆਂ ਸੜਕਾਂ ਬਨਾਉਣ ਦਾ ਵਾਅਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਹਰ ਗਲੀ ਵਿੱਚ ਸਟਰੀਟ ਲਾਈਟਾਂ , ਸਾਫ ਤੇ ਸੁੰਦਰ ਪਾਰਕ ,ਪੀਣ ਵਾਲਾ ਸਾਫ ਸੁਥਰਾ ਪਾਣੀ , ਸੀਵਰੇਜ਼ ਤੇ ਨਾਲੀਆਂ ’ਚ ਸੁਧਾਰ ਅਤੇ ਮਹਿਲਾਵਾਂ ਦਾ ਸਨਮਾਨ ਅਤੇ ਸੁਰੱਖਿਆ ਯਕੀਨੀ ਬਣਾਈ ਜਾਏਗੀ। ਬੀਰੂ ਬਾਂਸਲ ਦੀ ਧਰਮਪਤਨੀ ਨੇ ਇਸ ਮਿੰਨੀ ਚੋਣ ਮਨੋਰਥ ਪੱਤਰ ਰਾਹੀਂ ਵਾਰਡ ਨੰਬਰ 37 ਨੂੰ ਆਦਰਸ਼ ਬਨਾਉਣ ਤੋਂ ਇਲਾਵਾ ਇਮਾਨਦਾਰ ਲੀਡਰਸ਼ਿਪ, ਪਾਰਦਰਸ਼ੀ ਰਾਜ ਪ੍ਰਬੰਧ ਅਤੇ ਲੋਕ ਸੇਵਾ ਨੂੰ ਹਮੇਸ਼ਾ ਟੀਚਾ ਬਨਾਉਣ ਦਾ ਸੰਕਲਪ ਲਿਆ ਹੈ।
ਇੱਥੇ ਇਹ ਜਿਕਰ ਕਰਨਾ ਕੁਥਾਂ ਨਹੀਂ ਹੋਵੇਗਾ ਕਿ ਬੀਰਬਲ ਬਾਂਸਲ ਨਾਮੀ ਇਸ ਨੌਜਵਾਨ ਨੂੰ ਸਮਾਜ ਸੇਵਾ ਦੀ ਸ਼ੁਰੂ ਤੋਂ ਹੀ ਚੇਟਕ ਲੱਗੀ ਹੋਈ ਸੀ। ਇਹ ਪਤਲਾ ਜਿਹਾ ਮੁੰਡਾ ਬੀਰੂ ਬਾਂਸਲ ਸਾਲ 2000 ’ਚ ਪਹਿਲੀ ਵਾਰ ਉਦੋਂ ਵੱਡੀ ਪੱਧਰ ’ਤੇ ਚਰਚਾ ਦਾ ਵਿਸ਼ਾ ਬਣਿਆ ਜਦੋਂ ਇੱਕ ਕਬਾੜੀਏ ਦੀ ਦੁਕਾਨ ’ਤੇ ਬੰਬ ਧਮਾਕਾ ਹੋਣ ਤੋਂ ਬਾਅਦ ਜਖਮੀਆਂ ਲਈ ਖੂਨ ਦੀ ਜਰੂਰਤ ਪਈ ਸੀ। ਉਸ ਵਕਤ ਬੀਰੂ ਬਾਂਸਲ ਦੇ ਵਿਆਹ ਦੀਆਂ ਅਜੇ ਰਸਮਾਂ ਹੀ ਚੱਲ ਰਹੀਆਂ ਸਨ ਤਾਂ ਆਪਣੀ ਨਵੀਂ ਵਿਆਹੀ ਵਹੁਟੀ ਨੂੰ ਪੀੜਤਾਂ ਦਾ ਦਰਦ ਬਿਆਨ ਕਰਦਿਆਂ ਉਸ ਨੇ ਪਹਿਲੀ ਵਾਰ ਖੂਨਦਾਨ ਕੀਤਾ ਸੀ । ਬੀਰੂ ਬਾਂਸਲ ਹੁਣ ਤੱਕ ਕਿੰਨੀ ਵਾਰ ਖੂਨਦਾਨ ਕਰ ਚੁੱਕਿਆ ਹੈ ਇਹ ਉਸ ਨੂੰ ਵੀ ਯਾਦ ਨਹੀਂ ਕਿਉਂਕਿ ਖੂਨਦਾਨ ਕਰਨਾ ਅਤੇ ਕਰਵਾਉਣਾ ਉਸ ਦਾ ਮਿਸ਼ਨ ਹੈ। ਬੀਰੂ ਬਾਂਸਲ ਦਾ ਬਲੱਡ ਗਰੁੱਪ ਬੀ ਨੈਗੇਟਿਵ ਹੈ ਜਿਸ ਨੂੰ ਡਾਕਟਰੀ ਭਾਸ਼ਾ ’ਚ ਦੁਰਲੱਭ ਮੰਨਿਆ ਜਾਂਦਾ ਹੈ।
ਸਿਹਤ ਵਿਭਾਗ ਪੰਜਾਬ ਵੱਲੋਂ ਕਰੋਨਾ ਵਰਗੇ ਗੰਭੀਰ ਸੰਕਟ ਦੌਰਾਨ 150 ਯੂਨਿਟ ਖੁਨਦਾਨ ਕਰਵਾਉਣ ਰਾਹੀਂ ਸਮਾਜ ਸੇਵਾ ਦੀ ਮਿਸਾਲ ਕਾਇਮ ਕਰਨ ਵਾਲੇ ਬੀਰੂ ਬਾਂਸਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਸੀ। ਲਾਈਨੋਪਾਰ ਦੇ ਨੌਜਵਾਨ ਬੀਰਬਲ ਬਾਂਸਲ ਨੂੰ ਉਸ ਦੇ ਸਮਾਜਿਕ ਕਾਰਜਾਂ ਕਾਰਨ ਵੱਖ ਵੱਖ ਸੰਸਥਾਵਾਂ ਦਰਜਨਾਂ ਵਾਰ ਸਨਮਾਨਿਤ ਕਰ ਚੁੱਕੀਆਂ ਹਨ। ਬੀਰੂ ਬਾਂਸਲ ਦਾ ਪ੍ਰਤੀਕਰਮ ਸੀ ਕਿ ਜਦੋਂ ਇਸ ਦੁਨੀਆਂ ਤੋਂ ਜਾਣ ਤੋਂ ਬਾਅਦ ਮਨੁੱਖੀ ਸ਼ਰੀਰ ਨੇ ਖਾਕ ਹੋ ਜਾਣਾ ਹੈ ਤਾਂ ਖੂਨ ਕਿਸੇ ਲੋੜਵੰਦ ਦੇ ਕੰਮ ਆ ਜਾਏ ਤਾਂ ਇਸ ਤੋਂ ਵੱਡੀ ਖੁਸ਼ੀ ਹੋਰ ਕੀ ਹੋ ਸਕਦੀ ਹੈ। ਗਮੀ ਖੁਸ਼ੀ ਦੇ ਸਮਾਗਮਾਂ ਦੌਰਾਨ ਵੀ ਖੂਨਦਾਨ ਲਈ ਪ੍ਰੇਰਿਤ ਕਰਨ ਤੋਂ ਨਾਂ ਖੁੰਝਣ ਵਾਲਾ ਬੀਰੂ ਬਾਂਸਲ ਆਖਦਾ ਹੈ ਕਿ ਜਿੰਨੀਂ ਦੇਰ ਸਾਹ ਵਗਦੇ ਹਨ ਉਨ੍ਹਾਂ ਨੇ ਉਨਾਂ ਸਮਾਂ ਮਾਨਵਤਾ ਦੇ ਲੇਖੇ ਲਾਉਣ ਦਾ ਫੈਸਲਾ ਕੀਤਾ ਹੋਇਆ ਹੈ ਅਤੇ ਨਵੇਂ ਸਿਆਸੀ ਰਾਹ ਵੀ ਇਸ ਦਿਸ਼ਾ ’ਚ ਹੀ ਕਦਮ ਹਨ।
ਜਿੱਤ ਯਕੀਨੀ : ਹਰਵਿੰਦਰ ਸ਼ਰਮਾ
ਬੀਰੂ ਬਾਂਸਲ ਨੂੰ ਸਿਆਸੀ ਪੌੜੀਆਂ ਚੜ੍ਹਾਉਣ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਸਾਬਕਾ ਅਕਾਲੀ ਕੌਂਸਲਰ ਹਰਵਿੰਦਰ ਸ਼ਰਮਾ ਦਾ ਦਾਅਵਾ ਹੈ ਕਿ ਸਵਿਤਾ ਬਾਂਸਲ ਦੀ ਜਿੱਤ ਯਕੀਨੀ ਹੈ। ਉਨ੍ਹਾਂ ਕਿਹਾ ਕਿ ਸਮਾਜਸੇਵਾ ਅਤੇ ਹਰ ਕਿਸੇ ਦਾ ਦੁੱਖ ਸੁੱਖ ਵੰਡਾਉਣ ਕਾਰਨ ਬੀਰੂ ਬਾਂਸਲ ਦਾ ਸਮਾਜਿਕ ਹਲਕਿਆਂ ’ਚ ਵੱਡਾ ਸਤਿਕਾਰ ਹੈ ਜੋ ਜਿੱਤ ਦਾ ਰਾਹ ਖੋਹਲੇਗਾ।
- Download Babushahi App
-
-