Babushahi Special ਬਦਮਾਸ਼ਾਂ ਤੋਂ ਫੜੇ ਜਾਂਦੇ ਵਿਦੇਸ਼ੀ ‘ਗਲੌਕ’ ਪਿਸਤੌਲ ਨੇ ਸੁਰੱਖਿਆ ਏਜੰਸੀਆਂ ਦੀ ਨੀਂਦ ਉਡਾਈ
ਅਸ਼ੋਕ ਵਰਮਾ
ਬਠਿੰਡਾ , 1 ਜੁਲਾਈ 2026 : ਮੰਗਲਵਾਰ ਨੂੰ ਪੰਜਾਬ ਪੁਲਿਸ ਦੀ ਏਜੀਟੀਐਫ ਅਤੇ ਬਦਮਾਸ਼ਾਂ ਵਿਚਕਾਰ ਹੋਏ ਮੁਕਾਬਲੇ ਮਗਰੋਂ ਬਰਾਮਦ ਕੀਤੇ ‘ ਇੱਕ 9 ਐਮ ਐਮ ਗਲੌਕ’ ਪਿਸਤੌਲ ਸਮੇਤ ਇੰਨ੍ਹਾਂ ਪਿਸਤੌਲਾਂ ਦੀ ਲਗਾਤਾਰ ਹੋ ਰਹੀ ਬਰਾਮਦਗੀ ਨੇ ਸੁਰੱਖਿਆ ਏਜੰਸੀਆਂ ਦੀ ਨੀਂਦ ਉਡਾ ਦਿੱਤੀ ਹੈ। ਪੁਲਿਸ ਨਾਲ ਇਹ ਮੁਕਾਬਲਾ ਸਰਹਿੰਦ ਨਹਿਰ ਦੀ ਪਟੜੀ ’ਤੇ ਹੋਇਆ ਜਦੋਂ ਕਾਰਵਾਈ ਦੌਰਾਨ ਬਦਮਾਸ਼ਾਂ ਨੇ ਪੁਲਿਸ ’ਤੇ ਫਾਇਰਿੰਗ ਕਰ ਦਿੱਤੀ। ਜਵਾਬੀ ਕਾਰਵਾਈ ਦੌਰਾਨ ਪੁਲਿਸ ਨੇ ਗੋਲੀ ਚਲਾਈ ਜੋ ਇੱਕ ਬਦਮਾਸ਼ ਦੀ ਲੱਤ ’ਤੇ ਲੱਗੀ ਜਿਸ ਨਾਲ ਉਹ ਜਖਮੀ ਹੋ ਗਿਆ। ਟਾਸਕ ਫੋਰਸ ਨੇ ਮੁਸਤੈਦੀ ਨਾਲ ਜਖਮੀ ਬਦਮਾਸ਼ ਦੇ ਤਿੰਨ ਸਾਥੀਆਂ ਨੂੰ ਦਬੋਚ ਲਿਆ। ਪੁਲਿਸ ਨੇ ਬਦਮਾਸ਼ਾਂ ਦੇ ਕਬਜੇ ਚੋਂ ਬੁਲੇਟ ਅਤੇ ਇੱਕ ਮੋਟਰਸਾਈਕਲ ਤੋਂ ਇਲਾਵਾ ਦੋ ਨਜਾਇਜ ਪਿਸਤੌਲ ਬਰਾਮਦ ਕੀਤੇ ਹਨ ਜਿੰਨ੍ਹਾਂ ’ਚ ਇੱਕ ‘ਗਲੌਕ’ ਪਿਸਤੌਲ ਵੀ ਸ਼ਾਮਲ ਹੈ ਜੋ ਸੁਰੱਖਿਆ ਏਜੰਸੀਆਂ ਲਈ ਚਿੰਤਾ ਦਾ ਸਬੱਬ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ ’ਚ ‘ਗਲੌਕ’ ਪਿਸਤੌਲ ’ਤੇ ਪਾਬੰਦੀ ਲੱਗੀ ਹੋਈ ਹੈ। ਮੁਲਕ ਵਿੱਚ ਇਸ ਪਿਸਤੌਲ ਨੂੰ ਭਾਰਤੀ ਫੌਜ , ਪੁਲਿਸ , ਅਰਧ ਸੈਨਿਕ ਬਲ, ਅਤੇ ਐਨਐਸਜੀ ਜਾਂ ਐਸਪੀਜੀ ਵਰਗੇ ਕਮਾਂਡੋ ਦਸਤਿਆਂ ਵੱਲੋਂ ਵਰਤਿਆ ਜਾ ਸਕਦਾ ਹੈ। ਮੂਲ ਰੂਪ ’ਚ ਇਹ ਪਿਸਤੌਲ ਆਸਟਰੀਆ ਅਤੇ ਅਮਰੀਕਾ ’ਚ ਤਿਆਰ ਕੀਤੀ ਜਾਂਦੀ ਹੈ। ਪਤਾ ਲੱਗਿਆ ਹੈ ਕਿ ਕੰਪਨੀ ਨੇ ਤਾਮਿਲਨਾਡੂ ਵਿੱਚ ਗਲੌਕ ਪਿਸਤੌਲ ਦੇ ਨਿਰਮਾਣ ਲਈ ਫੈਕਟਰੀ ਲਾਈ ਹੈ ਲੇਕਿਨ ਹਥਿਆਰਾਂ ਦਾ ਲਾਈਸੰਸਧਾਰਕ ਵੀ ਫਿਲਹਾਲ ਇਸ ਦੀ ਵਰਤੋਂ ਨਹੀਂ ਕਰ ਸਕਦਾ ਹੈ। ਪਹਿਲੀ ਵਾਰ ‘ਗਲੌਕ ਪਿਸਤੌਲ ’ ਉਦੋਂ ਚਰਚਾ ’ਚ ਆਇਆ ਸੀ ਜਦੋਂ ਸਿੱਧੂ ਮੂਸੇਵਾਲਾ ਦੇ ਕਤਲ ’ਚ ਇਹ ਹਥਿਆਰ ਵਰਤਣ ਦੀ ਗੱਲ ਸਾਹਮਣੇ ਆਈ ਸੀ। ਇਹੋ ਕਾਰਨ ਹੈ ਕਿ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਕਿ ਆਖਿਰ ਅਜਿਹੇ ਪਾਬੰਦੀਸ਼ੁਦਾ ਹਥਿਆਰ ਬਦਮਾਸ਼ਾਂ ਕੋਲ ਕਿਸ ਤਰਾਂ ਅਤੇ ਕਿੱਥੋਂ ਆ ਰਹੇ ਹਨ।
ਸੁਰੱਖਿਆ ਮਾਹਿਰ ਦੱਸਦੇ ਹਨ ਕਿ ਗਲੌਕ ਪਿਸਤੌਲ ਰਾਹੀਂ 6 ਤੋਂ 36 ਰੌਂਦ ਤੱਕ ਦੀ ਮੈਗਜ਼ੀਨ ਵਰਤੀ ਜਾ ਸਕਦੀ ਹੈ ਜਦੋਂਕਿ ਭਾਰਤ ’ਚ ਇਸ ਪਿਸਤੌਲ ਰਾਹੀਂ 17 ਰੌਂਦ ਵਾਲੀ ਮੈਗਜ਼ੀਨ ਵਰਤਣ ਦੀ ਗੱਲ ਸਾਹਮਣੇ ਆਈ ਹੈ। ਉਂਜ ਵਿਸ਼ਵ ਦੇ 70 ਮੁਲਕਾਂ ਦੀਆਂ ਫੌਜਾਂ ਅਤੇ ਸੁਰੱਖਿਆ ਦਸਤਿਆਂ ਵੱਲੋ ਵਰਤਿਆ ਜਾਂਦਾ ਹੈ ਜਿੰਨ੍ਹਾਂ ’ਚ ਅਮਰੀਕਾ ਇੰਗਲੈਂਡ ਅਤੇ ਭਾਰਤ ਸ਼ਾਮਲ ਹਨ। ਸੁਰੱਖਿਆ ਹਲਕਿਆਂ ’ਚ ਗਲੌਕ ਪਿਸਤੌਲ ਸਭ ਤੋਂ ਹੌਲੇ ਅਤੇ ਛੋਟੇ ਹਥਿਆਰ ਦੇ ਤੌਰ ’ਤੇ ਜਾਣੇ ਜਾਂਦੇ ਹਨ। ਗਲੌਕ ਦੀ ਸਭ ਤੋਂ ਵੱਡੀ ਖਾਸੀਅਤ ਇਸ ਦੀ ਬਨਾਵਟ ਹੈ ਜਿਸ ਕਰਕੇ ਇਸ ਨੂੰ ਚੁੱਕਣਾ, ਲੁਕਾਉਣਾ ਅਤੇ ਵਰਤਣਾ ਕਾਫੀ ਅਸਾਨ ਹੈ। ਗਲੌਕ ਦੀ ਰੇਂਜ 50 ਮੀਟਰ ਤੱਕ ਹੈ ਅਤੇ ਸਾਹਮਣੇ ਵਾਲੇ ਨੂੰ ਇਸ ਦੀ ਗੋਲੀ ਕਾਫੀ ਤੇਜ ਰਫਤਾਰ ਨਾਲ ਵੱਜਦੀ ਹੈ। ਆਪਣੀਆਂ ਇੰਨ੍ਹਾਂ ਵਿਸ਼ੇਸ਼ਤਾਵਾਂ ਕਾਰਨ ਹੀ ਗਲੌਕ ਗੈਂਗਸਟਰਾਂ ਅਤੇ ਅਪਰਾਧੀਆਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ।
ਸੁਰੱਖਿਆ ਏਜੰਸੀਆਂ ਦਾ ਕਹਿਣਾ ਹੈ ਕਿ ਹਾਈਟੈਕ ਅਤੇ ਘਾਤਕ ਮੰਨੀ ਜਾਂਦੀ ਗਲੌਕ ਪਿਸਤੌਲ ਮੁੱਖ ਰੂਪ ’ਚ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਇਲਾਕਿਆਂ ’ਚ ਡਰੋਨ ਦੇ ਜਰੀਏ ਭਾਰਤ ’ਚ ਤਸਕਰੀ ਕਰਕੇ ਲਿਆਂਦੀ ਜਾ ਰਹੀ ਹੈ। ਇਹ ਪਹਿਲੀ ਵਾਰ ਨਹੀਂ ਹੋਇਆ ਬਲਕਿ ਸਰਹੱਦੀ ਸੂਬਾ ਹੋਣ ਕਾਰਨ ਪੰਜਾਬ ’ਚ ਗਲਾਕ ਪਿਸਤੌਲ ਬਰਾਮਦ ਹੋਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਤਰਾਂ ਦੇ ਖਤਰਨਾਕ ਹਥਿਆਰ ਪੰਜਾਬ ’ਚ ਪਹੁੰਚਾਉਣ ਦਾ ਮਕਸਦ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇਣਾ ਅਤੇ ਸੂਬੇ ’ਚ ਅਮਨ ਸ਼ਾਂਤੀ ਨੂੰ ਭੰਗ ਕਰਨਾ ਹੁੰਦਾ ਹੈ। ਪਿਛਲੇ ਰਿਕਾਰਡ ਅਨੁਸਾਰ ਇਸੇ ਸਾਲ ਜਨਵਰੀ ਮਹੀਨੇ ਦੌਰਾਨ ਕਾਊਂਟਰ ਇੰਟੈਲੀਜੈਂਸੀ ਬਠਿੰਡਾ ਦੀ ਟੀਮ ਨੇ ਇੱਕ ਆਪਰੇਸ਼ਨ ਦੌਰਾਨ ਵਿਦੇਸ਼ ’ਚ ਬੈਠੇ ਗੈਂਗਸਟਰ ਅਰਸ਼ ਡੱਲਾ ਨਾਲ ਜੁੜੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 4 ਪਿਸਤੌਲ ਬਰਾਮਦ ਕੀਤੇ ਸਨ ਜਿੰਨ੍ਹਾਂ ’ਚ ਇੱਕ ਗਲਾਕ ਪਿਸਤੌਲ ਵੀ ਸ਼ਾਮਲ ਸੀ।
