CGC ਯੂਨੀਵਰਸਿਟੀ ਮੋਹਾਲੀ ਵਿਖੇ ਆਵਿਸ਼ਕਾਰ 2026 ਦਾ ਆਯੋਜਨ, 57 ਨਵੇਂ ਕਾਰੋਬਾਰੀ ਉੱਦਮਾਂ ਨੇ ਪੇਸ਼ ਕੀਤੇ ਵਿਚਾਰ
5,200 ਸਕੂਲੀ ਵਿਦਿਆਰਥੀਆਂ ਸਮੇਤ ਨਿਵੇਸ਼ਕਾਂ, ਤਕਨਾਲੋਜੀ ਮਾਹਿਰਾਂ ਅਤੇ ਨੌਜਵਾਨ ਨਵੀਨਤਾਕਾਰਾਂ ਨੇ ਕੀਤੀ ਸ਼ਿਰਕਤ
ਮੋਹਾਲੀ, 01 ਨਵੰਬਰ 2026- ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਕਲੀ ਬੁੱਧੀ ਅਤੇ ਨਵੀਨਤਮ ਤਕਨਾਲੋਜੀ ਨੂੰ ਸਮਰਪਿਤ ਆਵਿਸ਼ਕਾਰ 2026-ਭਾਰਤ ਲਈ ਏ ਆਈ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ।ਇਸ ਵਿਲੱਖਣ ਸਮਾਗਮ ਵਿੱਚ ਨੀਤੀ-ਨਿਰਮਾਤਾਵਾਂ, ਉਦਯੋਗ ਮਾਹਿਰਾਂ, ਨਿਵੇਸ਼ਕਾਂ, ਉੱਦਮੀਆਂ ਅਤੇ ਵਿਦਿਆਰਥੀਆਂ ਨੇ ਹਿੱਸਾ ਲੈਂਦਿਆਂ ਨਕਲੀ ਬੁੱਧੀ ਦੀਆਂ ਨਵੀਆਂ ਸੰਭਾਵਨਾਵਾਂ ਅਤੇ ਭਾਰਤ ਦੇ ਭਵਿੱਖ ਵਿੱਚ ਇਸ ਦੀ ਭੂਮਿਕਾ ਬਾਰੇ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਆਂਧਰਾ ਪ੍ਰਦੇਸ਼ ਦੇ ਸਾਬਕਾ ਵਿਸ਼ੇਸ਼ ਮੁੱਖ ਸਕੱਤਰ ਅਤੇ ਮੁੱਖ ਮੰਤਰੀ ਦੇ ਸਾਬਕਾ ਸੂਚਨਾ ਤਕਨਾਲੋਜੀ ਸਲਾਹਕਾਰ, ਐਨਵੀਡੀਆ ਦੇ ਸਾਬਕਾ ਪ੍ਰਬੰਧ ਨਿਰਦੇਸ਼ਕ ਅਤੇ ਸਾਫਟਵੇਅਰ ਤਕਨਾਲੋਜੀ ਪਾਰਕਸ ਆਫ਼ ਇੰਡੀਆ ਦੇ ਸੰਸਥਾਪਕ ਤੇ ਸਾਬਕਾ ਨਿਰਦੇਸ਼ਕ ਅਦੀਸ਼ੇਸ਼ੱਈਆ ਚੌਧਰੀ ਜੱਕਮਪੁੜੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।
ਸਮਾਗਮ ਦੌਰਾਨ 57 ਨਵੇਂ ਕਾਰੋਬਾਰੀ ਉੱਦਮਾਂ ਨੇ ਆਪਣੇ ਵਿਚਾਰ ਨਿਵੇਸ਼ਕਾਂ ਸਾਹਮਣੇ ਪੇਸ਼ ਕੀਤੇ, ਜਦਕਿ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ 20 ਪ੍ਰੋਜੈਕਟਾਂ ਦੀ ਪ੍ਰਦਰਸ਼ਨੀ ਲਗਾਈ ਗਈ। ਇਸ ਤੋਂ ਇਲਾਵਾ 58 ਮਾਹਿਰਾਂ ਨੇ ਵੱਖ-ਵੱਖ ਵਿਚਾਰ-ਚਰਚਾਵਾਂ ਵਿੱਚ ਹਿੱਸਾ ਲਿਆ ਅਤੇ 40 ਭਾਗੀਦਾਰਾਂ ਨੂੰ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ 'ਆਵਿਸਕਾਰ ਉੱਤਮਤਾ ਪੁਰਸਕਾਰ' ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ 5,200 ਸਕੂਲੀ ਵਿਦਿਆਰਥੀਆਂ ਦੀ ਸ਼ਮੂਲੀਅਤ ਵੀ ਖ਼ਾਸ ਖਿੱਚ ਦਾ ਕੇਂਦਰ ਰਹੀ।
