Election Special-ਪੰਜਾਬ ਚੋਣਾਂ : ਸਿਆਸੀ ਲਾਹੇ ਖਾਤਰ ਡੇਰਿਆਂ ਦੇ ਦਰਾਂ ’ਤੇ ਮੱਥੇ ਰਗੜਨ ਲੱਗੇ ਨੇਤਾ
ਅਸ਼ੋਕ ਵਰਮਾ
ਬਠਿੰਡਾ , 19 ਨਵੰਬਰ 2026 : ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਚੋਣ ਲਾਹੇ ਅਤੇ ਆਪਣੀ ਸਿਆਸੀ ਜਮੀਨ ਮਜਬੂਤ ਕਰਨ ਲਈ ਲੀਡਰਾਂ ਨੇ ਵਹੀਰਾਂ ਘੱਤਕੇ ਡੇਰਿਆਂ ਨਾਲ ਪ੍ਰੇਮ ਪੀਂਘਾਂ ਝੂਟਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ’ਚ ਕਿਸੇ ਇੱਕ ਧਿਰ ਦਾ ਨਾਮ ਨਹੀਂ ਲਿਆ ਜਾ ਸਕਦਾ ਬਲਕਿ ਹਰ ਰੰਗ ਦੀ ਸਿਆਸੀ ਪਾਰਟੀ ਦੇ ਨੇਤਾ ਡੇਰਾ ਮੁਖੀਆਂ ਨਾਲ ਗੋਟੀਆਂ ਫਿੱਟ ਕਰਨ ਲੱਗੇ ਹਨ। ਬਹਾਨਾ ਭਾਵੇਂ ਪ੍ਰੋਗਰਾਮਾਂ ਦਾ ਹੋਵੇ ਸਿਆਸੀ ਧਿਰਾਂ ਵੱਲੋਂ ਡੇਰਿਆਂ ਰਾਹੀਂ ਆਪਣਾ ਚੋਣ ਲਾਹਾ ਤੱਕਿਆ ਜਾ ਰਿਹਾ ਹੈ। ਹਾਲਾਂਕਿ ਮੁਲਕ ਦੇ ਚੋਣ ਕਮਿਸ਼ਨ ਨੇ ਇਨ੍ਹਾਂ ਚੋਣਾਂ ਲਈ ਕੋਈ ਪ੍ਰੋਗਰਾਮ ਦਾ ਐਲਾਨ ਨਹੀਂ ਕੀਤਾ ਕੀਤਾ ਹੈ ਫਿਰ ਵੀ ਸਿਆਸੀ ਲੀਡਰ ਅਗੇਤੇ ਹੀ ਪੱਬਾਂ ਭਾਰ ਹੋ ਗਏ ਹਨ। ਤਾਜ਼ਾ ਸਿਆਸੀ ਹਾਲਾਤਾਂ ਦੇ ਸੰਦਰਭ ਵਿੱਚ ਇਹ ਚੋਣਾਂ ਹਰ ਸਿਆਸੀ ਧਿਰ ਲਈ ਮੁੱਛ ਦਾ ਸਵਾਲ ਬਣੀਆਂ ਹੋਈਆਂ ਹਨ ਜਿਸ ਦੇ ਨਤੀਜਿਆਂ ’ਤੇ ਪੰਜਾਬੀ ਦੀ ਨਜ਼ਰਾਂ ਟਿਕੀ ਹੋਈ ਹੈ।
ਰਾਜਨੀਤੀ ਦੇ ਜਾਣਕਾਰਾਂ ਦਾ ਵੀ ਮੰਨਣਾ ਹੈ ਕਿ ਪੰਜਾਬ ਦੀ ਰਾਜਨੀਤੀ ’ਚ ਇੰਨ੍ਹਾਂ ਡੇਰਿਆਂ ਦਾ ਜਬਰਦਸਤ ਪ੍ਰਭਾਵ ਹੈ। ਮੋਟੇ ਅਨੁਮਾਨਾਂ ਅਨੁਸਾਰ ਪੰਜਾਬ ’ਚ ਡੇਰਿਆਂ ਦੀ ਗਿਣਤੀ ਤਕਰੀਬਨ 3 ਹਜ਼ਾਰ ਹੈ ਜਿੰਨ੍ਹਾਂ ਚੋਂ 300 ਵੱਡੇ ਸੰਸਥਾਗਤ ਡੇਰੇ ਹਨ। ਇੰਨ੍ਹਾਂ ’ਚ ਕੁੱਝ ਅਜਿਹੇ ਡੇਰੇ ਹਨ ਜਿੰਨ੍ਹਾਂ ਦੇ ਸ਼ਰਧਾਲੂਆਂ ਦੀ ਗਿਣਤੀ ਕਾਫੀ ਵੱਡੀ ਹੈ। ਇੰਨ੍ਹਾਂ ’ਚ ਡੇਰਾ ਸੱਚ ਖੰਡ ਬੱਲਾਂ , ਡੇਰਾ ਰਾਧਾ ਸੁਆਮੀ , ਡੇਰਾ ਸੱਚਾ ਸੌਦਾ , ਨਿਰੰਕਾਰੀ ਮਿਸ਼ਨ , ਡੇਰਾ ਨੂਰ ਮਹਿਲ , ਨਾਮਧਾਰੀ ਸੰਪਰਦਾਏ, ਡੇਰਾ ਰੁੰਮੀ ਵਾਲਾ ਅਤੇ ਡੇਰਾ ਮੁਰਾਦ ਸ਼ਾਹ ਨਕੋਦਰ ਆਦਿ ਸ਼ਾਮਲ ਹਨ। ਹਾਲਾਂਕਿ ਡੇਰਾ ਸੱਚਾ ਸੌਦਾ ਦਾ ਹੈਡਕੁਆਟਰ ਸਿਰਸਾ ਵਿਖੇ ਹੈ ਪਰ ਇਸ ਦੇ ਪੰਜਾਬ ’ਚ ਸ਼ਰਧਾਲੂਆਂ ਦੀ ਗਿਣਤੀ ਵੀ ਕਾਫੀ ਵੱਡੀ ਹੈ। ਖੁਫੀਆ ਵਿਭਾਗ ਦੇ ਇੱਕ ਸਾਬਕਾ ਅਧਿਕਾਰੀ ਅਨੁਸਾਰ ਪੰਜਾਬ ਦੇ 13 ਹਜ਼ਾਰ ਤੋਂ ਵੱਧ ਪਿੰਡਾਂ ਦੇ 25 ਫੀਸਦੀ ਤੋਂ ਵੱਧ ਵੋਟਰ ਕਿਸੇ ਨਾ ਕਿਸੇ ਡੇੇਰੇ ਨਾਲ ਜੁੜੇ ਹੋਏ ਹਨ।
ਦੁਆਬੇ ’ਚ ਡੇਰਾ ਸੱਚ ਖੰਡ ਬੱਲਾਂ ਅਤੇ ਮਾਝੇ ਤੇ ਦੁਆਬੇ ’ਚ ਡੇਰਾ ਬਿਆਸ ਦਾ ਪ੍ਰਭਾਵ ਜਿਆਦਾ ਹੈ ਜਦੋਂਕਿ ਮਾਲਵੇ ’ਚ ਡੇਰਾ ਸਿਰਸਾ ਦਾ ਅਧਾਰ ਵੱਡਾ ਹੈ। ਤਾਂਹੀ ਇੰਨ੍ਹਾਂ ਡੇਰਿਆਂ ਦੇ ਸ਼ਰਧਾਲੂਆਂ ਨੂੰ ਆਪਣੇ ਪੱਖ ’ਚ ਭੁਗਤਾਉਣ ਲਈ ਹਰ ਪਾਰਟੀ ਸਰਗਰਮ ਹੈ। ਪਹਿਲੀ ਨਵੰਬਰ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਗਟ ਸਿੰਘ ਰਾਧਾ ਸੁਆਮੀ ਸਤਿਸੰਗ ਦੇ ਪ੍ਰਮੁੱਖ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਮਿਲੇ ਸਨ। ਜਾਣਕਾਰੀ ਮੁਤਾਬਕ ਉਨ੍ਹਾਂ ਡੇਰਾ ਮੁਖੀ ਤੋਂ ਆਸ਼ੀਰਵਾਦ ਵੀ ਲਿਆ ਅਤੇ ਪੰਜਾਬ ’ਚ ਸ਼ਾਂਤੀ , ਭਾਈਚਾਰੇ , ਨਸ਼ੇ ਤੇ ਨੌਜਵਾਨਾਂ ਦੇ ਭਵਿੱਖ ਸਬੰਧੀ ਚਰਚਾ ਕੀਤੀ। ਇਸੇ ਤਰਾਂ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਢਿੱਲੋਂ ਨੇ ਡੇਰਾ ਬਿਆਸ ਪੁੱਜਕੇ ਡੇਰਾ ਮੁਖੀ ਨਾਲ ਪੰਜਾਬ ਦੇ ਮੁੱਦਿਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ। ਅਗਲੇ ਦਿਨ 16 ਨਵੰਬਰ ਨੂੰ ਬਾਬਾ ਗੁਰਿੰਦਰ ਸਿੰਘ ਢਿੱਲੋਂ ਚੰਡੀਗੜ੍ਹ ਪੁੱਜੇ ਜਿੱਥੇ ਉਨ੍ਹਾਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨਾਲ ਸਮਾਜਿਕ ਅਤੇ ਅਧਿਆਤਮਕ ਵਿਸ਼ਿਆਂ ’ਤੇ ਚਰਚਾ ਕੀਤੀ।
ਕੁੱਝ ਦਿਨ ਪਹਿਲਾਂ ਕੇਂਦਰੀ ਮੰਤਰੀ ਰਾਮ ਦਾਸ ਅਠਾਵਲੇ ਡੇਰਾ ਸੱਚ ਖੰਡ ਬੱਲਾਂ ਪੁੱਜੇ ਸਨ ਅਤੇ ਡੇਰਾ ਪ੍ਰਮੁੱਖ ਸੰਤ ਨਿਰੰਜਣ ਦਾਸ ਨਾਲ ਮੁਲਾਕਾਤ ਕੀਤੀ ਸੀ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 6 ਦਸੰਬਰ ਨੂੰ ਆਪਣੀ ਸਾਇਕਲ ਯਾਤਰਾ ਦੇ ਦੂਸਰੇ ਪੜਾਅ ਦੀ ਸਮਾਪਤੀ ਡੇਰਾ ਬੱਲਾਂ ’ਚ ਕਰਨ ਦਾ ਐਲਾਨ ਕੀਤਾ ਹੈ। ਇਸੇ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡੇਰਾ ਬੱਲਾਂ ਪੁੱਜੇ ਸਨ ਜਦੋਂਕਿ 18 ਨਵੰਬਰ ਨੂੰ ਭਾਜਪਾ ਦੇ ਕੌਮੀ ਪ੍ਰਧਾਨ ਨਿਤਨ ਨਾਬੀਨ ਨੇ ਮਨਪ੍ਰੀਤ ਸਿੰਘ ਬਾਦਲ ਅਤੇ ਕੇਵਲ ਸਿੱਘ ਢਿੱਲੋਂ ਦੀ ਹਾਜ਼ਰੀ ’ਚ ਡੇਰਾ ਬੱਲਾਂ ਤੋਂ ਸਮਰਸਤਾ ਯਾਤਰਾ ਸ਼ੁਰੂ ਕੀਤੀ ਸੀ। ਇਸੇ ਤਰਾਂ ਹੀ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ , ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਮੰਤਰੀ ਰਵਜੋਤ ਸਿੰਘ ,ਲਾਲ ਚੰਦ ਕਟਾਰੂਚੱਕ ਅਤੇ ਮੋਹਿੰਦਰ ਭਗਤ ਵੀ ਸਾਲ 2026 ਦੌਰਾਨ ਵੱਖ ਵੱਖ ਪ੍ਰੋਗਰਾਮਾਂ ਮੌਕੇ ਡੇਰਾ ਬੱਲਾਂ ਪੁੱਜੇ ਸਨ ਅਤੇ ਸੰਤ ਨਿਰੰਜਣ ਦਾਸ ਤੋਂ ਆਸ਼ੀਰਵਾਦ ਲਿਆ ਸੀ।
ਦਲਿਤ ਤੇ ਸਿੱਖ ਵੋਟਰਾਂ ’ਤੇ ਨਜ਼ਰ