ਸਾਲ 2025 ’ਚ ਅਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ 5 ਗਲਾਕ ਪਿਸਤੌਲ ਅਤੇ 4 ਮੈਗਜ਼ੀਨ ਬਰਾਮਦ ਕੀਤੇ ਸਨ। ਇਸੇ ਤਰਾਂ ਹੀ ਭਾਰਤ ਪਕਿਸਤਾਨ ਸਰਹੱਦ ’ਤੇ ਬੀਐਸਐਫ ਦੀ 101 ਬਟਾਲੀਅਨ ਅਤੇ ਥਾਣਾ ਖੇਮਕਰਨ ਪੁਲਿਸ ਨੇ ਇੱਕ ਪੈਕਟ ਚੋ ਦੋ ਗਲੌਕ ਪਿਸਤੌਲ ਬਰਾਮਦ ਕੀਤੇ ਸਨ। ਏਦਾਂ ਹੀ ਤਰਨ ਤਾਰਨ ਜਿਲ੍ਹੇ ਦੇ ਇੱਕ ਪਿੰਡ ’ਚ ਆਪਰੇਸ਼ਨ ਦੌਰਾਨ 4 ਅਤੀਆਧੁਨਿਕ ਗਲਾਕ ਪਿਸਤੌਲ ਬਰਾਮਦ ਕੀਤੇ ਗਏ ਸਨ। ਪੁਲਿਸ ਸੂਤਰਾਂ ਦਾ ਦੱਸਣਾ ਹੈ ਕਿ ਤਰਨ ਤਾਰਨ ਅਤੇ ਅੰਮ੍ਰਿਤਸਰ ਜਿਲਿ੍ਹਆਂ ’ਚ ਇੱਕ ਦਰਜਨ ਤੋਂ ਵੱਧ ਗਲੌਕ ਪਿਸਤੌਲ ਬਰਾਮਦ ਕੀਤੇ ਜਾ ਚੁੱਕੇ ਹਨ। ਜਲੰਧਰ ਦਿਹਾਤੀ ਪੁਲਿਸ ਨੇ ਵੀ ਚੀਨ ਦਾ ਬਣਿਆ ਹੋਇਆ ਗਲੌਕ ਪਿਸਤੌਲ ਬਰਾਮਦ ਕੀਤਾ ਸੀ। ਚੰਡੀਗੜ੍ਹ ਗਰਨੇਡ ਹਮਲੇ ਸਬੰਧੀ ਗ੍ਰਿਫਤਾਰ ਰੋਹਨ ਮਸੀਹ ਤੋਂ ਵੀ ਗਲੌਕ ਪਿਸਤੌਲ ਮਿਲਿਆ ਸੀ। ਇਹ ਕੁੱਝ ਮਿਸਾਲਾਂ ਹਨ ਪੁਲਿਸ ਦੀ ਚੌਕਸੀ ਕਾਰਨ ਬਰਾਮਦ ਹਥਿਆਰਾਂ ਦੀ ਸੂਚੀ ਕਾਫੀ ਲੰਬੀ ਹੈ।
ਪੁਲਿਸ ਚੌਕਸੀ ਦਾ ਸਿੱਟਾ: ਡੀਜੀਪੀ
ਡੀਜੀਪੀ ਗੌਰਵ ਯਾਦਵ ਦਾ ਕਹਿਣਾ ਸੀ ਕਿ ਜਿਆਦਾਤਰ ਤਸਕਰਾਂ ਦਾ ਸਿੱਧਾ ਸਬੰਧ ਪਾਕਿਸਤਾਨ ਨਾਲ ਹੁੰਦਾ ਹੈ ਜੋ ਸਰਹੱਦ ਪਾਰ ਤੋਂ ਡਰੱਗ ਅਤੇ ਹਥਿਆਰ ਮੰਗਵਾਉਣ ਲਈ ਡਰੋਨ ਦੀ ਵਰਤੋਂ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਪੂਰੀ ਤਰਾਂ ਮੁਸਤੈਦ ਹੈ ਅਤੇ ਇਸੇ ਮੁਸਤੈਦੀ ਕਾਰਨ ਹੀ ਗਲੌਕ ਪਿਸਤੌਲਾਂ ਸਮੇਤ ਹੋਰ ਵੀ ਹਥਿਆਰ ਬਰਾਮਦ ਕੀਤੇ ਜਾ ਰਹੇ ਹਨ।
- Download Babushahi App
-
-