Crime Special ਪੁਲਸੀਆ ਕੌਤਕ : ਓਏ ਛੋਟੂ ਬਠਿੰਡਾ ਪੁਲਿਸ ਮੁਰਦਿਆਂ ’ਤੇ ਵੀ ਪਰਚਾ ਦਰਜ ਕਰ ਦਿੰਦੀ ਓਏ
ਅਸ਼ੋਕ ਵਰਮਾ
ਬਠਿੰਡਾ , 14 ਅਗਸਤ 2026 : ਬਠਿੰਡਾ ਪੁਲਿਸ ਨੇ ਕਰੀਬ 6 ਸਾਲ ਪਹਿਲਾਂ ਇਸ ਜਹਾਨੋਂ ਤੁਰ ਗਏ ਵਿਅਕਤੀ ਵਿਰੁੱਧ ਮੁਕੱਦਮਾ ਦਰਜ ਕਰਕੇ ਨਵਾਂ ਕ੍ਰਿਸ਼ਮਾ ਕਰ ਦਿਖਾਇਆ ਹੈ। ਹਾਲਾਂਕਿ ਪੰਜਾਬ ਪੁਲਿਸ ਆਪਣੀ ਕਾਰਜਸ਼ੈਲੀ ਕਾਰਨ ਅਕਸਰ ਹੀ ਚਰਚਾ ਵਿੱਚ ਰਹਿੰਦੀ ਹੈ ਪਰ ਬਠਿੰਡਾ ਦੇ ਥਾਣਾ ਭਗਤਾ ਭਾਈ ਪੁਲਿਸ ਨੇ ਅਜਿਹਾ ਕਾਰਨਾਮਾ ਕੀਤਾ ਹੈ ਜਿਸ ਨੇ ਸਮੁੱਚਾ ਪੁਲਸ ਤੰਤਰ ਹੀ ਕਟਹਿਰੇ ’ਚ ਖੜ੍ਹਾ ਕਰ ਦਿੱਤਾ ਹੈ। ਪੁਲਿਸ ਅਫਸਰ ਇਸ ਮੁੱਦੇ ’ਤੇ ਕੁੱਝ ਵੀ ਬੋਲਣ ਨੂੰ ਤਿਆਰ ਨਹੀਂ ਹਨ ਕਿ ਆਖਰ ਇਹੋ ਜਿਹੀ ਗੰਭੀਰ ਕੋਤਾਹੀ , ਉਹ ਵੀ ਖੁਦ ਨੂੰ ਨਵੀਆਂ ਤਕਨੀਕਾਂ ਨਾਲ ਲੈਸ ਕਰਨ ਦੇ ਦਾਅਵੇ ਕਰਦੀ ਪੁਲਿਸ ਹੱਥੋਂ ਕਿਸ ਤਰਾਂ ਹੋ ਗਈ। ਮਾਮਲੇ ਦਾ ਜਿਕਰਯੋਗ ਪਹਿਲੂ ਇਹ ਵੀ ਹੈ ਕਿ ਇਹ ਹੈਰਾਨੀਜਨਕ ਤੱਥ ਸਾਹਮਣੇ ਆਉਣ ਤੋਂ ਬਾਅਦ ਆਮ ਲੋਕਾਂ ਵੱਲੋਂ ਸਵਾਲ ਕੀਤੇ ਜਾ ਰਹੇ ਹਨ ਕਿ ਕੀ ਪੁਲਿਸ ਹੁਣ ਮੁਲਜਮਾਂ ਨੂੰ ਗ੍ਰਿਫਤਾਰ ਕਰਨ ਲਈ ਪ੍ਰਲੋਕ ਜਾਇਆ ਕਰੇਗੀ।
ਪ੍ਰਾਪਤ ਜਾਣਕਾਰੀ ਅਨੁਸਾਰ ਮਾਮਲਾ ਕੁੱਝ ਇਸ ਤਰਾਂ ਹੈ ਕਿ ਬਠਿੰਡਾ ਜਿਲ੍ਹੇ ਦੇ ਪਿੰਡ ਮਹਿਰਾਜ਼ ਨਿਵਾਸੀ ਬਲਵਿੰਦਰ ਸਿੰਘ ਨੇ ਅਗਸਤ 2026 ਦੇ ਸ਼ੁਰੂਆਤ ’ਚ ਐਸਐਸਪੀ ਬਠਿੰਡਾ ਨੂੰ ਜਮੀਨੀ ਵਿਵਾਦ ਨਾਲ ਜੁੜੇ ਮਾਮਲੇ ’ਚ ਇੱਕ ਸ਼ਕਾਇਤ ਦਿੱਤੀ ਸੀ। ਸ਼ਕਾਇਤ ’ਚ ਸੁਖਚੈਨ ਸਿੰਘ , ਗੁਰਮੇਜ ਸਿੰਘ , ਚੰਨਾ ਸਿੰਘ , ਬੱਬਾ ਸਿੰਘ , ਸ਼ਿੰਦਾ ਸਿੰਘ , ਜੰਗੀਰ ਸਿੰਘ ਅਤੇ ਗੁਰਦੇਵ ਸਿੰਘ ਸਮੇਤ ਕੁੱਲ 7 ਜਣਿਆਂ ਦੇ ਨਾਮ ਦਿੱਤੇ ਗਏ ਸਨ। ਐਸਐਸਪੀ ਦਫਤਰ ਵੱਲੋਂ ਇਹ ਸ਼ਕਾਇਤ ਅਗਲੀ ਜਾਂਚ ਲਈ ਡੀ ਐਸ ਪੀ ਫੂਲ ਨੂੰ ਭੇਜੀ ਗਈ ਸੀ। ਨਿਯਮਾਂ ਮੁਤਾਬਕ ਕਿਸੇ ਵੀ ਸ਼ਕਾਇਤ ’ਤੇ ਐਫਆਈਆਰ ਦਰਜ ਕਰਨ ਤੋਂ ਪਹਿਲਾਂ ਪੁਲਿਸ ਵੱਲੋਂ ਮੁਢਲੀ ਜਾਂਚ ਕੀਤੀ ਜਾਣੀ ਹੁੰਦੀ ਹੈ ਪਰ ਪੁਲਿਸ ਨੇ ਅਜਿਹਾ ਕਰਨ ਦੀ ਥਾਂ ‘ਏ ਆਈ ਨਾਲੋਂ ਵੀ ਜਿਆਦਾ ਆਪਣੀ ‘ਤੀਖਣ ਬੁੱਧੀ’ ਦੀ ਵਰਤੋਂ ਕਰਦਿਆਂ ਇਕਤਰਫਾ ਕਾਰਵਾਈ ਕਰ ਦਿੱਤੀ ਅਤੇ ਐਫਆਈਆਰ ਦਰਜ ਕਰਨ ਲਈ ਸ਼ਕਾਇਤ ਨੂੰ ਥਾਣੇ ’ਚ ਭੇਜ ਦਿੱਤਾ।
ਥਾਣਾ ਭਗਤਾ ਭਾਈ ਪੁਲਿਸ ਨੇ ਵੀ ਬਿਨਾਂ ਦੇਰੀ ਲਾਇਆਂ ਡੀਐਸਪੀ ਦੀ ਰਿਪੋਰਟ ਦੇ ਅਧਾਰ ’ਤੇ ਬਗੈਰ ਕਿਸੇ ਹੀਲ ਹੁੱਜਤ ਦੇ ਮਿਤੀ 9 ਅਗਸਤ ਨੂੰ ਵੱਖ ਵੱਖ ਧਾਰਾਵਾਂ ਤਹਿਤ ਸ਼ਕਾਇਤ ਵਿੱਚ ਨਾਮਜਦ ਵਿਅਕਤੀਆਂ ਖਿਲਾਫ ਐਫਆਈਆਰ ਨੰਬਰ 159 ਦਰਜ ਕਰ ਦਿੱਤੀ। ਮਾਮਲੇ ਸਬੰਧੀ ਤਮਾਸ਼ਾ ਉਦੋਂ ਸ਼ੁਰੂ ਹੋਇਆ ਜਦੋਂ ਪੁਲਿਸ ਨੇ ਮੁਲਜਮਾਂ ਦੀ ਗ੍ਰਿਫਤਾਰੀ ਅਤੇ ਬਿਆਨ ਦਰਜ ਕਰਨ ਲਈ ਅਗਲੀ ਕਾਰਵਾਈ ਸ਼ੁਰੂ ਕੀਤੀ ਤਾਂ ਪੋਲ ਖੁੱਲ੍ਹ ਗਈ ਕਿ ਸ਼ਕਾਇਤ ’ਚ ਸ਼ਾਮਲ ਕੀਤੇ ਵਿਅਕਤੀਆਂ ਚੋਂ ਇੱਕ ਜੰਗੀਰ ਸਿੰਘ ਪੁੱਤਰ ਜਗਤ ਸਿੰਘ ਦੀ ਕਰੀਬ ਛੇ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਪੁਲਿਸ ਦਾ ਕਹਿਣਾ ਸੀ ਕਿ ਡੀ ਐਸ ਪੀ ਦਫਤਰ ਨੇ ਮਾਮਲੇ ਦੀ ਜਾਂਚ ਦੌਰਾਨ ਸ਼ਕਾਇਤ ’ਚ ਨਾਮਜਦ ਕੀਤੇ ਸੱਤਾਂ ਜਣਿਆਂ ਨੂੰ ਆਪਣਾ ਪੱਖ ਰੱਖਣ ਲਈ ਬੁਲਾਇਆ ਸੀ ਪਰ ਉਹ ਪੇਸ਼ ਨਹੀਂ ਹੋਏ ਸਨ। ਇਸ ਕਰਕੇ ਸ਼ਕਾਇਤ ’ਚ ਸ਼ਾਮਲ ਵਿਅਕਤੀਆਂ ਖਿਲਾਫ ਕੇਸ ਦਰਜ ਕਰਨ ਦੀ ਸਿਫਾਰਸ਼ ਹੋਈ ਹੋ ਸਕਦੀ ਹੈ।