ਪੰਜਾਬ ਦੇ ਇੰਨ੍ਹਾਂ ਡੇਰਿਆਂ ਨਾਲ ਹੋਰ ਵੀ ਕਈ ਬਰਾਦਰੀਆਂ ਜੁੜੀਆਂ ਹੋਈਆਂ ਹਨ ਪਰ ਦਲਿਤ, ਰਵਿਦਾਸੀਆ ਅਤੇ ਸਿੱਖ ਭਾਈਚਾਰੇ ਦੀ ਗਿਣਤੀ ਜਿਆਦਾ ਹੈ। ਡੇਰਿਆਂ ਦੇ ਵੋਟਰਾਂ ਨੂੰ ਆਪਣੇ ਨਾਲ ਜੋੜਨ ਲਈ ਇੰਨ੍ਹਾਂ ਪਾਰਟੀਆਂ ਦੇ ਸਿਆਸੀ ਆਗੂ ਵੱਖ ਵੱਖ ਪ੍ਰੋਗਰਾਮਾਂ ਦਾ ਸਹਾਰਾ ਲੈ ਰਹੇ ਹਨ। ਆਮ ਆਦਮੀ ਪਾਰਟੀ ਅਤੇ ਭਾਜਪਾ ਨੇ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਧੂਮਧਾਮ ਮਨਾਉਣ ਦਾ ਐਲਾਨ ਕੀਤਾ ਹੈ। ਪੰਜਾਬ ਦੀ ਤਾਜਾ ਸਿਆਸੀ ਸਥਿਤੀ ਨੂੰ ਦੇਖਦਿਆਂ ਚੋਣਾਂ ਦੌਰਾਨ ਡੇਰਿਆਂ ਦੀ ਭੂਮਿਕਾ ਅਹਿਮ ਰਹੇਗੀ। ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਾਬੀਨ ਵੱਲੋਂ ਸਮਰਸਤਾ ਯਾਤਰਾ ਡੇਰਾ ਬੱਲਾਂ ਤੋਂ ਸ਼ੁਰੂ ਕਰਨ ਅਤੇ ਪੰਜਾਬ ਸਰਕਾਰ ਵੱਲੋਂ ਪ੍ਰਕਾਸ਼ ਪੁਰਬ ਮਨਾਉਣ ਦੇ ਫੈਸਲੇ ਨੂੰ ਇਸੇ ਰਣਨੀਤੀ ਨਾਲ ਜੋੜਕੇ ਦੇਖਿਆ ਜਾ ਰਿਹਾ ਹੈ।
ਡੇਰਾ ਸਿਰਸਾ ’ਤੇ ਗੁਪਤ ਨਜ਼ਰਾਂ
ਮਾਲਵੇ ਵਿੱਚ ਡੇਰਾ ਸਿਰਸਾ ਨਾਲ ਜੁੜੇ ਕਥਿਤ ਵਿਵਾਦਾਂ ਕਾਰਨ ਸਿਆਸੀ ਧਿਰਾਂ ਸਿੱਧੇ ਸੰਪਰਕ ਤੋਂ ਪਾਸਾ ਵੱਟ ਰਹੀਆਂ ਹਨ ਪਰ ਵੋਟ ਬੈਂਕ ਵੱਡਾ ਹੋਣ ਕਰਕੇ ਨੇਤਾ ਚੁੱਪ ਚੁਪੀਤੇ ਜੁਗਾੜ ਲਾਉਣ ਦੇ ਚੱਕਰ ’ਚ ਹਨ। ਸਿਆਸੀ ਵਿੰਗ ਭੰਗ ਹੋਣ ਕਰਕੇ ਇਹ ਪੱਖ ਵੀ ਅਹਿਮ ਹੋਵੇਗਾ ਕਿ ਡੇਰਾ ਸਿਰਸਾ ਦੀ ਰਣਨੀਤੀ ਕੀ ਹੁੰਦੀ ਹੈ। ਡੇਰਾ ਸਿਰਸਾ ਦਾ ਹੁਕਮ ਇਲਾਹੀ ਮੰਨਿਆ ਜਾਂਦਾ ਹੈ ਜਿਸ ’ਤੇ ਸ਼ਰਧਾਲੂ ਬਿਨਾਂ ਕਿੰਤੂ ਪ੍ਰੰਤੂ ਪਹਿਰਾ ਦਿੰਦੇ ਹਨ ਜੋ ਸਿਆਸੀ ਤੌਰ ’ਤੇ ਕਾਫੀ ਮਹੱਤਵਪੂਰਨ ਮੰਨਿਆ ਜਾਂਦਾ ਹੈ।
- Download Babushahi App
-
-