ਇਸ ਮੇਲੇ ਦੀ ਖ਼ਾਸ ਵਿਸ਼ੇਸ਼ਤਾ ਇਹ ਰਹੀ ਕਿ ਇਸ ਨੂੰ ਸਿਰਫ਼ ਪ੍ਰਦਰਸ਼ਨੀਆਂ ਅਤੇ ਤਕਨੀਕੀ ਜਾਣਕਾਰੀ ਤੱਕ ਸੀਮਤ ਨਾ ਰੱਖਦਿਆਂ ਇੱਕ ਅਨੁਭਵ-ਆਧਾਰਿਤ ਅਤੇ ਭਾਗੀਦਾਰੀ ਵਾਲੇ ਸਮਾਗਮ ਦਾ ਰੂਪ ਦਿੱਤਾ ਗਿਆ। ਇੱਥੇ ਨਕਲੀ ਬੁੱਧੀ ਨਾਲ ਤਿਆਰ ਕੀਤੀਆਂ ਮੂਰਤੀਆਂ, ਮਨੁੱਖੀ ਆਕਾਰ ਦੇ ਰੋਬੋਟ, ਤਸਵੀਰਾਂ ਖਿੱਚਣ ਵਾਲੇ ਆਧੁਨਿਕ ਕੈਮਰਾ ਯੰਤਰ, ਚਿੱਤਰ ਬਣਾਉਣ ਵਾਲੇ ਰੋਬੋਟ, ਬੇਲਾ ਰੋਬੋਟ, ਨੱਚਣ ਵਾਲੇ ਰੋਬੋਟ, ਸਾਈਕਲ ਦੌੜ ਅਤੇ ਸੰਵਰਧਿਤ ਹਕੀਕਤ ਰਾਹੀਂ ਕ੍ਰਿਕਟ ਖੇਡਣ ਵਰਗੇ ਕਈ ਆਧੁਨਿਕ ਤਕਨੀਕੀ ਆਕਰਸ਼ਣ ਪੇਸ਼ ਕੀਤੇ ਗਏ। ਇਨ੍ਹਾਂ ਰਾਹੀਂ ਵਿਦਿਆਰਥੀਆਂ ਅਤੇ ਹੋਰ ਹਾਜ਼ਰੀਨ ਨੂੰ ਨਵੀਂ ਤਕਨਾਲੋਜੀ ਨਾਲ ਸਿੱਧਾ ਜੁੜਨ ਅਤੇ ਇਸ ਦੀ ਕਾਰਜਪ੍ਰਣਾਲੀ ਨੂੰ ਸਮਝਣ ਦਾ ਮੌਕਾ ਮਿਲਿਆ। ਆਵਿਸ਼ਕਾਰ 2026ਦਾ ਇੱਕ ਹੋਰ ਅਹਿਮ ਪਹਿਲੂ ਨਿਵੇਸ਼ਕਾਂ ਦੀ ਵੱਡੀ ਸ਼ਮੂਲੀਅਤ ਰਹੀ।
ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਰਸ਼ਪਾਲ ਸਿੰਘ ਧਾਲੀਵਾਲ, ਸੰਸਥਾਪਕ ਅਤੇ ਚਾਂਸਲਰ, ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਨੇ ਕਿਹਾ ਕਿ ਭਾਰਤ ਦੀ ਸਭ ਤੋਂ ਵੱਡੀ ਤਾਕਤ ਇਸ ਦੇ ਨੌਜਵਾਨਾਂ ਦੀ ਕਲਪਨਾਸ਼ੀਲਤਾ, ਉੱਦਮੀ ਸੋਚ ਅਤੇ ਨਵੀਨਤਾ ਦੀ ਸਮਰੱਥਾ ਹੈ। ਉਨ੍ਹਾਂ ਕਿਹਾ ਕਿ ਆਵਿਸ਼ਕਾਰ 2026ਰਾਹੀਂ ਯੂਨੀਵਰਸਿਟੀ ਅਜਿਹਾ ਮਾਹੌਲ ਸਿਰਜਣਾ ਚਾਹੁੰਦੀ ਹੈ, ਜਿੱਥੇ ਗਿਆਨ ਨਵੀਨਤਾ ਵਿੱਚ, ਨਵੀਨਤਾ ਉੱਦਮਤਾ ਵਿੱਚ ਅਤੇ ਤਕਨਾਲੋਜੀ ਸਮਾਜ ਦੀਆਂ ਅਸਲ ਲੋੜਾਂ ਦੇ ਹੱਲ ਵਿੱਚ ਤਬਦੀਲ ਹੋ ਸਕੇ। ਉਨ੍ਹਾਂ ਅੱਗੇ ਕਿਹਾ ਕਿ ਸੰਸਥਾ ਦਾ ਉਦੇਸ਼ ਨੌਜਵਾਨਾਂ ਨੂੰ ਜ਼ਿੰਮੇਵਾਰੀ ਨਾਲ ਨਕਲੀ ਬੁੱਧੀ ਦੀ ਵਰਤੋਂ ਕਰਨ ਅਤੇ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਲਈ ਤਿਆਰ ਕਰਨਾ ਹੈ।
