Canada: ਸਰੀ ਪੁਲਿਸ ਵੱਲੋਂ ਜਬਰੀ ਵਸੂਲੀ ਤੇ ਗੋਲੀਬਾਰੀ ਦੇ ਮਾਮਲਿਆਂ ’ਚ ਸੱਤ ਗ੍ਰਿਫ਼ਤਾਰ
ਹਰਦਮ ਮਾਨ
ਸਰੀ। 10 ਅਕਤੂਬਰ 2025- ਸਰੀ ਪੁਲਿਸ ਨੇ ਫ਼ਿਰੋਤੀ ਤੇ ਗੋਲੀਬਾਰੀ ਨਾਲ ਜੁੜੇ ਤਿੰਨ ਮਾਮਲਿਆਂ ਦੀ ਜਾਂਚ ਦੌਰਾਨ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ, ਕੁਝ ਉੱਤੇ ਗੋਲੀਬਾਰੀ ਦੇ ਦੋਸ਼ ਲਗੇ ਹਨ ਅਤੇ ਹੋਰ ਚਾਰਜ਼ ਲੱਗਣ ਦੀ ਸੰਭਾਵਨਾ ਹੈ।
ਅਗਸਤ 2024 ਵਿੱਚ ਇੱਕ ਵਿਅਕਤੀ ਦੇ ਘਰ ’ਤੇ ਗੋਲੀਬਾਰੀ ਦੇ ਮਾਮਲੇ ’ਚ ਅਭੀਜੀਤ ਕਿੰਗਰਾ (26) ਅਤੇ ਵਿਕਰਮ ਸ਼ਰਮਾ (24) ’ਤੇ ਦੋਸ਼ ਲਗਾਏ ਗਏ ਹਨ। ਕਿੰਗਰਾ ਹਿਰਾਸਤ ਵਿੱਚ ਹੈ ਜਦਕਿ ਸ਼ਰਮਾ ਲਈ ਵਾਰੰਟ ਜਾਰੀ ਹੈ।
ਇਕ ਹੋਰ ਘਟਨਾ 27 ਮਾਰਚ ਨੂੰ 89 ਐਵੇਨਿਊ ਤੇ 133 ਸਟਰੀਟ ’ਤੇ ਵਾਪਰੀ, ਜਿੱਥੇ ਫ਼ਿਰੋਤੀ ਨਾ ਦੇਣ ’ਤੇ ਗਰੋਹ ਵੱਲੋਂ ਇੱਕ ਘਰ ’ਤੇ ਗੋਲੀਬਾਰੀ ਕੀਤੀ ਗਈ। ਇਸ ਮਾਮਲੇ ’ਚ ਮਨਦੀਪ ਗਿੱਡਾ (23), ਨਿਰਮਾਣਜੀਤ ਚੀਮਾ (20) ਅਤੇ ਅਰੁਣਦੀਪ ਸਿੰਘ (26) ਗ੍ਰਿਫ਼ਤਾਰ ਹੋਏ।
ਇਸ ਤੋਂ ਇਲਾਵਾ, ਹਰਮਨਜੋਤ ਬਰਾੜ (25) ਅਤੇ ਹਰਦਿਲਪ੍ਰੀਤ ਸਿੰਘ (23) ਨੂੰ 5 ਅਕਤੂਬਰ ਨੂੰ ਇੱਕ ਵਾਹਨ ਨੂੰ ਅੱਗ ਲਗਾਉਣ ਦੇ ਮਾਮਲੇ ’ਚ ਫ਼ਿਰੋਤੀ ਤੇ ਗੋਲੀਬਾਰੀ ਦੇ ਦੋਸ਼ਾਂ ’ਚ ਫਸਾਇਆ ਗਿਆ ਹੈ।
ਚੀਫ਼ ਕਾਂਸਟੇਬਲ ਨੌਰਮ ਲਿਪਿੰਸਕੀ ਨੇ ਕਿਹਾ ਕਿ ਇਹ ਗ੍ਰਿਫ਼ਤਾਰੀਆਂ ਜਬਰੀ ਵਸੂਲੀ ਵਿਰੁੱਧ ਪੁਲਿਸ ਦੀ ਜ਼ੀਰੋ-ਟੋਲਰੈਂਸ ਨੀਤੀ ਦਾ ਹਿੱਸਾ ਹਨ। ਪੁਲਿਸ ਅਨੁਸਾਰ ਇਸ ਸਾਲ ਸਰੀ ’ਚ 56 ਜਬਰੀ ਵਸੂਲੀ ਅਤੇ 31 ਗੋਲੀਬਾਰੀ ਦੇ ਮਾਮਲੇ ਦਰਜ ਹੋਏ ਹਨ।
ਜਾਂਚ ਦੌਰਾਨ ਕੁਝ ਮਾਮਲਿਆਂ ਨੂੰ ਲਾਰੈਂਸ ਬਿਸ਼ਨੋਈ ਗਿਰੋਹ ਨਾਲ ਜੋੜਿਆ ਗਿਆ ਹੈ, ਜਿਸਨੂੰ ਹਾਲ ਹੀ ਵਿੱਚ ਕਨੇਡਾ ਸਰਕਾਰ ਵੱਲੋਂ ਅੱਤਵਾਦੀ ਸੰਗਠਨ ਘੋਸ਼ਿਤ ਕੀਤਾ ਗਿਆ ਹੈ। ਹਾਲਾਂਕਿ ਪੁਲਿਸ ਨੇ ਗ੍ਰਿਫ਼ਤਾਰ ਸ਼ੱਕੀਆਂ ਦੀਆਂ ਤਸਵੀਰਾਂ ਅਜੇ ਜਾਰੀ ਨਹੀਂ ਕੀਤੀਆਂ।