BIG BREAKING- ਵਿਜੀਲੈਂਸ ਵੱਲੋਂ ਚਲਾਨ ਪੇਸ਼ ਕਰਨ ਤੋਂ ਬਾਅਦ ਮਜੀਠੀਆ ਦੀ ਪਿੱਠ ’ਤੇ ਆਈ ਕਾਂਗਰਸ
ਅਸ਼ੋਕ ਵਰਮਾ
ਬਠਿੰਡਾ , 28 ਅਕਤੂਬਰ 2026 : ਵਿਜੀਲੈਂਸ ਵੱਲੋਂ ਅੱਜ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ ਚਲਾਨ ਪੇਸ਼ ਕਰਨ ਤੋਂ ਬਾਅਦ ਪੰਜਾਬ ਕਾਂਗਰਸ, ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਪਿੱਠ ’ਤੇ ਆ ਗਈ ਹੈ। ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ ਨੇ ਵਿਜੀਲੈਂਸ ਵੱਲੋਂ ਮਜੀਠੀਆ ਖਿਲਾਫ ਚਾਰਜਸ਼ੀਟ ਪੇਸ਼ ਕਰਨ ਨੂੰ ਪੰਜਾਬ ਸਰਕਾਰ ਦੀ ਸਿਆਸੀ ਰੰਜਿਸ਼ ਤਹਿਤ ਕਾਰਵਾਈ ਕਰਾਰ ਦਿੰਦਿਆਂ ਤਿੱਖੀ ਪ੍ਰਤੀਕਿਰਿਆ ਪ੍ਰਗਟ ਕੀਤੀ ਹੈ। ਡੈਨੀ ਅੱਜ ਸੰਗਰੂਰ ਰੈਲੀ ਲਈ ਕਾਂਗਰਸੀ ਵਰਕਰਾਂ ਨੂੰ ਲਾਮਬੰਦ ਕਰਨ ਲਈ ਬਠਿੰਡਾ ਪੁੱਜੇ ਸਨ ਜਿੱਥੇ ਉਨ੍ਹਾਂ ਨੇ ਮਜੀਠੀਆ ਦੇ ਹੱਕ ‘ਚ ਹਾਅ ਦਾ ਨਾਅਰਾ ਮਾਰਿਆ ਅਤੇ ਕਿਹਾ ਕਿ ਇਸ ਪੰਜਾਬ ਸਰਕਾਰ ਦੀ ਇਸ ਕਾਰਵਾਈ ਤੋਂ ਸਾਬਤ ਹੁੰਦਾ ਹੈ ਕਿ ਵਿਰੋਧੀਆਂ ਦੀ ਆਵਾਜ਼ ਦਬਾਉਣ ਲਈ ਏਜੰਸੀਆਂ ਨੂੰ ਵਰਤਿਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਖੁਦ ਨੂੰ ਆਮ ਆਦਮੀ ਦੀ ਸਰਕਾਰ ਅਖਵਾਉਣ ਵੀ ਭਾਜਪਾ ਵਾਲੇ ਹੱਥਕੰਡਿਆਂ ’ਤੇ ਉੱਤਰ ਆਈ ਹੈ।
ਡੈਨੀ ਨੇ ਪੰਜਾਬ ਸਰਕਾਰ ਨੂੰ ਕਰੜੇ ਹੱਥੀ ਲੈਂਦਿਆਂ ਨਸੀਹਤ ਦਿੱਤੀ ਕਿ ਮਾਨ ਸਰਕਾਰ ਵਿਰੋਧੀਆਂ ਨੂੰ ਦਬਾਉਣ ਦੀ ਥਾਂ ਨਸ਼ਾ ਸਮਗਲਰਾਂ ਤੇ ਗੈਂਗਸਟਰਾਂ ਖਿਲਾਫ ਕਾਰਵਾਈ ਕਰੇ ਅਤੇ ਉਹਨਾਂ ਨੂੰ ਫੜਕੇ ਜੇਲ੍ਹਾਂ ਵਿੱਚ ਸੁੱਟੇ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਕੀਤਾ ਜਾਂਦਾ ਹੈ ਤਾਂ ਹੀ ਪੰਜਾਬ ਸਰਕਾਰ ਦਾ ਰੰਗਲਾ ਪੰਜਾਬ ਬਣਾਉਣ ਦਾ ਸਪਨਾ ਸਾਕਾਰ ਹੋਵੇਗਾ ਜਦੋਂਕਿ ‘ਆਪ’ ਸਰਕਾਰ ਦੀਆਂ ਮਾੜੀਆਂ ਨੀਤੀਆਂ ਨੇ ਰੰਗਲੇ ਪੰਜਾਬ ਨੂੰ ਗੰਧਲਾ ਪੰਜਾਬ ਬਣਾਕੇ ਰੱਖ ਦਿੱਤਾ ਹੈ । ਉਨ੍ਹਾਂ ਕਿਹਾ ਕਿ ਅਮਨ ਕਾਨੂੰਨ ਦੀ ਸਥਿਤੀ ਦਾ ਬੁਰਾ ਹਾਲ ਹੈ ਅਤੇ ਦਿਨ ਦਿਹਾੜੇ ਕਤਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਗੈਂਗਸਟਰਾਂ ਦਾ ਬੋਲਬਾਲਾ ਹੈ ਅਤੇ ਨਸ਼ਿਆਂ ਨਾਲ ਨੌਜਵਾਨ ਮਰ ਰਹੇ ਹਨ ਪਰ ਸਰਕਾਰ ਸੁੱਤੀ ਪਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਰਵਿੰਦਰ ਸਿੰਘ ਝੋਟਾ ਦਾ ਕਤਲ ਸਰਕਾਰ, ਪੁਲਿਸ ਅਤੇ ਨਸ਼ਾ ਤਸਕਰਾਂ ਦੇ ਗੱਠਜੋੜ ਦਾ ਨਤੀਜਾ ਹੈ ਜਿਸ ਕਰਕੇ ਜਮੀਨੀ ਪੱਧਰ ’ਤੇ ਧਿਆਨ ਦੇਣ ਦੀ ਲੋੜ ਹੈ।
ਤੀਰਥ ਯਾਤਰਾ ਸਕੀਮ ’ਤੇ ਸਵਾਲ ਚੁੱਕਦਿਆਂ ਡੈਨੀ ਨੇ ਕਿਹਾ ਕਿ ਇਹ ਖਜਾਨੇ ’ਤੇ ਫਾਲਤੂ ਦਾ ਬੋਝ ਪਾਇਆ ਜਾ ਰਿਹਾ ਹੈ ਕਿਉਂਕਿ ਪੰਜਾਬ ਸਰਕਾਰ ਨੇ ਦਿੱਲੀ ਦੀ ਕੰਪਨੀ ਨੂੰ ਠੇਕਾ ਦੇ ਕੇ ਹੋਰਨਾਂ ਸੂਬਿਆਂ ਦੀਆਂ ਬੱਸਾਂ ਨੂੰ ਲਾਭ ਪਹੁੰਚਾਇਆ ਹੈ ਜਦੋਂਕਿ ਕੋਈ ਬੱਸ ਪੰਜਾਬ ਦੀ ਨਹੀਂ ਹੈ। ਇਸ ਤੋਂ ਪਹਿਲਾਂ ਸੁਖਵਿੰਦਰ ਸਿੰਘ ਡੈਨੀ ਨੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਰਾਜਨ ਗਰਗ ਅਤੇ ਦਿਹਾਤੀ ਜਿਲ੍ਹਾ ਪ੍ਰਧਾਨ ਪ੍ਰੀਤਮ ਸਿੰਘ ਕੋਟਭਾਈ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਕੀਤੀ ਤੇ ਰੈਲੀ ’ਚ ਸ਼ਮੂਲੀਅਤ ਲਈ ਉਹਨਾਂ ਦੀਆਂ ਡਿਊਟੀਆਂ ਲਾਈਆਂ । ਡੈਨੀ ਨੇ ਦਾਅਵਾ ਕੀਤਾ ਕਿ 4 ਨਵੰਬਰ ਦੀ ਸੰਗਰੂਰ ਰੈਲੀ ਸੁਪਰ ਹਿੱਟ ਹੋਵੇਗੀ ਜੋ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਨਾਉਣ ਦਾ ਮੁੱਢ ਬੰਨ੍ਹੇਗੀ। ਇਸ ਮੌਕੇ ਡੈਨੀ ਨੇ ਕਿਹਾ ਕਿ ਸੰਗਰੂਰ ਰੈਲੀ ਲਈ ਕਾਂਗਰਸ ਪਾਰਟੀ ਇੱਕਜੁੱਟ ਹੋ ਕੇ ਤਿਆਰੀਆਂ ਕਰ ਰਹੀ ਹੈ ਜਿਸ ਦੇ ਨਤੀਜੇ ਸਾਰਥਕ ਹੋਣਗੇ।
ਕਾਂਗਰਸੀ ਵਰਕਰਾਂ ਦੀ ਪਿੱਠ ਥਾਪੜਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਦੀ ਅਗਾਮੀ ਸਰਕਾਰ ਉਨ੍ਹਾਂ ਦੀ ਹੋਵੇਗੀ ਜੋ ਪਾਰਟੀ ਦੀ ਮਜਬੂਤੀ ਲਈ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੌਰਾਨ ਵਰਕਰਾਂ ਦੇ ਸੁਣਵਾਈ ਹੋਵੇਗੀ ਨਾ ਕਿ ਲੀਡਰਾਂ ਦੀ ਬਿਨਾਂ ਮਤਲਬੋਂ ਪੁਸ਼ਤਪਨਾਹੀ ਕੀਤੀ ਜਾਏਗੀ। ਉਹਨਾਂ ਕਿਹਾ ਕਿ ਪੰਜਾਬ ਦੇ ਵਿਗੜਦੇ ਹਾਲਾਤ ਨੂੰ ਨੱਥ ਪਾਉਣ ਅਤੇ ਖੁਸ਼ਹਾਲੀ ਲਈ ਕਾਂਗਰਸ ਦੇ ਹੱਥ ਮਜਬੂਤ ਕਰਨਾ ਸਮੇਂ ਦੀ ਲੋੜ ਹੈ। ਉਹਨਾਂ ਕਿਹਾ ਕਿ ਕਾਲੇ ਦੌਰ ਦੌਰਾਨ ਵੀ ਕਾਂਗਰਸ ਨੇ ਕੁਰਬਾਨੀਆਂ ਦੇ ਕੇ ਪੰਜਾਬ ’ਚ ਅਮਨ ਸ਼ਾਂਤੀ ਕਾਇਮ ਕੀਤੀ ਅਤੇ ਤਾਜਾ ਹਾਲਾਤਾਂ ਨੂੰ ਦੇਖਦਿਆਂ ਕਾਂਗਰਸ ਨੂੰ ਅੱਗੇ ਲਿਆਉਣਾ ਪਵੇਗਾ। ਇਸ ਮੌਕੇ ਉਹਨਾਂ ਕਾਂਗਰਸੀ ਲੀਡਰਸ਼ਿਪ ਅਤੇ ਵਰਕਰਾਂ ਨੂੰ ਸੰਗਰੂਰ ਰੈਲੀ ਸਫਲ ਬਣਾਉਣ ਲਈ ਤਨ ਮਨ ਨਾਲ ਜੁਟਣ ਦਾ ਸੱਦਾ ਦਿੱਤਾ। ਇਸ ਮੌਕੇ ਕੇਕੇ ਅਗਰਵਾਲ , ਟਹਿਲ ਸਿੰਘ ਸੰਧੂ ਅਤੇ ਪ੍ਰੈਸ ਮੀਡੀਆ ਇੰਚਾਰਜ ਰੁਪਿੰਦਰ ਬਿੰਦਰਾ ਸਮੇਤ ਵੱਡੀ ਗਿਣਤੀ ਕਾਂਗਰਸੀ ਵਰਕਰ ਅਤੇ ਅਹੁਦੇਦਾਰ ਹਾਜ਼ਰ ਸਨ ।
- Download Babushahi App
-
-