ਇਸੇ ਤਰ੍ਹਾਂ ਅਰਸ਼ ਧਾਲੀਵਾਲ, ਮੈਨੇਜਿੰਗ ਡਾਇਰੈਕਟਰ, ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਨੇ ਕਿਹਾ ਕਿ ਆਵਿਸ਼ਕਾਰ 2026 ਯੂਨੀਵਰਸਿਟੀ ਦੀ ਸਿੱਖਿਆ ਨੂੰ ਨਵੀਨਤਾ, ਖੋਜ ਅਤੇ ਉੱਦਮਤਾ ਨਾਲ ਜੋੜਨ ਦੀ ਵਚਨਬੱਧਤਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਨਵੇਂ ਕਾਰੋਬਾਰੀ ਉੱਦਮਾਂ, ਨਿਵੇਸ਼ਕਾਂ, ਤਕਨੀਕੀ ਮਾਹਿਰਾਂ ਅਤੇ ਵਿਦਿਆਰਥੀਆਂ ਨੂੰ ਇੱਕ ਮੰਚ 'ਤੇ ਲਿਆ ਕੇ ਅਜਿਹਾ ਮਾਹੌਲ ਤਿਆਰ ਕੀਤਾ ਜਾ ਰਿਹਾ ਹੈ, ਜਿੱਥੇ ਨਵੇਂ ਵਿਚਾਰਾਂ ਨੂੰ ਪਰਖਣ, ਵਿਕਸਿਤ ਕਰਨ ਅਤੇ ਵੱਡੇ ਪੱਧਰ 'ਤੇ ਲਾਗੂ ਕਰਨ ਦੇ ਮੌਕੇ ਮਿਲ ਸਕਣ। ਉਨ੍ਹਾਂ ਅਨੁਸਾਰ ਯੂਨੀਵਰਸਿਟੀ ਦਾ ਉਦੇਸ਼ ਨੌਜਵਾਨਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਤਕਨਾਲੋਜੀ ਦੀ ਅਗਵਾਈ ਕਰਨ ਦੇ ਯੋਗ ਬਣਾਉਣਾ ਹੈ।
'ਭਾਰਤ ਲਈ ਆਰਟੀਫੀਸ਼ਅਲ ਇੰਟੈਲੀਜ਼ੈੱਸ਼ ਦੇ ਵਿਸ਼ਾਲ ਉਦੇਸ਼ ਨੂੰ ਸਮਰਪਿਤ ਇਸ ਮੇਲੇ ਨੇ ਇਹ ਸੰਦੇਸ਼ ਦਿੱਤਾ ਕਿ ਏ ਆਈ ਸਿਰਫ਼ ਆਧੁਨਿਕ ਤਕਨਾਲੋਜੀ ਨਹੀਂ, ਸਗੋਂ ਭਾਰਤ ਦੀਆਂ ਬਦਲਦੀਆਂ ਲੋੜਾਂ ਦੇ ਹੱਲ, ਆਰਥਿਕ ਵਿਕਾਸ ਅਤੇ ਸਮਾਜਿਕ ਤਰੱਕੀ ਦਾ ਇੱਕ ਮਹੱਤਵਪੂਰਨ ਸਾਧਨ ਬਣ ਸਕਦੀ ਹੈ। ਨਵੇਂ ਕਾਰੋਬਾਰੀ ਉੱਦਮਾਂ, ਵਿਦਿਆਰਥੀ ਨਵੀਨਤਾਵਾਂ, ਮਾਹਿਰਾਂ ਦੀਆਂ ਚਰਚਾਵਾਂ, ਤਕਨੀਕੀ ਪ੍ਰਦਰਸ਼ਨੀਆਂ ਅਤੇ ਨਿਵੇਸ਼ਕਾਂ ਦੀ ਭਾਗੀਦਾਰੀ ਰਾਹੀਂ ਆਵਿਸ਼ਕਾਰ 2026ਨੇ ਵਿਚਾਰ ਤੋਂ ਲੈ ਕੇ ਉਤਪਾਦ ਅਤੇ ਨਿਵੇਸ਼ ਤੱਕ ਦੀ ਪੂਰੀ ਨਵੀਨਤਾ ਪ੍ਰਕਿਰਿਆ ਨੂੰ ਇੱਕ ਮੰਚ 'ਤੇ ਪੇਸ਼ ਕੀਤਾ।
- Download Babushahi App
-
-