ਇਸ ਅਣਗਹਿਲੀ ਕਾਰਨ ਪੁਲਿਸ ਤੰਤਰ ’ਤੇ ਕਈ ਤਰਾਂ ਦੇ ਸਵਾਲ ਉੱਠਣ ਲੱਗੇ ਹਨ। ਐਸਐਚਓ ਮੁਤਾਬਕ ਜਾਂਚ ਡੀਐਸਪੀ ਪੱਧਰ ’ਤੇ ਹੋਈ ਹੈ ਤਾਂ ਵੱਡਾ ਸਵਾਲ ਇਹੋ ਹੈ ਕਿ ਅਜੋਕੇ ਹਾਈਟੈਕ ਦੌਰ ਦੌਰਾਨ ਪੁਲਿਸ ਨੂੰ ਐਨੀ ਨਿੱਕੀ ਜਿਹੀ ਗੱਲ ਦਾ ਹੀ ਪਤਾ ਨਹੀਂ ਲੱਗਿਆ ਕਿ ਜਿਸ ਵਿਅਕਤੀ ਨੂੰ ਸੰਮਣ ਭੇਜਿਆ ਜਾ ਰਿਹਾ ਹੈ ਉਹ ਇਸ ਦੁਨੀਆਂ ਵਿੱਚ ਹੀ ਨਹੀਂ ਹੈ। ਪੁਲਿਸ ਮੁਤਾਬਕ ਮੁਲਜਮ ਜਾਂਚ ’ਚ ਸ਼ਾਮਲ ਨਹੀਂ ਹੋਏ ਹਨ ਪਰ ਜੋ ਵਿਅਕਤੀ 6 ਸਾਲ ਪਹਿਲਾਂ ਸਵਰਗ ਸਿਧਾਰ ਚੁੱਕਿਆ ਹੈ ਤਾਂ ਉਹ ਥਾਣੇ ’ਚ ਆਪਣੀ ਹਾਜ਼ਰੀ ਕਿੱਦਾਂ ਲਗਵਾ ਸਕਦਾ ਹੈ। ਇੱਕ ਸੇਵਾਮੁਕਤ ਪੁਲਿਸ ਅਧਿਕਾਰੀ ਦਾ ਕਹਿਣਾ ਸੀ ਕਿ ਜਮੀਨੀ ਵਿਵਾਦ ਦੌਰਾਨ ਸ਼ਕਾਇਤ ’ਚ ਅਕਸਰ ਸਾਰੇ ਪ੍ਰੀਵਾਰ ਦੇ ਨਾਮ ਲਿਖਵਾ ਦਿੱਤੇ ਜਾਂਦੇ ਹਨ । ਉਨ੍ਹਾਂ ਕਿਹਾ ਕਿ ਪੁਲਿਸ ਨੇ ਬਿਨਾਂ ਤਫਤੀਸ਼ ਅਤੇ ਪੰਚਾਇਤ ਤੋਂ ਤਸਦੀਕ ਕੀਤਿਆਂ ਅੱਖਾਂ ਮੀਚਕੇ ਸ਼ਕਾਇਤਕਰਤਾ ਦੀ ਕਹਾਣੀ ’ਤੇ ਯਕੀਨ ਕਰਕੇ ਸਿੱਧੀ ਐਫਆਈਆਰ ਦਰਜ ਕਰ ਦਿੱਤੀ।
ਚਰਚਾ ਦਾ ਵਿਸ਼ਾ ਬਣਿਆ ਮਾਮਲਾ
ਫਿਲਹਾਲ ਇਹ ਅਨੋਖਾ ਪੁਲਿਸ ਕੇਸ ਵੱਡੀ ਪੱਧਰ ’ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇੱਕ ਤਕਨੀਕੀ ਮਾਹਿਰ ਨੇ ਦੱਸਿਆ ਕਿ ਇਸ ਡਿਜ਼ੀਟਲ ਯੁੱਗ ਦੌਰਾਨ ਜਦੋਂ ਕੰਪਿਊਟਰ ਦੀ ਇੱਕ ਕਲਿੱਕ ਨਾਲ ਕਿਸੇ ਵਿਅਕਤੀ ਦੀ ਸਮੁੱਚੀ ਕੁੰਡਲੀ ਖੁੱਲ੍ਹ ਜਾਂਦੀ ਹੈ ਤਾਂ ਇਸ ਮਾਮਲੇ ’ਚ ਬਠਿੰਡਾ ਪੁਲਿਸ ਦੀ ਇਹ ਕਾਗਜ਼ੀ ਜਾਂਚ ਅਤੇ ਲਾਪਰਵਾਹੀ ਪੂਰੀ ਕਾਨੂੰਨ ਵਿਵਸਥਾ ਦਾ ਮਜਾਕ ਉਡਾ ਰਹੀ ਹੈ। ਲੋਕ ਆਖਦੇ ਹਨ ਕਿ ਹੁਣ ਸਿਰਫ ਇਹੋ ਇੰਤਜ਼ਾਰ ਹੈ ਕਿ ਇਸ ਲਾਪਰਵਾਹੀ ਲਈ ਕਿਸੇ ਅਫਸਰ ਜਾਂ ਪੁਲਿਸ ਮੁਲਾਜਮ ਖਿਲਾਫ ਕਾਰਵਾਈ ਹੁੰਦੀ ਹੈ ਜਾਂ ਫਿਰ ਮਾਮਲਾ ਵਕਤ ਦੀ ਗਰਦਿਸ਼ ’ਚ ਗੁੰਮ ਹੋਕੇ ਰਹਿ ਜਾਂਦਾ ਹੈ।
ਉੱਚ ਅਧਿਕਾਰੀਆਂ ਵੱਲੋਂ ਜਾਂਚ
ਥਾਣਾ ਭਗਤਾ ਭਾਈ ਦੇ ਮੁੱਖ ਥਾਣਾ ਅਫਸਰ ਪਰਬਤ ਸਿੰਘ ਦਾ ਕਹਿਣਾ ਸੀ ਕਿ ਮਾਮਲੇ ਦੀ ਜਾਂਚ ਉੱਚ ਅਧਿਕਾਰੀਆਂ ਨੇ ਕੀਤੀ ਹੈ ਜਦੋਂਕਿ ਉਨ੍ਹਾਂ ਨੇ ਤਾਂ ਆਦੇਸ਼ ਮਿਲਣ ਤੋਂ ਬਾਅਦ ਸਿਰਫ ਮੁਕੱਦਮਾ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਦਾ ਨਾਮ ਕੱਢ ਦਿੱਤਾ ਗਿਆ ਹੈ ਅਤੇ ਬਾਕੀ ਮਾਮਲੇ ਦੀ ਜਾਂਚ ਚੱਲ ਰਹੀ ਹੈ।
ਬਠਿੰਡਾ ਪੁਲਿਸ ਦਾ ਪੁਰਾਣਾ ਸੁਭਾਅ
ਬਠਿੰਡਾ ਪੁਲਿਸ ਨੇ ਕੁੱਝ ਸਾਲ ਪਹਿਲਾਂ ਮਾਨਸਾ ਜਿਲ੍ਹੇ ਦੇ ਮੁਸਲਮਾਨ ਭਾਈਚਾਰੇ ਨਾਲ ਸਬੰਧਤ ਦੋ ਪਿਤਾ ਪੁੱਤ ਮ੍ਰਿਤਕਾਂ ਖਿਲਾਫ ਕੇਸ ਦਰਜ ਕੀਤਾ ਸੀ । ਦੋਸ਼ ਲਾਇਆ ਸੀ ਕਿ ਇਹ ਜਾਅਲੀ ਪੁਲਿਸ ਅਫਸਰ ਬਣਕੇ ਐਫਸੀਆਈ ਦੇ ਅਧਿਕਾਰੀ ਨੂੰ ਧਮਕੀਆਂ ਦਿੰਦੇ ਹਨ। ਹੈਰਾਨੀ ਵਾਲੀ ਗੱਲ ਹੈ ਕਿ ਪੁਲਿਸ ਰਿਕਾਰਡ ’ਚ ਮੁਲਜਮ ਬਣੇ ਪਿਤਾ ਦੀ ਮੌਤ 2001 ’ਚ ਹੋ ਗਈ ਸੀ ਜਦੋਂਕਿ ਉਸ ਦਾ ਲੜਕਾ 13 ਨਵੰਬਰ 2011 ਨੂੰ ਚੱਲ ਵਸਿਆ ਸੀ। ਉਦੋਂ ਵੀ ਮਾਮਲੇ ਨੂੰ ਲੈਕੇ ਪੁਲਿਸ ਦੀ ਕਿਰਕਰੀ ਹੋਈ ਸੀ।
- Download Babushahi App
-
-