Canada News: ਉੱਘੇ ਕਾਰੋਬਾਰੀ ਅਰਵਿੰਦਰ ਸਿੰਘ ਖੋਸਾ ਨੂੰ ਸਮਰਪਿਤ ‘ਕੈਨੇਡਾ ਟੈਬਲਾਇਡ’ ਦਾ ਵਿਸ਼ੇਸ਼ ਅੰਕ ਰਿਲੀਜ਼
ਸਮਾਜਿਕ, ਰਾਜਨੀਤਿਕ ਅਤੇ ਪੱਤਰਕਾਰੀ ਨਾਲ ਸੰਬੰਧਿਤ ਉੱਘੀਆਂ ਸ਼ਖ਼ਸੀਅਤਾਂ ਨੇ ਕੀਤੀ ਸ਼ਮੂਲੀਅਤ
ਹਰਦਮ ਮਾਨ
ਸਰੀ, 21 ਜਨਵਰੀ 2026- ਪਿਛਲੇ 12 ਸਾਲਾਂ ਤੋਂ ਸਰੀ ਵਿਚ ਨਿਰੰਤਰ ਪ੍ਰਕਾਸ਼ਿਤ ਹੋ ਰਹੇ ਤ੍ਰੈਮਾਸਕ ਮੈਗਜ਼ੀਨ ‘ਕੈਨੇਡਾ ਟੈਬਲਾਇਡ’ ਦਾ 48ਵਾਂ ਅੰਕ ਰਿਲੀਜ਼ ਕਰਨ ਲਈ ਸ਼ਾਹੀ ਕੇਟਰਿੰਗ ਹਾਲ ਸਰੀ ਵਿਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਵਿਚ ਸ਼ਹਿਰ ਦੀਆਂ ਰਾਜਸੀ, ਸਮਾਜਿਕ, ਪੱਤਰਕਾਰੀ ਨਾਲ ਸੰਬੰਧਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਸ਼ਾਮਲ ਹੋਈਆਂ। ਮੈਗਜ਼ੀਨ ਦਾ ਨਵੇਂ ਸਾਲ ਦਾ ਇਹ ਅੰਕ ਪ੍ਰਸਿੱਧ ਕਾਰੋਬਾਰੀ ਅਰਵਿੰਦਰ ਸਿੰਘ ਖੋਸਾ ਨੂੰ ਸਮਰਪਿਤ ਕੀਤਾ ਗਿਆ ਹੈ।
ਇਸ ਸਮਾਗਮ ਵਿਚ ਹਾਜਰ ਵੱਖ ਵੱਖ ਖੇਤਰਾਂ ਦੀਆਂ ਸ਼ਖ਼ਸੀਅਤਾਂ ਨੂੰ ਜੀ ਆਇਆਂ ਆਖਦਿਆਂ ਮੈਗਜ਼ੀਨ ਦੇ ਮੁੱਖ ਸੰਪਾਦਕ ਜਸਵਿੰਦਰ ਸਿੰਘ ਦਿਲਾਵਰੀ ਨੇ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਦੇ ਉੱਘੇ ਕਾਰੋਬਾਰੀ ਅਤੇ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਰਵਿੰਦਰ ਸਿੰਘ ਖੋਸਾ ਵੱਲੋਂ ਸਮਾਜ ਪ੍ਰਤੀ ਲਗਾਤਾਰ ਨਿਭਾਈਆਂ ਜਾ ਰਹੀਆਂ ਪ੍ਰਸੰਸਾਯੋਗ ਸੇਵਾਵਾਂ ਦੇ ਸਨਮਾਨ ਵਜੋਂ ਇਹ ਅੰਕ ਉਨ੍ਹਾਂ ਨੂੰ ਸਮਰਪਿਤ ਕੀਤਾ ਗਿਆ ਹੈ। ਸਮਾਗਮ ਵਿਚ ਪਹੁੰਚੇ ਰਾਜਸੀ, ਧਾਰਮਿਕ ਅਤੇ ਸਮਾਜਿਕ ਖੇਤਰ ਦੇ ਆਗੂਆਂ ਨੇ ਇਸ ਅੰਕ ਲਈ ਜਸਵਿੰਦਰ ਸਿੰਘ ਦਿਲਾਵਰੀ ਅਤੇ ਅਰਵਿੰਦਰ ਸਿੰਘ ਖੋਸਾ ਨੂੰ ਮੁਬਾਰਕਬਾਦ ਦਿੱਤੀ। ਮੈਗਜ਼ੀਨ ਰਿਲੀਜ਼ ਕਰਨ ਦੀ ਰਸਮ ਅਦਾ ਕਰਦਿਆਂ ਸਰੀ ਨਿਊਟਨ ਤੋਂ ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ ਨੇ ਜਸਵਿੰਦਰ ਸਿੰਘ ਦਿਲਾਵਰੀ ਵੱਲੋਂ ਸਮਾਜਿਕ ਸਰੋਕਾਰਾਂ ਨੂੰ ਕੇਂਦਰ ਵਿੱਚ ਰੱਖ ਕੇ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਭਾਈਚਾਰੇ ਨੂੰ ਅਜਿਹੀਆਂ ਰਚਨਾਤਮਕ ਪਹਿਲਕਦਮੀਆਂ ਨਾਲ ਜੁੜਨ ਦੀ ਅਪੀਲ ਕੀਤੀ।
ਇਸ ਮੌਕੇ ਸਰੀ ਦੀ ਮੇਅਰ ਬਰੈਂਡਾ ਲੌਕ, ਮੈਂਬਰ ਪਾਰਲੀਮੈਂਟ ਅਰਨੀ ਕਲਾਸਨ ਤੇ ਗੁਰਬਖਸ਼ ਸੈਣੀ, ਐਮ.ਐਲ.ਏ. ਬਰਾਇਨ ਟੈਪਰ, ਹਰਮਨ ਭੰਗੂ ਤੇ ਸਟੀਵ ਕੂਨਰ, ਕੌਂਸਲਰ ਲਿੰਡਾ ਐਨਸ, ਮਾਈਕਲ ਬੈਂਸ, ਮਨਦੀਪ ਨਾਗਰਾ, ਬਿਲਾਲ ਚੀਮਾ, ਮਾਈਕਲ ਸਟਾਰਚੁੱਕ, ਸਾਬਕਾ ਮੇਅਰ ਡਗ ਮਕੱਲਮ, ਡਾ. ਗੁਰਵਿੰਦਰ ਸਿੰਘ ਧਾਲੀਵਾਲ, ਸੀ.ਜੇ. ਸਿੱਧੂ, ਸੁਖਵਿੰਦਰ ਸਿੰਘ ਬਿੱਲਾ ਸੰਧੂ, ਸਰੀ ਸਕੂਲ ਬੋਰਡ ਟਰੱਸਟੀ ਗੈਰੀ ਥਿੰਦ, ਹਰਪ੍ਰੀਤ ਮਾਨਕਟਲਾ, ਡਿੰਪੀ ਵਾਲੀਆ, ਗੌਰਵ ਵਾਲੀਆ, ਅੰਮ੍ਰਿਤਪਾਲ ਢੋਟ, ਐਡਵੋਕੇਟ ਗਗਨ ਨਾਹਲ, ਕੁਲਦੀਪ ਸਿੰਘ, ਹਰਪ੍ਰੀਤ ਸਿੰਘ ਹੈਰੀ ਅਤੇ ਸਪਨੀਤ ਕੌਰ ਨੇ ਡਾ. ਜਸਵਿੰਦਰ ਦਿਲਾਵਰੀ ਤੇ ਉਹਨਾਂ ਦੀ ਟੀਮ ਨੂੰ ਮੁਬਾਰਕਬਾਦ ਦਿੱਤੀ ਅਤੇ ਡਾ. ਦਿਲਾਵਰੀ ਵੱਲੋਂ ਸਮਾਜਿਕ ਅਤੇ ਪੱਤਰਕਾਰੀ ਖੇਤਰ ਵਿੱਚ ਪਾਏ ਨਿੱਗਰ ਯੋਗਦਾਨ ਦੀ ਸਲਾਘਾ ਕੀਤੀ।