Photo Credit- News18
ਪੰਜੋਖਰਾ ਸਾਹਿਬ ਮਾਮਲਾ: ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਨੈਸ਼ਨਲ ਹਾਈਵੇ ਤੋਂ ਹਟਾਇਆ, ਜਾਮ ਖੁੱਲ੍ਹਿਆ, ਪਰ...
Babushahi Network
ਅੰਬਾਲਾ, 13 ਅਗਸਤ 2026- ਪੰਜੋਖਰਾ ਸਾਹਿਬ ਮਾਰਕੁੱਟ ਮਾਮਲੇ ਵਿੱਚ ਗ੍ਰਿਫ਼ਤਾਰ ਦੋ ਵਿਅਕਤੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਵੀਰਵਾਰ ਨੂੰ ਕਰੀਬ 500 ਲੋਕਾਂ ਨੇ ਜੀਟੀ ਰੋਡ ’ਤੇ ਧਰਨਾ ਲਾ ਦਿੱਤਾ। ਇਸ ਕਾਰਨ ਦਿੱਲੀ-ਅੰਮ੍ਰਿਤਸਰ, ਦਿੱਲੀ-ਚੰਡੀਗੜ੍ਹ ਅਤੇ ਨਾਰਾਇਣਗੜ੍ਹ-ਦਿੱਲੀ ਹਾਈਵੇ ’ਤੇ ਕਰੀਬ 20 ਕਿਲੋਮੀਟਰ ਲੰਬਾ ਜਾਮ ਲੱਗ ਗਿਆ। ਹਾਈਵੇ ’ਤੇ ਆਵਾਜਾਈ ਲਗਭਗ ਸੱਤ ਘੰਟਿਆਂ ਤੱਕ ਪ੍ਰਭਾਵਿਤ ਰਹੀ ਅਤੇ ਹਜ਼ਾਰਾਂ ਵਾਹਨ ਫਸੇ ਰਹੇ।
ਜਾਮ ਖੁੱਲ੍ਹਵਾਉਣ ਪਹੁੰਚੀ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਕਈ ਵਾਰ ਤਣਾਅਪੂਰਨ ਸਥਿਤੀ ਬਣੀ। ਸੰਗਤ ਜਦੋਂ ਜੱਗੀ ਸਿਟੀ ਵੱਲ ਵਧੀ ਤਾਂ ਨਾਰਾਇਣਗੜ੍ਹ ਰੋਡ ’ਤੇ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ। ਇਸ ਦੌਰਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਗਦੀਸ਼ ਸਿੰਘ ਝੀਂਡਾ ਦੇ ਜ਼ਖ਼ਮੀ ਹੋਣ ਦੀ ਵੀ ਜਾਣਕਾਰੀ ਹੈ। ਬਾਅਦ ਵਿੱਚ ਸੰਗਤ ਨੇ ਜੱਗੀ ਸਿਟੀ ਸੈਂਟਰ ਨੇੜੇ ਹਾਈਵੇ ’ਤੇ ਹੀ ਡੇਰਾ ਲਾ ਲਿਆ।
ਪੁਲਿਸ ਨੇ ਆਵਾਜਾਈ ਬਹਾਲ ਕਰਨ ਲਈ ਰੂਟ ਡਾਇਵਰਟ ਕੀਤੇ, ਪਰ ਬਦਲਵੇਂ ਰਸਤਿਆਂ ’ਤੇ ਵੀ ਜਾਮ ਲੱਗ ਗਿਆ। ਸ਼ਾਮ ਕਰੀਬ ਸਾਢੇ ਅੱਠ ਵਜੇ ਪੁਲਿਸ ਨੇ ਮੁੜ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਹਲਕਾ ਲਾਠੀਚਾਰਜ ਕਰਕੇ ਪ੍ਰਦਰਸ਼ਨਕਾਰੀਆਂ ਨੂੰ ਸੜਕ ਤੋਂ ਹਟਾਇਆ, ਜਿਸ ਤੋਂ ਬਾਅਦ ਆਵਾਜਾਈ ਬਹਾਲ ਹੋ ਸਕੀ।
ਮਾਮਲਾ 7 ਅਗਸਤ ਦਾ ਹੈ, ਜਦੋਂ ਗੁਰਸਿਮਰਨ ਸਿੰਘ ਮੰਡ ਆਪਣੇ ਪੁੱਤਰ ਅਤੇ ਸੁਰੱਖਿਆ ਮੁਲਾਜ਼ਮਾਂ ਨਾਲ ਪੰਜੋਖਰਾ ਸਾਹਿਬ ਗੁਰਦੁਆਰੇ ਪਹੁੰਚੇ ਸਨ। ਵਾਹਨ ਦੇ ਗੁਰਦੁਆਰਾ ਕੰਪਲੈਕਸ ਵਿੱਚ ਦਾਖ਼ਲੇ ਨੂੰ ਲੈ ਕੇ ਵਿਵਾਦ ਹੋਇਆ, ਜਿਸ ਤੋਂ ਬਾਅਦ ਮਾਰਕੁੱਟ ਅਤੇ ਗੱਡੀ ਦੀ ਭੰਨਤੋੜ ਹੋਈ। ਪੁਲਿਸ ਨੇ ਕੇਸ ਦਰਜ ਕਰਕੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਹੁਣ ਉਨ੍ਹਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਸੰਗਤ ਵੱਲੋਂ ਪ੍ਰਦਰਸ਼ਨ ਕੀਤਾ ਗਿਆ।
- Download Babushahi App
-
-