Exclusive: ਰਾਣਾ ਕੇ.ਪੀ. ਦੀ ਕੋਠੀ ਪੁੱਜਾ ਕਾਂਗਰਸ ਦੀ ਅੰਦਰੂਨੀ ਖਿੱਚੋਤਾਣ ਤੇ ਸ਼ਕਤੀ ਪ੍ਰਦਰਸ਼ਨ ਦਾ ਨਵਾਂ ਸੀਨ; ਭੁਪੇਸ਼ ਬਘੇਲ, ਰਾਜਾ ਵੜਿੰਗ ਅਤੇ ਹੋਰ ਵੱਡੇ ਨੇਤਾ ਡਿਨਰ 'ਤੇ ਹੋਏ ਇਕੱਠੇ
Ravi Jakhu / ਬਾਬੂਸ਼ਾਹੀ ਨੈਟਵਰਕ ਬਿਊਰੋ
ਰੋਪੜ, 7 ਜੁਲਾਈ (ਬਾਬੂਸ਼ਾਹੀ ਬਿਊਰੋ): ਪੰਜਾਬ ਕਾਂਗਰਸ ਅੰਦਰ ਚੱਲ ਰਹੀ ਜ਼ਬਰਦਸਤ ਸਿਆਸੀ ਖਿੱਚੋਤਾਣ ਅਤੇ ਅੰਦਰੂਨੀ ਕਲੇਸ਼ ਦੇ ਦਰਮਿਆਨ ਅੱਜ ਰੂਪਨਗਰ (ਰੋਪੜ) ਵਿੱਚ ਪਾਰਟੀ ਦਾ ਇੱਕ ਵੱਡਾ ਸ਼ਕਤੀ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ (Bhupesh Baghel) ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Raja Warring) ਨੇ ਅੱਜ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਅਤੇ ਸੀਨੀਅਰ ਕਾਂਗਰਸੀ ਆਗੂ ਰਾਣਾ ਕੇ.ਪੀ. ਸਿੰਘ ਦੇ ਗ੍ਰਹਿ ਵਿਖੇ ਪਹੁੰਚ ਕੇ ਰਾਤ ਦਾ ਡਿਨਰ ਕੀਤਾ। ਇਸ ਖ਼ਾਸ ਮੌਕੇ 'ਤੇ ਪੰਜਾਬ ਕਾਂਗਰਸ ਦੇ ਕਈ ਹੋਰ ਪ੍ਰਮੁੱਖ ਕਾਂਗਰਸੀ ਲੀਡਰਾਂ ਨੇ ਵੀ ਉਚੇਚੇ ਤੌਰ 'ਤੇ ਹਾਜ਼ਰੀ ਭਰੀ। ਪਰ ਚੰਨੀ ਅਤੇ ਉਨ੍ਹਾਂ ਦਾ ਸਾਥ ਦੇ ਰਹੇ ਵੱਡੇ ਨੇਤਾ ਇਸ ਡਿਨਰ ਵਿੱਚ ਨਹੀਂ ਦਿਸੈ. ਬਾਬੂਸ਼ਾਹੀ ਦੀ ਜਾਣਕਾਰੀ ਮੁਤਾਬਕ, ਪਿਛਲੇ ਕੁਝ ਦਿਨਾਂ ਤੋਂ ਪੰਜਾਬ ਕਾਂਗਰਸ ਦੇ ਕਈ ਸੀਨੀਅਰ ਨੇਤਾਵਾਂ ਵੱਲੋਂ ਮੌਜੂਦਾ ਸੂਬਾ ਪ੍ਰਧਾਨ ਰਾਜਾ ਵੜਿੰਗ ਦੇ ਖ਼ਿਲਾਫ਼ ਖੋਲ੍ਹੇ ਗਏ ਮੋਰਚੇ ਅਤੇ ਦਿੱਲੀ ਹਾਈਕਮਾਂਡ ਤੱਕ ਪਹੁੰਚਾਏ ਗਏ ਵਿਰੋਧ ਦੇ ਬਿਆਨਾਂ ਤੋਂ ਬਾਅਦ, ਰਾਣਾ ਕੇ.ਪੀ. ਸਿੰਘ ਦੇ ਗ੍ਰਹਿ ਵਿਖੇ ਹੋਇਆ ਇਹ ਇਕੱਠ ਸਿਆਸੀ ਹਲਕਿਆਂ ਵਿੱਚ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ।
ਇੱਕ ਪਾਸੇ ਜਿੱਥੇ ਵਿਰੋਧੀ ਧੜਾ ਰਾਜਾ ਵੜਿੰਗ ਨੂੰ ਬਦਲਣ ਦੀ ਮੰਗ ਕਰ ਰਿਹਾ ਹੈ, ਉੱਥੇ ਹੀ ਪੰਜਾਬ ਇੰਚਾਰਜ ਭੁਪੇਸ਼ ਬਘੇਲ ਦੀ ਮੌਜੂਦਗੀ ਵਿੱਚ ਰਾਜਾ ਵੜਿੰਗ ਅਤੇ ਉਨ੍ਹਾਂ ਦੇ ਸਮਰਥਕ ਨੇਤਾਵਾਂ ਦਾ ਰਾਣਾ ਕੇ.ਪੀ. ਦੀ ਕੋਠੀ ਪੁੱਜਣਾ ਵਿਰੋਧੀ ਖੇਮੇ ਨੂੰ ਇੱਕ ਸਿੱਧਾ ਅਤੇ ਕਰਾਰਾ ਜਵਾਬ ਮੰਨਿਆ ਜਾ ਰਿਹਾ ਹੈ। ਡਿਨਰ ਟੇਬਲ 'ਤੇ ਹੋਈ ਸਿਆਸੀ ਚਰਚਾ ਇਸ ਮੌਕੇ ਰਾਣਾ ਕੇ.ਪੀ. ਸਿੰਘ ਵੱਲੋਂ ਪੰਜਾਬ ਇੰਚਾਰਜ ਭੁਪੇਸ਼ ਬਘੇਲ, ਪ੍ਰਧਾਨ ਰਾਜਾ ਵੜਿੰਗ ਅਤੇ ਆਏ ਹੋਰਨਾਂ ਲੀਡਰਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੀਟਿੰਗ ਅਤੇ ਡਿਨਰ ਦੌਰਾਨ ਪੰਜਾਬ ਦੀ ਮੌਜੂਦਾ ਸਿਆਸੀ ਸਥਿਤੀ, ਆਉਣ ਵਾਲੀਆਂ ਚੋਣਾਂ ਦੀ ਰਣਨੀਤੀ ਅਤੇ ਪਾਰਟੀ ਅੰਦਰ ਚੱਲ ਰਹੀ ਅਨੁਸ਼ਾਸਨਹੀਣਤਾ ਬਾਰੇ ਗੰਭੀਰ ਚਰਚਾ ਹੋਈ। ਭੁਪੇਸ਼ ਬਘੇਲ ਨੇ ਨੇਤਾਵਾਂ ਨੂੰ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਹਾਈਕਮਾਂਡ ਪਾਰਟੀ ਅੰਦਰ ਕਿਸੇ ਵੀ ਤਰ੍ਹਾਂ ਦੀ ਧੜੇਬੰਦੀ ਨੂੰ ਬਰਦਾਸ਼ਤ ਨਹੀਂ ਕਰੇਗੀ ਅਤੇ ਸਾਰਿਆਂ ਨੂੰ ਇਕਜੁੱਟ ਹੋ ਕੇ ਚੱਲਣਾ ਪਵੇਗਾ।
ਹਾਲਾਂਕਿ, ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਭਾਵੇਂ ਇਸ ਇਕੱਠ ਨੂੰ ਇੱਕ ਆਮ ਰਾਤ ਦੇ ਖਾਣੇ ਅਤੇ ਸੰਗਠਨਾਤਮਕ ਮੀਟਿੰਗ ਦਾ ਨਾਂ ਦਿੱਤਾ ਜਾ ਰਿਹਾ ਹੈ, ਪਰ ਪਰਦੇ ਦੇ ਪਿੱਛੇ ਇਹ ਪੂਰੀ ਤਰ੍ਹਾਂ ਕਾਂਗਰਸ ਦੀ ਅੰਦਰੂਨੀ ਜੰਗ ਦੌਰਾਨ ਇੱਕ ਵੱਡਾ 'ਸ਼ਕਤੀ ਵਿਖਾਵਾ' (Show of Strength) ਹੀ ਸੀ। ਹੇਠਾਂ ਦੇਖੋ ਇਸ ਖ਼ਾਸ ਸਿਆਸੀ ਡਿਨਰ ਦੀਆਂ ਤਸਵੀਰਾਂ, ਜੋ ਖ਼ੁਦ ਬਹੁਤ ਕੁਝ ਬਿਆਨ ਕਰ ਰਹੀਆਂ ਹਨ—ਦੇਖੋ ਤਸਵੀਰਾਂ ਦੀ ਜ਼ੁਬਾਨੀ:


- Download Babushahi App
-
-