Crime Special ਨਜਾਇਜ ਸਬੰਧਾਂ ਕਰਕੇ ਭਰਾ ਵੱਲੋਂ ਖੁਦਕਸ਼ੀ ਕਰਨ ਦੇ ਸ਼ੱੱਕ ’ਚ ਕੀਤਾ ਸੀ ਮੁਨੀਮ ਦਾ ਕਤਲ
ਅਸ਼ੋਕ ਵਰਮਾ
ਮਾਨਸਾ , 13 ਜੂਨ 2026 : ਮਾਨਸਾ ਜ਼ਿਲ੍ਹੇ ਦੇ ਪਿੰਡ ਦਰੀਆਪੁਰ ਦੇ ਨੌਜਵਾਨ ਰਾਜਦੀਪ ਸਿੰਘ ਦੇ ਕਤਲ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕਰਦਿਆਂ ਪੁਲੀਸ ਨੇ 3 ਮੁਲਜਮ ਗ੍ਰਿਫਤਾਰ ਕਰਨ ਦੀ ਗੱਲ ਆਖੀ ਹੈ ਜਦੋਂਕਿ 1 ਦੀ ਗ੍ਰਿਫਤਾਰੀ ਹਾਲੇ ਰਹਿੰਦੀ ਹੈ। ਸਬਜ਼ੀ ਮੰਡੀ ਬੁਢਲਾਡਾ ਵਿੱਚ ਬਤੌਰ ਮੁਨੀਮ ਕੰਮ ਕਰਦੇ ਪਿੰਡ ਦਰੀਆਪੁਰ ਦੇ ਨੌਜਵਾਨ ਰਾਜਦੀਪ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਦਰੀਆਪੁਰ ਦੀ ਕੁੱਝ ਵਿਅਕਤੀਆਂ ਨੇ ਬੁੱਧਵਾਰ ਨੂੰ ਸਵੇਰ ਵਕਤ ਸਬਜ਼ੀ ਮੰਡੀ ਜਾਂਦੇ ਸਮੇਂ ਰਾਹ ਵਿੱਚ ਘੇਰ ਕੇ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕਰ ਦਿੱਤੀ ਸੀ। ਥਾਣਾ ਬੁਢਲਾਡਾ ਪੁਲਿਸ ਨੇ ਮ੍ਰਿਤਕ ਦੀ ਮਾਂ ਜਸਵੀਰ ਕੌਰ ਵੱਲੋਂ ਪੁਲਿਸ ਨੂੰ ਦਿੱਤੇ ਬਿਆਨਾਂ ਦੇ ਅਧਾਰ ’ਤੇ ਅਣਪਛਾਤਿਆਂ ਖਿਲਾਫ 17 ਜੂਨ ਨੂੰ ਮੁਕੱਦਮਾ ਨੰਬਰ 110 ਦਰਜ ਕੀਤਾ ਸੀ। ਅੱਜ ਮਾਨਸਾ ਜਿਲ੍ਹੇ ਦੇ ਸੀਨੀਅਰ ਪੁਲਿਸ ਕਪਤਾਨ ਭਾਗੀਰਥ ਸਿੰਘ ਮੀਨਾ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਸਬੰਧ ਵਿੱਚ ਖੁਲਾਸਾ ਕੀਤਾ ਹੈ।
