ਹਿੰਦੀ ਦਿਵਸ ਮਨਾਇਆ ਗਿਆ
ਪ੍ਰਮੋਦ ਭਾਰਤੀ
ਸ੍ਰੀ ਅਨੰਦਪੁਰ ਸਾਹਿਬ 14 ਸਤੰਬਰ, 2026
ਸਰਕਾਰੀ ਕਾਲਜ ਮਹੈਣ , ਸ੍ਰੀ ਅਨੰਦਪੁਰ ਸਾਹਿਬ ਵਿਖੇ ਪ੍ਰਿੰਸੀਪਲ ਵਿਨੀਤਾ ਅਨੰਦ ਦੀ ਅਗਵਾਈ ਵਿਚ 14 ਸਤੰਬਰ ਨੂੰ ਹਿੰਦੀ ਦਿਵਸ ਮਨਾਇਆ ਗਿਆ । ਪ੍ਰੋ : ਵਿਪਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮੌਕੇ ਕਰਵਾਏ ਗਏ ਪ੍ਰੋਗਰਾਮ ਵਿਚ ਪਹਿਲੇ ਸਥਾਨ ਤੇ ਆਉਣ ਵਾਲੇ ਬੀ.ਏ ਭਾਗ ਤੀਜਾ ਦੇ ਜਸਕਰਨ ਸਿੰਘ ਅਤੇ ਸ਼ਿਖਾ ਰਾਨੀ ਨੇ ਕਿਹਾ ਕਿ 14 ਸਤੰਬਰ 1949 ਨੂੰ ਸੰਵਿਧਾਨ ਸਭਾ ਨੇ ਦੇਵਨਾਗਰੀ ਲਿਪੀ ਵਿੱਚ ਹਿੰਦੀ ਨੂੰ ਸੰਘ ਦੀ ਰਾਜਭਾਸ਼ਾ ਵਜੋਂ ਸਵੀਕਾਰ ਕੀਤਾ ਸੀ ਅਤੇ ਇਸ ਇਤਿਹਾਸਕ ਫ਼ੈਸਲੇ ਦੀ ਯਾਦ ਵਿੱਚ ਹਰ ਸਾਲ ਹਿੰਦੀ ਦਿਵਸ ਮਨਾਇਆ ਜਾਂਦਾ ਹੈ। ਭਾਰਤੀ ਸੰਵਿਧਾਨ ਦੇ ਅਨੁਛੇਦ 343 ਅਨੁਸਾਰ ਸੰਘ ਦੀ ਰਾਜਭਾਸ਼ਾ ਹਿੰਦੀ ਹੈ। 2011 ਦੀ ਜਨਗਣਨਾ ਅਨੁਸਾਰ ਲਗਭਗ 52.83 ਕਰੋੜ ਲੋਕਾਂ, ਅਰਥਾਤ ਦੇਸ਼ ਦੀ 43.63 ਫ਼ੀਸਦੀ ਆਬਾਦੀ, ਨੇ ਹਿੰਦੀ ਨੂੰ ਆਪਣੀ ਮਾਤ੍ਰਭਾਸ਼ਾ ਵਜੋਂ ਦਰਜ ਕੀਤਾ ਸੀ। ਇਸ ਮੌਕੇ ਦੂਜੇ ਸਥਾਨ ਤੇ ਆਉਣ ਵਾਲੀ ਬੀ. ਏ ਭਾਗ ਤੀਜਾ ਦੀ ਅਨੂੰ ਦੇਵੀ ਅਤੇ ਬੀ- ਏ ਭਾਗ ਦੂਜਾ ਦੀ ਜਸਨਦੀਪ ਕੌਰ ਨੇ ਕਿਹਾ ਕਿ ਹਿੰਦੀ ਸਾਹਿਤ ਬਹੁਤ ਵਿਸ਼ਾਲ ਹੈ । ਹਿੰਦੀ ਸਾਹਿਤ ਵਿਚ ਸੰਨ 1955 ਤੋਂ ਲੈ ਕੇ ਹੁਣ ਤੱਕ 500 ਤੋਂ ਵੱਧ ਪੁਸਤਕਾਂ ਲਿਖਿਆ ਜਾ ਚੁੱਕੀਆਂ ਹਨ। ਹਿੰਦੀ ਸਾਹਿਤਕ ਅਕਾਦਮੀ ਨੇ ਸੰਨ 2022 ਵਿਚ ਬਦਰੀ ਨਾਰਾਇਣ ਨੂੰ 'ਤੁਮੜੀ ਕੇ ਸ਼ਬਦ ' ਲਈ , 2023 ਵਿਚ ਸੰਜੀਵ ਨੂੰ 'ਮੁਝੇ ਪਹਿਚਾਨੋ ' ਲਈ , 2024 ਵਿਚ ਗਗਨ ਗਿੱਲ ਨੂੰ 'ਮੈਂ ਜਬ ਤੱਕ ਆਈ ਬਾਹਰ ' ਲਈ ਅਤੇ 2025 ਵਿਚ ਮਮਤਾ ਕਾਲੀਆ ਨੂੰ ‘ਜੀਤੇ ਜੀ ਇਲਾਹਾਬਾਦ’ ਲਈ ਅਕਾਦਮੀ ਸਾਹਿੱਤ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਹੈ। ਹੁਣ ਤੱਕ 11 ਸਾਹਿੱਤਕਾਰਾਂ ਸੁਮਿਤ੍ਰਾਨੰਦਨ ਪੰਤ, ਰਾਮਧਾਰੀ ਸਿੰਘ ‘ਦਿਨਕਰ’, ਸੱਚਿਦਾਨੰਦ ਹੀਰਾਨੰਦ ਵਾਤਸਿਆਯਨ ‘ਅਗ੍ਯੇਯ’, ਮਹਾਦੇਵੀ ਵਰਮਾ, ਨਰੇਸ਼ ਮਹਤਾ, ਨਿਰਮਲ ਵਰਮਾ, ਕੁੰਵਰ ਨਾਰਾਇਣ, ਅਮਰਕਾਂਤ, ਸ਼੍ਰੀਲਾਲ ਸ਼ੁਕਲ, ਕੇਦਾਰਨਾਥ ਸਿੰਘ ਅਤੇ ਕ੍ਰਿਸ਼ਨਾ ਸੋਬਤੀ ਨੂੰ ਭਾਰਤੀ ਗਿਆਨਪੀਠ ਪੁਰਸਕਾਰ ਮਿਲ ਚੁੱਕਾ ਹੈ। ਵਿਸ਼ਨੁ ਪ੍ਰਭਾਕਰ, ਵਿਦਿਆ ਨਿਵਾਸ ਮਿਸ਼ਰ, ਵਿਸ਼ਵਨਾਥ ਤ੍ਰਿਪਾਠੀ ਅਤੇ ਹੋਰ ਕਈ ਰਚਨਕਾਰਾਂ ਨੂੰ ਭਾਰਤੀ ਗਿਆਨਪੀਠ ਦਾ ਮੂਰਤੀਦੇਵੀ ਪੁਰਸਕਾਰ ਮਿਲ ਚੁੱਕਾ ਹੈ । ਇਸ ਮੌਕੇ ਤੀਜੇ ਸਥਾਨ ਤੇ ਆਉਣ ਵਾਲੀ ਬੀ.ਏ ਭਾਗ ਤੀਜਾ ਦੀ ਚਰਨਜੀਤ ਕੌਰ ਅਤੇ ਬੀ.ਏ ਭਾਗ ਦੂਜਾ ਦੀ ਕਾਜਲ ਨੇ ਕਿਹਾ ਕਿ ਹਿੰਦੀ ਸਾਹਿਤ ਨੇ ਕਵਿਤਾ, ਨਾਵਲ, ਕਹਾਣੀ, ਨਾਟਕ, ਆਲੋਚਨਾ, ਸੰਸਮਰਨ ਅਤੇ ਅਨੁਵਾਦ ਦੇ ਖੇਤਰਾਂ ਵਿੱਚ ਭਾਰਤੀ ਸਾਹਿਤ ਨੂੰ ਵਿਸ਼ਵ ਪੱਧਰ ’ਤੇ ਪਛਾਣ ਦਿਵਾਈ ਹੈ। ਅੱਜ ਡਿਜ਼ੀਟਲ ਯੁੱਗ, ਕੰਪਿਊਟਰ ਕੁਸ਼ਲਤਾ ਅਤੇ ਆਨਲਾਈਨ ਸਿੱਖਿਆ ਦੇ ਵਧਦੇ ਪ੍ਰਭਾਵ ਵਿਚ ਹਿੰਦੀ ਲਈ ਨਵੀਆਂ ਸੰਭਾਵਨਾਵਾਂ ਖੁੱਲ੍ਹ ਰਹੀਆਂ ਹਨ। ਹਿੰਦੀ ਦਿਵਸ ਦਾ ਮੂਲ ਸੰਦੇਸ਼ ਇਹ ਹੈ ਕਿ ਹਿੰਦੀ ਦੇ ਵਿਕਾਸ ਦੇ ਨਾਲ ਪੰਜਾਬੀ ਸਮੇਤ ਭਾਰਤ ਦੀਆਂ ਸਾਰੀਆਂ ਭਾਸ਼ਾਵਾਂ ਦਾ ਸਨਮਾਨ, ਸੰਰੱਖਣ ਅਤੇ ਵਿਕਾਸ ਵੀ ਯਕੀਨੀ ਬਣਾਇਆ ਜਾਵੇ, ਕਿਉਂਕਿ ਭਾਰਤ ਦੀ ਭਾਸ਼ਾਈ ਵਿਭਿੰਨਤਾ ਹੀ ਇਸ ਦੀ ਸੱਭਿਆਚਾਰਕ ਤਾਕਤ ਹੈ। ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਡਾ : ਦਿਲਰਾਜ ਕੌਰ , ਪ੍ਰੋ : ਬੌਬੀ ਅਤੇ ਪ੍ਰੋ ਸਰਨਦੀਪ ਦਾ ਯੋਗਦਾਨ ਸਲਾਘਾਯੋਗ ਸੀ ।
- Download Babushahi App
-
-