Canada: ਇੰਡੋ ਕੈਨੇਡੀਅਨ ਸੀਨੀਅਰ ਸੈਂਟਰ ਸਰੀ-ਡੈਲਟਾ ਵੱਲੋਂ ‘ਸੀਨੀਅਰ ਡੇ’ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ
ਹਰਦਮ ਮਾਨ
ਸਰੀ, 10 ਅਕਤੂਬਰ 2025-ਸਰੀ-ਇੰਡੋ ਕੈਨੇਡੀਅਨ ਸੀਨੀਅਰ ਸੈਂਟਰ ਸਰੀ ਵਿਖੇ ਕੈਨੇਡਾ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ‘ਸੀਨੀਅਰ ਡੇ’ ਬੜੀ ਸ਼ਾਨ ਤੇ ਆਦਰ ਨਾਲ ਮਨਾਇਆ ਗਿਆ। ਇਸ ਸਮਾਰੋਹ ਵਿੱਚ ਸੈਂਟਰ ਦੇ ਮੈਂਬਰਾਂ ਨੇ ਬਹੁਤ ਹੀ ਉਤਸ਼ਾਹ ਨਾਲ ਹਿੱਸਾ ਲਿਆ।
ਇਸ ਮੌਕੇ 'ਤੇ 90 ਸਾਲ ਤੋਂ ਵੱਧ ਉਮਰ ਦੇ 17 ਸੀਨੀਅਰ ਮੈਂਬਰਾਂ ਨੂੰ ਉਨ੍ਹਾਂ ਦੇ ਜੀਵਨ ਦੇ ਯੋਗਦਾਨ ਅਤੇ ਲੰਬੇ ਸਫ਼ਰ ਲਈ ਸਨਮਾਨਿਤ ਕੀਤਾ ਗਿਆ। ਸਨਮਾਨਿਤ ਹਸਤੀਆਂ ਵਿੱਚ ਗਿਆਨ ਕੌਰ ਸੰਘੇੜਾ (100 ਸਾਲ), ਪਰਮਜੀਤ ਕੌਰ ਸਹੋਤਾ, ਬੀਬੀ ਸਰੋਜ, ਗੁਰਮੇਜ ਕੌਰ ਢਿੱਲੋਂ, ਗੁਰਚਰਨ ਸਿੰਘ ਬਰਾੜ, ਮਹਿੰਦਰ ਸਿੰਘ ਧਾਲੀਵਾਲ, ਨਿਰੰਜਨ ਸਿੰਘ ਮਾਨ, ਮਹਿੰਦਰ ਸਿੰਘ ਜਵੰਦਾ, ਕਿਰਪਾਲ ਸਿੰਘ ਪੰਧੇਰ, ਮਲਕੀਤ ਸਿੰਘ ਸੱਗੂ, ਬਿੱਕਰ ਸਿੰਘ ਸਿੱਧੂ, ਰਜਿੰਦਰ ਸਿੰਘ ਬੈਂਸ, ਗੁਰਦੇਵ ਸਿੰਘ ਨਾਹਰਾ, ਅਵਤਾਰ ਸਿੰਘ ਢੰਡਾ, ਗਿਆਨ ਸਿੰਘ ਢੇਸੀ, ਕਾਬਲ ਸਿੰਘ ਸੰਧਾਵਾਲੀਆ ਅਤੇ ਗੁਰਬੰਸ ਸਿੰਘ ਸੰਧੂ ਸ਼ਾਮਲ ਸਨ।
ਸਮਾਰੋਹ ਦੀ ਸ਼ੁਰੂਆਤ ਸੈਂਟਰ ਦੇ ਪ੍ਰਧਾਨ ਅਵਤਾਰ ਸਿੰਘ ਢਿੱਲੋਂ ਦੇ ਸਵਾਗਤੀ ਸ਼ਬਦਾਂ ਨਾਲ ਹੋਈ। ਪ੍ਰੋਗਰਾਮ ਦੌਰਾਨ ਹਰ ਸਨਮਾਨਿਤ ਮੈਂਬਰ ਦਾ ਤਾਰੁਫ਼ ਕਰਵਾਇਆ ਗਿਆ ਅਤੇ ਉਨ੍ਹਾਂ ਨੂੰ ਸੈਂਟਰ ਦੇ ਡਾਇਰੈਕਟਰਾਂ ਵੱਲੋਂ ਸਨਮਾਨ ਪੱਤਰ ਤੇ ਇਨਾਮ ਭੇਟ ਕੀਤੇ ਗਏ। ਸਨਮਾਨਿਤ ਸੀਨੀਅਰਾਂ ਅਤੇ ਸੁਪਰ ਸੀਨੀਅਰਾਂ ਨੇ ਆਪਣੇ ਜੀਵਨ ਦੇ ਅਨੁਭਵਾਂ, ਸੰਘਰਸ਼ਾਂ ਤੇ ਸਫਲਤਾਵਾਂ ਨੂੰ ਸਾਂਝਾ ਕਰਦੇ ਹੋਏ ਆਪਣੇ ਵਿਚਾਰਾਂ ਰਾਹੀਂ ਹਾਲ ਵਿੱਚ ਬੈਠੇ ਸਰੋਤਿਆਂ ਨੂੰ ਪ੍ਰੇਰਣਾ ਨਾਲ ਭਰ ਦਿੱਤਾ।
ਇਸ ਮੌਕੇ 'ਤੇ ਇੰਦਰਜੀਤ ਕੌਰ ਸੰਧੂ, ਬੀਬੀ ਸਰੋਜ, ਪਵਿੱਤਰ ਕੌਰ ਬਰਾੜ, ਮਲੂਕ ਚੰਦ ਕਲੇਰ, ਹਰਚੰਦ ਸਿੰਘ ਗਿੱਲ, ਡਾ. ਕੁਲਵੰਤ ਸਿੰਘ ਭਾਟੀਆ, ਗੁਰਚਰਨ ਸਿੰਘ ਬਰਾੜ ਅਤੇ ਕਿਰਪਾਲ ਸਿੰਘ ਜੌਹਲ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਗਏ। ਸੁਰਜੀਤ ਸਿੰਘ ਮਾਧੋਪੁਰੀ ਨੇ ਮਿੱਠੇ ਸੁਰਾਂ ਵਿੱਚ ਗੀਤ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ।
ਅੰਤ ਵਿੱਚ ਪ੍ਰਧਾਨ ਅਵਤਾਰ ਸਿੰਘ ਢਿੱਲੋਂ ਨੇ ਸਮਾਰੋਹ ਨੂੰ ਸਫਲ ਬਣਾਉਣ ਲਈ ਸਾਰੇ ਮੈਂਬਰਾਂ ਅਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਐਲਾਨ ਕੀਤਾ ਕਿ ਹਰ ਸਾਲ ਪਹਿਲੀ ਅਕਤੂਬਰ ਨੂੰ ਸੀਨੀਅਰ ਡੇ ਨਿਯਮਤ ਤੌਰ 'ਤੇ ਮਨਾਇਆ ਜਾਵੇਗਾ, ਤਾਂ ਜੋ ਸੀਨੀਅਰਾਂ ਦੇ ਯੋਗਦਾਨ ਨੂੰ ਹਮੇਸ਼ਾ ਲਈ ਯਾਦ ਰੱਖਿਆ ਜਾ ਸਕੇ। ਸਮਾਰਹੋ ਦੌਰਾਨ ਚਾਹ-ਪਾਣੀ ਦੀ ਸੇਵਾ ਦਰਸ਼ਨ ਸਿੰਘ ਗਰੇਵਾਲ ਵੱਲੋਂ ਆਪਣੇ ਪੋਤੇ ਦੇ ਵਿਆਹ ਦੀ ਖੁਸ਼ੀ ਵਿੱਚ ਨਿਭਾਈ ਗਈ, ਜਦਕਿ ਪਕੌੜਿਆਂ ਦੀ ਸੇਵਾ ਬਲਬੀਰ ਸਿੰਘ ਅਟਵਾਲ ਨੇ ਬੜੀ ਲਗਨ ਨਾਲ ਕੀਤੀ। ਸਮੁੱਚੇ ਪ੍ਰੋਗਰਾਮ ਦਾ ਸੰਚਾਲਨ ਹਰਚੰਦ ਸਿੰਘ ਗਿੱਲ ਨੇ ਬਾਖੂਬੀ ਕੀਤਾ।