ਐਸਐਸਪੀ ਨੇ ਦੱਸਿਆ ਕਿ ਮਾਨਸਾ ਪੁਲਿਸ ਨੂੰ 17 ਜੂਨ ਨੂੰ ਸਵੇਰੇ ਕਰੀਬ 5.00 ਵਜੇ ਇਤਲਾਹ ਮਿਲੀ ਸੀ ਕਿ ਥਾਣਾ ਸਿਟੀ ਬੁਢਲਾਡਾ ਦੇ ਇਲਾਕੇ ਵਿੱਚ ਰਾਮਗੜ੍ਹ ਦਰੀਆਪੁਰ ਲਿੰਕ ਸੜਕ ’ਤੇ ਕਿਸੇ ਨੌਜਵਾਨ ਵਿਅਕਤੀ ਦੀ ਸਕੂਟਰੀ ਸਮੇਤ ਲਾਸ਼ ਪਈ ਹੈ। ਜਿਸ ਦਾ ਅਣਪਛਾਤਿਆਂ ਨੇ ਕਤਲ ਕਰ ਦਿੱਤਾ ਹੈ। ਮੌਕੇ ’ਤੇ ਪੁੱਜਕੇ ਪੁਲਿਸ ਨੇ ਲਾਸ਼ ਨੂੰ ਕਬਜੇ ’ਚ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਐਸ ਪੀ ( ਇਨਵੈਸਟੀਗੇਸ਼ਨ) ਮਨਮੋਹਣ ਸਿੰਘ ਔਲਖ ਦੀ ਅਗਵਾਈ ਅਤੇ ਡੀਐਸਪੀ (ਸਬ ਡਿਵੀਜ਼ਨ ) ਬੁਢਲਾਡਾ ਅਤੇ ਡੀਐਸਪੀ ( ਇਨਵੈਸਟੀਗੇਸ਼ਨ) ਮਾਨਸਾ ਜਸਵਿੰਦਰ ਸਿੰਘ ਦੀ ਦੇਖਰੇਖ ਹੇਠ ਥਾਣਾ ਸਿਟੀ ਬੁਢਲਾਡਾ ਅਤੇ ਇੰਚਾਰਜ ਸੀਆਈਏ ਸਟਾਫ ਮਾਨਸਾ ਦੀਆਂ ਟੀਮਾਂ ਬਣਾਈਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਵਿਗਿਆਨਕ ਅਧਾਰ ’ਤੇ ਤਫਤੀਸ਼ ਨੂੰ ਅੱਗੇ ਵਧਾਉਂਦਿਆਂ ਤਿੰਨ ਮੁਲਜਮਾਂ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਮਾਂ ਜਸਵੀਰ ਕੌਰ ਦੇ ਤਰਮੀਮਾਂ ਬਿਆਨ ਤੋਂ ਬਾਅਦ 4 ਜਣਿਆਂ ਨੂੰ ਨਾਮਜਦ ਕਰਕੇ ਗ੍ਰਿਫਤਾਰ ਕੀਤੇ ਗਏ ਮੁਲਜਮਾਂ ’ਚ ਮੱਤੀ ਸਿੰਘ (ਉਮਰ 19 ਸਾਲ) ਪੁੱਤਰ ਬੂਟਾ ਸਿੰਘ , ਮਨਪ੍ਰੀਤ ਸਿੰਘ ਉਰਫ ਲਾਡੀ (ਉਮਰ 23 ਸਾਲ) ਪੁੱਤਰ ਪ੍ਰਕਾਸ਼ ਸਿੰਘ ,ਮਨਪ੍ਰੀਤ ਸਿੰਘ ਉਰਫ ਜੱਗਾ ਡੌਨ (ਉਮਰ 27 ਸਾਲ) ਪੁੱਤਰ ਸੋਹਣ ਸਿੰਘ ਵਾਸੀ ਰਾਮਗੜ੍ਹ ਦਰੀਆਪੁਰ ਖੁਰਦ ਅਤੇ ਸਨੀ ਸਿੰਘ ਵਾਸੀ ਦਰੀਆਪੁਰ ਕਲਾਂ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਮੁਲਜਮ ਸਨੀ ਅਜੇ ਗ੍ਰਿਫਤਾਰ ਨਹੀਂ ਹੋਇਆ ਜਿਸ ਨੂੰ ਕਾਬੂ ਕਰਨ ਦੇ ਯਤਨ ਜਾਰੀ ਹਨ। ਉਨ੍ਹਾਂ ਦੱਸਿਆ ਕਿ ਮੁਲਜਮਾਂ ਤੋਂ ਕੀਤੀ ਗਈ ਮੁਢਲੀ ਪੁੱਛਗਿਛ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜਮਾਂ ਵੱਲੋਂ ਰਾਜਦੀਪ ਸਿੰਘ ਦੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਦੋ ਮੋਟਰਸਾਈਕਲ ਸਮੇਤ (ਹਥਿਆਰ) ਇੱਕ ਕਰਪਾਨ ਅਤੇ ਲੋਹੇ ਦੀਆਂ ਤਿੰਨ ਰਾਡਾਂ ਵਰਤੀਆਂ ਗਈਆਂ ਸਨ ਜਿੰਨ੍ਹਾ ਨੂੰ ਬਰਾਮਦ ਕਰਨਾ ਹਾਲੇ ਬਾਕੀ ਰਹਿੰਦਾ ਹੈ।
ਐਸਐਸਪੀ ਨੇ ਦੱਸਿਆ ਕਿ ਇਸ ਪੁੱਛ ਪੜਤਾਲ ਦੌਰਾਨ ਇਹ ਵੀ ਖੁਲਾਸਾ ਹੋਇਆ ਹੈ ਕਿ ਦੋਵਾਂ ਧਿਰਾਂ ਵਿਚਕਾਰ ਨਜਾਇਜ ਸਬੰਧਾ ਕਾਰਨ ਦੁਸ਼ਮਣੀ ਚਲੀ ਆ ਰਹੀ ਸੀ। ਉਨ੍ਹਾਂ ਦੱਸਿਆ ਕਿ ਮੁਲਜਮ ਮੱਤੀ ਸਿੰਘ ਦੇ ਭਰਾ ਦੇ ਮ੍ਰਿਤਕ ਦੀ ਭਰਜਾਈ ਨਾਲ ਕਥਿਤ ਤੌਰ ’ਤੇ ਨਜਾਇਜ਼ ਸਬੰਧ ਸਨ ਜਿਸ ਕਰਕੇ ਮ੍ਰਿਤਕ ਅਤੇ ਦੋਸ਼ੀ ਧਿਰ ਵਿਚਕਾਰ ਪਹਿਲਾਂ ਵੀ ਝਗੜੇ ਹੋਏ ਸਨ। ਕੁੱਝ ਦਿਨ ਪਹਿਲਾਂ ਮੁਲਜਮ ਮੱਤੀ ਸਿੰਘ ਦੇ ਉਸੇ ਭਰਾ ਨੇ ਖੁਦਕਸ਼ੀ ਕਰ ਲਈ ਸੀ। ਮੱਤੀ ਸਿੰਘ ਨੂੰ ਸ਼ੱਕ ਸੀ ਕਿ ਉਸ ਦੇ ਭਰਾ ਨੇ ਮ੍ਰਿਤਕ ਰਾਜਦੀਪ ਸਿੰਘ ਵੱਲੋਂ ਕੀਤੀ ਜਾਂਦੀ ਰੋਕ ਟੋਕ ਕਾਰਨ ਸਿਰੇ ਦਾ ਇਹ ਖਤਰਨਾਕ ਕਦਮ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਮੱਤੀ ਸਿੰਘ ਨੇ ਨਫਰਤ ਅਤੇ ਬਦਲੇ ਦੀ ਭਾਵਨਾ ਕਾਰਨ ਆਪਣੇ ਸਾਥੀਆਂ ਨਾਲ ਮਿਲਕੇ ਮੁਨੀਮ ਰਾਜਦੀਪ ਸਿੰਘ ਨੂੰ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਰਿਮਾਂਡ ਹਾਸਲ ਕਰਕੇ ਮੁਲਜਮਾਂ ਤੋਂ ਪੁੱਛਗਿਛ ਕੀਤੀ ਜਾਏਗੀ।
- Download Babushahi App
-
-