“ਸਵੱਛਤਾ ਹੀ ਸੇਵਾ” ਦਾ ਸੰਦੇਸ਼ ਲੈ ਕੇ ਵਿਦਿਆਰਥੀਆਂ ਨੇ ਸੰਵਾਰਿਆ ਕਾਲਜ ਕੈਂਪਸ; ਪ੍ਰਿੰਸੀਪਲ ਪ੍ਰੋ. (ਡਾ.) ਅਸ਼ਵਨੀ ਕੁਮਾਰ ਭੱਲਾ ਨੇ ਖੁਦ ਸਫਾਈ ਕਰਕੇ ਦਿੱਤੀ ਅਗਵਾਈ
ਰੋਹਿਤ ਗੁਪਤਾ
ਗੁਰਦਾਸਪੁਰ, 2, ਅਕਤੂਬਰ 2026: ਗਾਂਧੀ ਜਯੰਤੀ ਦੇ ਉਪਲਕਸ਼ ਵਿੱਚ ਮਹਾਤਮਾ ਗਾਂਧੀ ਜੀ ਦੀ ਸਵੱਛਤਾ ਦੀ ਸੋਚ ਅਤੇ “ਸਵੱਛਤਾ ਹੀ ਸੇਵਾ” ਦੇ ਸੰਦੇਸ਼ ਨੂੰ ਸਮਰਪਿਤ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ (ਅਸ਼ੋਕ ਚੱਕਰ) ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਪ੍ਰਿੰਸੀਪਲ, ਟੀਚਿੰਗ ਸਟਾਫ, ਨਾਨ-ਟੀਚਿੰਗ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਸਾਂਝੇ ਤੌਰ ’ਤੇ ਵਿਸ਼ੇਸ਼ ਸਫਾਈ ਅਭਿਆਨ ਚਲਾਇਆ ਗਿਆ। ਇਹ ਸਵੱਛਤਾ ਸੰਕਲਪ ਪ੍ਰੋਗਰਾਮ ਸਮਰਪਣ ਸੋਸਾਇਟੀ ਗੁਰਦਾਸਪੁਰ ਦੇ ਚੇਅਰਮੈਨ-ਕਮ-ਡਿਪਟੀ ਕਮਿਸ਼ਨਰ ਸ੍ਰੀ ਅਦਿਤਿਆ ਉੱਪਲ ਜੀ ਦੀ ਸਰਪ੍ਰਸਤੀ ਹੇਠ ਆਯੋਜਿਤ ਕੀਤਾ ਗਿਆ।
ਇਸ ਪ੍ਰੋਗਰਾਮ ਦਾ ਉਦੇਸ਼ ਮਹਾਤਮਾ ਗਾਂਧੀ ਜੀ ਦੇ ਸਵੱਛਤਾ ਸੰਬੰਧੀ ਵਿਚਾਰਾਂ ਨੂੰ ਅਮਲੀ ਰੂਪ ਦੇਣ ਦੇ ਨਾਲ-ਨਾਲ ਵਿਦਿਆਰਥੀਆਂ ਵਿੱਚ ਸਵੱਛਤਾ, ਵਾਤਾਵਰਣ ਸੰਭਾਲ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ ਸੀ। ਇਸ ਮੌਕੇ ਇਹ ਸੰਦੇਸ਼ ਦਿੱਤਾ ਗਿਆ ਕਿ ਸਵੱਛਤਾ ਕਿਸੇ ਇੱਕ ਦਿਨ ਜਾਂ ਇੱਕ ਮੁਹਿੰਮ ਤੱਕ ਸੀਮਤ ਨਹੀਂ, ਸਗੋਂ ਇਹ ਸਾਡੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਅਤੇ ਸਾਂਝੀ ਸਮਾਜਿਕ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ।
ਅੱਜ ਦੇ ਸਫਾਈ ਅਭਿਆਨ ਦੇ ਨੋਡਲ ਅਫਸਰ ਡਾ. ਸਰਬਜੀਤ ਸਿੰਘ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਕਾਲਜ ਕੈਂਪਸ ਦੇ ਵੱਖ-ਵੱਖ ਹਿੱਸਿਆਂ ਵਿੱਚ ਸਫਾਈ ਕੀਤੀ। ਵਿਦਿਆਰਥੀਆਂ ਨੇ ਕੈਂਪਸ ਵਿੱਚ ਪਈਆਂ ਪਲਾਸਟਿਕ ਦੀਆਂ ਬੋਤਲਾਂ, ਰੈਪਰਾਂ ਅਤੇ ਹੋਰ ਪਲਾਸਟਿਕ ਕਚਰੇ ਨੂੰ ਇਕੱਠਾ ਕਰਕੇ ਨਿਰਧਾਰਤ ਡਸਟਬਿਨਾਂ ਵਿੱਚ ਪਾਇਆ। ਵਿਦਿਆਰਥੀਆਂ ਨੇ ਸਵੱਛਤਾ ਨੂੰ ਸਿਰਫ਼ ਇੱਕ ਦਿਨ ਦੀ ਗਤੀਵਿਧੀ ਨਾ ਸਮਝਦਿਆਂ ਇਸ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣ ਦਾ ਸੰਕਲਪ ਵੀ ਲਿਆ।
ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਪ੍ਰੋ. (ਡਾ.) ਅਸ਼ਵਨੀ ਕੁਮਾਰ ਭੱਲਾ ਨੇ ਖੁਦ ਵਿਦਿਆਰਥੀਆਂ ਅਤੇ ਸਟਾਫ ਨਾਲ ਮਿਲ ਕੇ ਸਫਾਈ ਅਭਿਆਨ ਵਿੱਚ ਹਿੱਸਾ ਲਿਆ ਅਤੇ ਕੂੜਾ ਇਕੱਠਾ ਕੀਤਾ। ਉਨ੍ਹਾਂ ਦੀ ਇਸ ਸ਼ਮੂਲੀਅਤ ਨੇ ਵਿਦਿਆਰਥੀਆਂ ਨੂੰ ਖੁਦ ਅੱਗੇ ਆ ਕੇ ਸਫਾਈ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਪ੍ਰੋ. (ਡਾ.) ਅਸ਼ਵਨੀ ਕੁਮਾਰ ਭੱਲਾ ਨੇ ਕਿਹਾ ਕਿ “ਸਵੱਛਤਾ ਕੇਵਲ ਸਾਡੇ ਆਲੇ-ਦੁਆਲੇ ਦੀ ਸਫਾਈ ਦਾ ਨਾਮ ਨਹੀਂ, ਸਗੋਂ ਇਹ ਸਾਡੀ ਸੋਚ, ਸਾਡੀ ਜ਼ਿੰਮੇਵਾਰੀ ਅਤੇ ਸਾਡੇ ਸੰਸਕਾਰਾਂ ਦਾ ਪ੍ਰਤੀਕ ਹੈ। ਜੇਕਰ ਅਸੀਂ ਆਪਣੇ ਕਾਲਜ ਨੂੰ ਸਾਫ਼ ਰੱਖਣਾ ਚਾਹੁੰਦੇ ਹਾਂ ਤਾਂ ਸਾਨੂੰ ਪਹਿਲਾਂ ਆਪਣੇ ਆਪ ਤੋਂ ਸ਼ੁਰੂਆਤ ਕਰਨੀ ਪਵੇਗੀ।”
ਉਨ੍ਹਾਂ ਕਿਹਾ ਕਿ ਪਲਾਸਟਿਕ ਦੀ ਬੋਤਲ ਜਾਂ ਰੈਪਰ ਨੂੰ ਕੂੜੇਦਾਨ ਵਿੱਚ ਪਾਉਣਾ ਇੱਕ ਛੋਟਾ ਜਿਹਾ ਕੰਮ ਜ਼ਰੂਰ ਹੈ, ਪਰ ਜਦੋਂ ਹਜ਼ਾਰਾਂ ਵਿਦਿਆਰਥੀ ਇਸ ਆਦਤ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲੈਂਦੇ ਹਨ ਤਾਂ ਇਸ ਦਾ ਸਮਾਜ ਅਤੇ ਵਾਤਾਵਰਣ ’ਤੇ ਵੱਡਾ ਪ੍ਰਭਾਵ ਪੈਂਦਾ ਹੈ। ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ “ਸਾਡਾ ਕੈਂਪਸ ਸਾਡਾ ਘਰ ਹੈ ਅਤੇ ਜਿਸ ਤਰ੍ਹਾਂ ਅਸੀਂ ਆਪਣੇ ਘਰ ਨੂੰ ਸਾਫ਼ ਰੱਖਦੇ ਹਾਂ, ਉਸੇ ਤਰ੍ਹਾਂ ਸਾਨੂੰ ਆਪਣੇ ਕਾਲਜ ਨੂੰ ਵੀ ਸਾਫ਼ ਰੱਖਣਾ ਚਾਹੀਦਾ ਹੈ।” ਉਨ੍ਹਾਂ ਕਿਹਾ ਕਿ ਕਾਲਜ ਸਿਰਫ਼ ਸਿੱਖਿਆ ਪ੍ਰਾਪਤ ਕਰਨ ਦੀ ਜਗ੍ਹਾ ਨਹੀਂ, ਬਲਕਿ ਜ਼ਿੰਮੇਵਾਰ ਨਾਗਰਿਕ ਪੈਦਾ ਕਰਨ ਦਾ ਕੇਂਦਰ ਵੀ ਹੈ। ਇਸ ਲਈ ਵਿਦਿਆਰਥੀਆਂ ਵਿੱਚ ਸਵੱਛਤਾ, ਵਾਤਾਵਰਣ ਸੰਭਾਲ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ ਸਿੱਖਿਆ ਦਾ ਅਹਿਮ ਹਿੱਸਾ ਹੈ।
ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਖੁਦ ਕੂੜਾ ਨਾ ਸੁੱਟਣ ਅਤੇ ਆਪਣੇ ਸਾਥੀਆਂ ਨੂੰ ਵੀ ਕੂੜਾ ਨਾ ਸੁੱਟਣ ਲਈ ਪ੍ਰੇਰਿਤ ਕਰਨ। ਉਨ੍ਹਾਂ ਕਿਹਾ ਕਿ “ਸਵੱਛਤਾ ਦੀ ਸ਼ੁਰੂਆਤ ਕਿਸੇ ਹੋਰ ਤੋਂ ਨਹੀਂ, ਸਗੋਂ ਆਪਣੇ ਆਪ ਤੋਂ ਹੁੰਦੀ ਹੈ।”
ਇਸ ਸਫਾਈ ਅਭਿਆਨ ਵਿੱਚ ਪ੍ਰੋਫੈਸਰ ਸੰਦੀਪ, ਕੈਂਪਸ ਇੰਚਾਰਜ, ਪ੍ਰੋਫੈਸਰ ਪਰਮਿੰਦਰ ਸੈਣੀ, ਸਕੱਤਰ ਐਲੂਮਨੀ ਐਸੋਸੀਏਸ਼ਨ, ਪ੍ਰੋਫੈਸਰ ਦਿਲਬਾਗ ਸਿੰਘ, ਪ੍ਰੋਫੈਸਰ ਕਰਨਜੀਤ ਸ਼ਰਮਾ, ਰਜਿਸਟਰਾਰ ਸੀਮਾ ਮਹਾਜਨ, ਪ੍ਰੋਫੈਸਰ ਰਾਜ ਕੌਰ ਅਤੇ ਪ੍ਰੋਫੈਸਰ ਤਰਨਵੀਰ ਕੌਰ ਸਮੇਤ ਹੋਰਨਾਂ ਅਧਿਆਪਕਾਂ ਅਤੇ ਨਾਨ-ਟੀਚਿੰਗ ਸਟਾਫ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਨੋਡਲ ਅਫਸਰ ਡਾ. ਸਰਬਜੀਤ ਸਿੰਘ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਕੈਂਪਸ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਪਲਾਸਟਿਕ ਦੀਆਂ ਬੋਤਲਾਂ, ਰੈਪਰਾਂ ਅਤੇ ਹੋਰ ਕਚਰਾ ਇਕੱਠਾ ਕਰਕੇ ਨਿਰਧਾਰਤ ਡਸਟਬਿਨਾਂ ਵਿੱਚ ਪਾਇਆ।
ਕਾਲਜ ਪ੍ਰਸ਼ਾਸਨ ਨੇ ਕਿਹਾ ਕਿ ਸਵੱਛ, ਹਰਿਆ-ਭਰਿਆ ਅਤੇ ਪਲਾਸਟਿਕ-ਮੁਕਤ ਕੈਂਪਸ ਬਣਾਉਣਾ ਸਿਰਫ਼ ਪ੍ਰਸ਼ਾਸਨ ਦੀ ਨਹੀਂ, ਬਲਕਿ ਹਰ ਵਿਦਿਆਰਥੀ, ਅਧਿਆਪਕ, ਨਾਨ-ਟੀਚਿੰਗ ਕਰਮਚਾਰੀ ਅਤੇ ਸਮੁੱਚੇ ਕਾਲਜ ਪਰਿਵਾਰ ਦੀ ਸਾਂਝੀ ਜ਼ਿੰਮੇਵਾਰੀ ਹੈ। ਮਹਾਤਮਾ ਗਾਂਧੀ ਜੀ ਦੀ ਸਵੱਛਤਾ ਦੀ ਸੋਚ ਨੂੰ ਅੱਗੇ ਵਧਾਉਂਦਿਆਂ “ਸਵੱਛਤਾ ਹੀ ਸੇਵਾ” ਦੇ ਸੰਦੇਸ਼ ਨੂੰ ਕਾਲਜ ਵਿੱਚ ਨਿਰੰਤਰ ਅੱਗੇ ਵਧਾਇਆ ਜਾਵੇਗਾ ਅਤੇ ਸਵੱਛ, ਹਰਿਆ-ਭਰਿਆ ਤੇ ਪਲਾਸਟਿਕ-ਮੁਕਤ ਕੈਂਪਸ ਬਣਾਉਣ ਲਈ ਸਾਂਝੇ ਯਤਨ ਜਾਰੀ ਰਹਿਣਗੇ।
- Download Babushahi App
-
-